Giani Harpreet Singh: ਨਵੇਂ ਜਥੇਦਾਰ ਵੱਲੋਂ ਸੇਵਾ ਸੰਭਾਲਣ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਤਿੱਖਾ ਹਮਲਾ
ਕਿਹਾ, 'ਨਾ ਗ੍ਰੰਥ ਹਾਜ਼ਰ, ਨਾ ਪੰਥ ਹਾਜ਼ਰ 'ਤੇ ਹੋ ਗਈ ਦਸਤਾਰਬੰਦੀ'
Giani Harpreet Singh: ਅੱਜ ਤੜਕਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਕੀਤੀ ਗਈ। ਜਿਥੇ ਉਨ੍ਹਾਂ ਦੀ ਸੇਵਾ ਸੰਭਾਲ ਦੀ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤੇ ਜਾ ਰਿਹਾ ਹੈ। ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਦਾ ਤਿੱਖਾ ਹਮਲਾ ਕਰਦਿਆਂ ਲਿਖਿਆ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ, ਨਾ ਗ੍ਰੰਥ ਹਾਜ਼ਰ, ਨਾ ਪੰਥ ਹਾਜ਼ਰ ਤੇ ਹੋ ਗਈ ਦਸਤਾਰਬੰਦੀ। ਭਗੌੜਿਆਂ ਦੀ ਟੰਗਣਾ ਮਨੌਤ ਗਿਆਨੀ ਹਰਪ੍ਰੀਤ ਸਿੰਘ ਬਾਰੇ ਚੀਕ ਚੀਕ ਕੇ ਆਖਦੀ ਸੀ ਕਿ ਇਸ ਨੇ ਮਰਿਆਦਾ ਦੀ ਉਲੰਘਣਾ ਕੀਤੀ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਬਾਰੇ ਵੀ ਦੋਸ਼ ਲਾਇਆ ਗਿਆ ਕਿ ਇਨ੍ਹਾਂ ਨੇ ਮਰਿਆਦਾ ਅਨੁਸਾਰ ਕਾਰਜ ਨਹੀ ਕੀਤੇ। ਹੁਣ ਅੱਜ ਕਿਹੜੀ ਮਰਿਆਦਾ ਦੀ ਪਾਲਣਾ ਹੋਈ। ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਹਾਜ਼ਰ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਸੀਨੀਅਰ ਮੀਤ ਪ੍ਰਧਾਨ ਹਾਜ਼ਰ, ਨਾ ਮੈਂਬਰ ਹਾਜ਼ਰ, ਨਾ ਦੂਜੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬ ਜਾਂ ਹੈੱਡ ਗ੍ਰੰਥੀ ਸਾਹਿਬ ਹਾਜ਼ਰ ਤੇ ਹੋ ਗਈ ਦਸਤਾਰ ਬੰਦੀ।