ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸਾਹਿਬ ਦੇ ਮਾਣ ਨੂੰ ਉੱਚਾ ਚੁਕਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੰਗਤ ਦੀ ਹਾਜ਼ਰੀ ਵਿਚ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਹਿਤ ਨੂੰ....

Giani Harpreet Singh Jathedar Akal Takht Sahib

ਨਵੀਂ ਦਿੱਲੀ : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੰਗਤ ਦੀ ਹਾਜ਼ਰੀ ਵਿਚ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਹਿਤ ਨੂੰ ਬਿਹਾਰ ਦੇ ਮੁੱਖ ਮੰਤਰੀ ਦੀ ਖ਼ੁਸ਼ਾਮਦ ਕਰਨ ਦੇ ਮਾਮਲੇ ਵਿਚ ਸਜ਼ਾ ਸੁਣਾਏ ਜਾਣ 'ਤੇ ਟਿਪਣੀ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਤਿੰਨ ਸਾਬਕਾ ਮੈਂਬਰਾਂ ਪ੍ਰੋ.ਹਰਮਿੰਦਰ ਸਿੰਘ ਮੁਖਰਜੀ ਨਗਰ, ਸ.ਇੰਦਰਜੀਤ ਸਿੰਘ ਮੌਂਟੀ ਤੇ ਸ.ਸਰਨ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ, ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੀ ਪੁਰਾਤਨ ਰਵਾਇਤ ਨੂੰ ਸ਼ੁਰੂ ਕਰ ਕੇ, ਉਸਾਰੂ ਕੰਮ ਕੀਤਾ ਹੈ ਜਿਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਘੱਟ ਹੈ।

ਉਨ੍ਹਾਂ ਕਿਹਾ, ''ਪੁਰਾਤਨ ਕਾਲ ਤੋਂ 'ਜਥੇਦਾਰਾਂ' ਵਲੋਂ ਜਦੋਂ ਵੀ ਕਿਸੇ ਦੋਸ਼ੀ ਨੂੰ ਤਲਬ ਕੀਤਾ ਜਾਂਦਾ ਸੀ ਤਾਂ ਅਕਾਲ ਤਖ਼ਤ ਦੀ ਫ਼ਸੀਲ ਤੋਂ ਹੀ ਗੁਨਾਹਗਾਰ ਦੀਆਂ ਦਲੀਲਾਂ ਸੁਣਨ ਪਿਛੋਂ ਜਥੇਦਾਰ ਸਾਹਿਬ ਸੰਗਤ ਦੀ ਹਾਜ਼ਰੀ ਵਿਚ ਫ਼ੈਸਲੇ ਸੁਣਾਉਂਦੇ ਰਹੇ ਹਨ। ਪਰ ਪਿਛਲੇ ਲੰਬੇ ਅਰਸੇ ਤੋਂ 'ਜਥੇਦਾਰਾਂ' ਨੇ ਸਿਆਸੀ ਦਬਦਬੇ ਕਾਰਨ ਇਸ ਰੀਤ ਨੂੰ ਤਿਲਾਂਜਲੀ ਦੇ ਕੇ, ਬੰਦ ਕਮਰੇ ਜਿਸ ਨੂੰ ਅਕਾਲ ਤਖ਼ਤ ਦੇ ਸਕੱਤਰੇਤ ਦਾ ਨਾਂਅ ਦੇ ਕੇ, ਵਿਚ ਫ਼ੈਸਲੇ ਸੁਣਾਏ ਜਾਣ ਲੱਗ ਪਏ ਸਨ। ਬਹੁਤ ਸਾਰੇ ਸਿੱਖ ਬੁੱਧੀਜੀਵੀਆਂ ਤੇ ਸੰਗਤਾਂ ਨੇ ਇਸ ਮਾੜੀ ਪਿਰਤ ਵਿਰੁਧ ਆਵਾਜ਼ ਵੀ ਚੁਕੀ ਸੀ ਪਰ 'ਜਥੇਦਾਰਾਂ' ਉਤੇ ਕੋਈ ਅਸਰ ਨਾ ਹੋਇਆ।'' ਇਨ੍ਹਾਂ ਸਾਬਕਾ ਮੈਂਬਰਾਂ ਨੇ ਕਿਹਾ,

“ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ.ਦਰਸ਼ਨ ਸਿੰਘ ਨੇ ਮਾਮਲੇ ਵਿਚ ਵੀ ਉਦੋਂ ਦੇ ਜਥੇਦਾਰ ਨੇ ਅੜੀਅਲ ਵਤੀਰਾ ਧਾਰਨ ਕਰੀ ਰਖਿਆ ਕਿ ਸਕੱਤਰੇਤ ਵਿਚ ਪੇਸ਼ ਹੋਵੇ, ਜਦੋਂ ਕਿ ਪ੍ਰੋ.ਦਰਸ਼ਨ ਸਿੰਘ ਸੰਗਤਾਂ ਤੇ ਮੀਡੀਏ ਦੀ ਹਾਜ਼ਰੀ ਵਿਚ ਕਈ ਘੰਟੇ ਅਕਾਲ ਤਖ਼ਤ ਸਾਹਿਬ ਸਾਹਮਣੇ 'ਜਥੇਦਾਰਾਂ' ਦੀ ਉਡੀਕ ਕਰਦੇ ਰਹੇ, ਪਰ ਅਖ਼ੀਰ 'ਜਥੇਦਾਰਾਂ' ਨੇ ਉਨ੍ਹਾਂ ਨੂੰ ਪੰਥ ਵਿਚੋਂ ਛੇਕ ਕੇ, ਮਾੜੀ ਪਿਰਤ ਨੂੰ ਚਾਲੂ ਰਖਿਆ। ਇਸ ਦੇ ਉਲਟ ਹਾਲ ਹੀ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਸ.ਹਿਤ ਨੂੰ ਸੰਗਤ ਦੀ ਹਾਜ਼ਰੀ ਵਿਚ ਸਜ਼ਾ ਸੁਣਾਈ ਜਿਸ ਨਾਲ ਉਮੀਦ ਹੈ ਕਿ ਆਉਣ ਵਾਲੇ ਵੇਲੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਉੱਚਾ ਚੁਕਣ ਵਿਚ ਮਦਦ ਮਿਲੇਗੀ।''