ਟਰੰਪ ਨੇ ਮਾਰੇ ਗਏ ਭਾਰਤੀ ਮੂਲ ਦੇ ਪੁਲਿਸ ਅਫ਼ਸਰ ਰੋਨਿਲ ਸਿੰਘ ਨੂੰ 'ਕੌਮੀ ਹੀਰੋ' ਐਲਾਨਿਆ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀਂ ਕੈਲੀਫ਼ੋਰਨੀਆ ਵਿਚ ਮਾਰੇ ਗਏ ਭਾਰਤੀ ਮੂਲ ਦੇ ਪੁਲਿਸ ਅਫ਼ਸਰ ਰੋਨਿਲ ਸਿੰਘ ਉਰਫ਼ ਰੌਨ ਨੂੰ 'ਕੌਮੀ ਹੀਰੋ' ਐਲਾਨ ਦਿਤਾ...

Ronil Singh

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀਂ ਕੈਲੀਫ਼ੋਰਨੀਆ ਵਿਚ ਮਾਰੇ ਗਏ ਭਾਰਤੀ ਮੂਲ ਦੇ ਪੁਲਿਸ ਅਫ਼ਸਰ ਰੋਨਿਲ ਸਿੰਘ ਉਰਫ਼ ਰੌਨ ਨੂੰ 'ਕੌਮੀ ਹੀਰੋ' ਐਲਾਨ ਦਿਤਾ ਹੈ। ਰੌਨ ਦੀ ਜਾਨ ਲੈਣ ਪਿੱਛੇ ਕਿਸੇ ਗ਼ੈਰ ਕਾਨੂੰਨੀ ਪ੍ਰਵਾਸੀ ਨੂੰ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜਾਨਵਰਾਂ ਵਾਂਗ ਕੀਤੇ ਇਸ ਕਤਲ ਨੇ ਹਰ ਅਮਰੀਕੀ ਦਾ ਦਿਲ ਤੋੜਿਆ ਹੈ। 33 ਸਾਲਾ ਰੋਨਿਲ ਸਿੰਘ ਨਿਊਮੈਨ ਪੁਲਿਸ ਵਿਭਾਗ ਵਿਚ ਮੁਲਾਜ਼ਮ ਸੀ। ਰੋਨਿਲ ਫ਼ਿਜ਼ੀ ਦਾ ਰਹਿਣ ਵਾਲਾ ਸੀ ਤੇ ਜੁਲਾਈ 2011 ਵਿਚ ਉਹ ਪੁਲਿਸ ਫ਼ੋਰਸ ਵਿਚ ਭਰਤੀ ਹੋਇਆ ਸੀ।

ਰੌਨ ਨੂੰ 26 ਦਸੰਬਰ ਨੂੰ ਕਥਿਤ ਰੂਪ ਵਿਚ ਕਿਸੇ ਗ਼ੈਰ ਕਾਨੂੰਨੀ ਪ੍ਰਵਾਸੀ ਨੇ ਟ੍ਰੈਫ਼ਿਕ ਸਟਾਪ 'ਤੇ ਗੋਲੀ ਮਾਰ ਦਿਤੀ ਸੀ। ਪੁਲਿਸ ਨੇ ਰੌਨ ਸਿੰਘ ਦੇ ਕਤਲ ਦੇ ਦੋਸ਼ ਵਿਚ 33 ਸਾਲਾ ਗ਼ੈਰ ਕਾਨੂੰਨੀ ਪ੍ਰਵਾਸੀ ਨੂੰ ਮੈਕਸਿਕੋ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਸ਼ਨਾਖ਼ਤ ਗੁਸਤਾਵੋ ਪੇਰੇਜ਼ ਵਜੋਂ ਹੋਈ ਹੈ। ਟਰੰਪ ਨੇ ਮਾਰੇ ਗਏ ਪੁਲਿਸ ਅਫ਼ਸਰ ਦੇ ਪ੍ਰਵਾਰ ਅਤੇ ਦੋਸਤਾਂ ਨਾਲ ਵੀ ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। 

ਰਾਸ਼ਟਰਪਤੀ ਨੇ ਗੋਲੀ ਚਲਾ ਕੇ ਅਫ਼ਸਰ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਗ਼ੈਰ ਕਾਨੂੰਨੀ ਏਲੀਅਨ ਕਿਹਾ। ਉਨ੍ਹਾਂ ਕਿਹਾ ਕਿ ਜਦ ਕ੍ਰਿਸਮਿਸ ਮੌਕੇ ਨੌਜਵਾਨ ਪੁਲਿਸ ਅਫ਼ਸਰ ਨੂੰ ਕਿਸੇ ਹਾਲ ਵਿਚ ਸਰਹੱਦ ਪਾਰ ਕਰ ਕੇ ਆਏ ਗ਼ੈਰ ਕਾਨੂੰਨੀ ਪ੍ਰਵਾਸੀ ਨੇ ਮਾਰਿਆ ਤਾਂ ਪੂਰੇ ਦੇਸ਼ ਦਾ ਦਿਲ ਦੁਖਿਆ। ਰੌਨ ਦੇ ਪ੍ਰਵਾਰ ਦੀ ਮਦਦ ਲਈ ਲੋਕਾਂ ਨੇ ਵੱਡੇ ਪੱਧਰ 'ਤੇ ਚੰਦਾ ਇਕੱਠਾ ਕੀਤਾ।               (ਪੀ.ਟੀ.ਆਈ)