ਜਿਸ ਨੂੰ ਪੰਥ ਜਥੇਦਾਰ ਨਹੀਂ ਮੰਨਦਾ, ਉਹ ਪੰਥ ਸਬੰਧੀ ਕੋਈ ਫ਼ੈਸਲਾ ਨਾ ਦੇਵੇ: ਪੰਥਕ ਤਾਲਮੇਲ ਸੰਗਠਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦੂਜਾ ਕੀ ਇਕੱਲੇ ਵਿਅਕਤੀ ਨੂੰ ਅਧਿਕਾਰ ਹੈ ਕਿ ਉਹ ਸ਼ਬਦ ਕੀਰਤਨ ਸੁਣਨ ਤੇ ਸੁਣਾਉਣ ਵਾਲਿਆਂ ਵਿਰੁਧ ਕਾਰਵਾਈ ਕਰ ਸਕਦਾ ਹੈ?

giani kewal singh ji

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਗਿ: ਇਕਬਾਲ ਸਿੰਘ ਵਲੋਂ ਕੋਲਕਾਤਾ ਦੇ ਹੈੱਡ ਗ੍ਰੰਥੀ ਸਮੇਤ ਪੰਜ ਸਿੱਖਾਂ ਨੂੰ ਤਨਖ਼ਾਹੀਆ ਕਰਾਰ ਦਿਤੇ ਜਾਣ 'ਤੇ ਸਵਾਲ ਕੀਤਾ ਕਿ ਜਿਸ ਵਿਅਕਤੀ ਨੂੰ ਸਿੱਖ ਪੰਥ ਜਥੇਦਾਰ ਹੀ ਨਹੀਂ ਮੰਨਦਾ, ਉਸ ਨੂੰ ਕੀ ਅਧਿਕਾਰ ਹੈ ਕਿ ਉਹ ਪੰਥ ਸਬੰਧੀ ਕੋਈ ਫ਼ੈਸਲੇ ਦੇਵੇ। 
ਦੂਜਾ ਕੀ ਇਕੱਲੇ ਵਿਅਕਤੀ ਨੂੰ ਅਧਿਕਾਰ ਹੈ ਕਿ ਉਹ ਸ਼ਬਦ ਕੀਰਤਨ ਸੁਣਨ ਤੇ ਸੁਣਾਉਣ ਵਾਲਿਆਂ ਵਿਰੁਧ ਕਾਰਵਾਈ ਕਰ ਸਕਦਾ ਹੈ? ਜੇ ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਕਰਨ 'ਤੇ ਤਖ਼ਤਾਂ ਦੇ ਜਥੇਦਾਰਾਂ ਨੇ ਵੀ ਪਾਬੰਦੀ ਲਾਈ ਹੋਈ ਹੈ ਤਾਂ ਕੀ ਸਿੱਖ ਪੰਥ ਦੇ ਗੁਰਮਤੇ ਤਹਿਤ ਲਗਾਈ ਹੋਈ ਹੈ? ਬਿਨਾਂ ਸ਼ੱਕ ਪ੍ਰੋ. ਦਰਸ਼ਨ ਸਿੰਘ ਜਾਂ ਹੋਰ ਸੱਜਣ ਜਿਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿਤਾ ਹੋਇਆ ਜਾਂ ਛੇਕਿਆ ਹੋਇਆ ਹੈ, ਉਸ ਲਈ ਪੰਥ ਤੋਂ ਪ੍ਰਵਾਨਗੀ ਨਹੀਂ ਲਈ ਹੋਈ। ਇਹ ਸਾਰਾ ਵਰਤਾਰਾ ਪੰਥਕ ਸਿਧਾਂਤਾਂ ਦੇ ਵਿਰੁਧ ਰਾਜਨੀਤੀ ਅਧੀਨ ਵਰਤਿਆ ਹੋਇਆ ਹੈ ਅਤੇ ਅਖੌਤੀ ਜਥੇਦਾਰਾਂ ਵਲੋਂ ਨਿਤ ਅਖੌਤੀ ਰਸਤੇ ਅਖ਼ਤਿਆਰ ਕੀਤੇ ਜਾ ਰਹੇ ਹਨ।

ਇਸੇ ਦਾ ਸਿੱਟਾ ਹੈ ਕਿ ਸਿੱਖ ਸੰਗਤ ਅਜਿਹੇ ਵਰਤਾਰੇ ਦੇ ਪਾਤਰਾਂ ਨੂੰ ਜ਼ੀਰੋ ਸਮਝ ਕੇ ਅਪਣੇ ਅਸਲ ਹੀਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ 'ਤੇ ਕੇਂਦ੍ਰਿਤ ਰਹਿਣ ਲਈ ਹੋਰ ਦ੍ਰਿੜ ਹੋ ਰਹੀਆਂ ਹਨ।ਸੰਗਠਨ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਖੌਤੀ ਜਥੇਦਾਰਾਂ ਦੀਆਂ ਮਨਮਾਨੀਆਂ ਦੀ ਪਰਵਾਹ ਨਾ ਕਰਦਿਆਂ ਆਪਸੀ ਸਾਂਝ ਤੇ ਮਿਲਵਰਤਣ ਨਾਲ ਸੇਵਾ-ਸਿਮਰਨ ਦੇ ਲਾਹੇ ਲੈਣ ਦਾ ਸਿਦਕ ਨਿਭਾਉਣ। ਪੰਥਕ ਤਾਲਮੇਲ ਸੰਗਠਨ ਦੀਆਂ ਭਾਰੀ ਗਿਣਤੀ ਵਿਚ ਜਥੇਬੰਦੀਆਂ ਕਈ ਵਰ੍ਹੇ ਪਹਿਲਾਂ ਇਸ ਜਥੇਦਾਰ ਦੇ ਬਾਈਕਾਟ ਬਾਰੇ ਲਿਖਤੀ ਜਾਣਕਾਰੀ ਅਕਾਲ ਤਖ਼ਤ 'ਤੇ ਦਰਜ ਕਰਵਾ ਚੁਕੀਆਂ ਹਨ। ਜੇ ਕੋਈ ਸੱਜਣ ਅਜਿਹੀਆਂ ਕਾਰਵਾਈਆਂ ਤੋਂ ਜ਼ਲੀਲ ਹੋ ਕੇ ਧਰਮ ਪਰਿਵਰਤਨ ਦਾ ਵਿਚਾਰ ਪੇਸ਼ ਕਰਦਾ ਹੈ ਤਾਂ ਇਹ ਉਸ ਦੀ ਸਬਰ ਸਿਦਕ ਦੀ ਭਾਰੀ ਕਮਜ਼ੋਰੀ ਹੈ।