Panthak News: ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਘਰ-ਘਰ ਪਹੁੰਚਾਵਾਂਗੇ : ਗਿਆਨੀ ਰਘਬੀਰ ਸਿੰਘ
Panthak News: ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੂ ਹਲੇਮੀਆਂ ਤੇ ਮੁਹੱਬਤਾਂ ਦੀ ਲਹਿਰ ਇਟਲੀ ਪੁੱਜੀ
ਪਾਰਮਾ (ਦਲਜੀਤ ਮੱਕੜ) : ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਅਪਣੀਆਂ 4 ਉਦਾਸੀਆਂ ਰਾਹੀਂ ਪਿਆਰ ਤੇ ਸਤਿਕਾਰ ਭਰੇ ਜੀਵਨ ਜਿਊਣ ਦਾ ਉਪਦੇਸ਼ ਦਿਤਾ। ਗੁਰੂ ਸਾਹਿਬ ਦੇ ਇਨ੍ਹਾਂ ਉਪਦੇਸ਼ਾਂ ਨੂੰ ਘਰ-ਘਰ ਪਹੁੰਚਾਉਣ ਲਈ ਹਰ ਸਿੱਖ ਲਾਮਬੰਦ ਹੋਵੇ। ਇਸ ਲਈ ਸ੍ਰੀ ਗੁਰੁ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੂਰਬ ਮੌਕੇ ਨਵੰਬਰ 2024 ਵਿਚ ਸ੍ਰੀ ਦਰਬਾਰ ਸਾਹਿਬ ਤੋਂ ਹਲੇਮੀਆਂ ਤੇ ਮੁਹੱਬਤਾਂ ਦੀ ਲਹਿਰ ਸ਼ੁਰੂ ਕੀਤੀ ਗਈ। ਉਸ ਦੇ ਅਗਲੇ ਪੜਾਅ ਲਈ ਇਹ ਲਹਿਰ ਯੂਰਪੀਅਨ ਦੇਸ਼ ਇਟਲੀ ਦੇ ਸ਼ਹਿਰ ਪਾਰਮਾ ਪਹੁੰਚੀ।
ਅੰਮ੍ਰਿਤਸਰ ਤੋਂ ਆਰੰਭ ਹੋਈ ਇਸ ਲਹਿਰ ਨੂੰ ਪੰਜ ਤਖ਼ਤਾਂ ਦੇ ਜੱਥੇਦਾਰਾਂ ਵਲੋਂ ਪੂਰੇ ਸੰਸਾਰ ਵਿਚ ਪਹੁੰਚਾਉਣ ਦਾ ਪ੍ਰਣ ਕੀਤਾ ਗਿਆ ਸੀ। ਇਸੇ ਲੜੀ ਤਹਿਤ ਹੁਣ ਇਹ ਲਹਿਰ ਇਟਲੀ ਦੇ ਸ਼ਹਿਰ ਪਾਰਮਾ ਪਹੁੰਚੀ। ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਸਮੁੱਚੀ ਕਾਇਨਾਤ ਨੂੰ ਮੁਹੱਬਤੀ ਤੇ ਹਲੇਮੀ ਰੰਗ ਵਿਚ ਰੰਗਣ ਲਈ ਸਾਬਕਾ ਜੱਥੇਦਾਰ ਗਿਆਨੀ ਰਘਵੀਰ ਸਿੰਘ, ਸਾਬਕਾ ਜੱਥੇਦਾਰ ਗਿਆਨੀ ਸੁਲਤਾਨ ਸਿੰਘ ਸਮੇਤ ਵੱਖ-ਵੱਖ ਧਰਮਾਂ ਦੇ ਪ੍ਰਤਿਨਿਧ ਪਹੁੰਚੇ।
ਇਸ ਮੌਕੇ ਭਾਈ ਰਘਬੀਰ ਸਿੰਘ ਨੇ ਕਿਹਾ ਕਿ ਮਹਾਨ ਸਿੱਖ ਧਰਮ ਦੁਨੀਆਂ ਦਾ ਅਜਿਹਾ ਧਰਮ ਹੈ ਜਿਸ ਵਿਚ ਸਰਬ ਸਾਂਝੀਵਾਲਤਾ ਦਾ ਸਬਕ ਹਰ ਸਿੱਖ ਨੂੰ ਲਾਜ਼ਮੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਰੀ ਲੋਕਾਈ ਨੂੰ ਪਿਆਰ ਭਰਿਆ ਸੰਦੇਸ਼ ‘ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ’ ਲੈ ਕੇ ਸਾਰੀ ਦੁਨੀਆਂ ਵਿਚ ਫੈਲਾਉਣਾ ਹਰ ਸਿੱਖ ਦਾ ਇਖਲਾਕੀ ਫ਼ਰਜ਼ ਅਤੇ ਜ਼ਿੰਮੇਵਾਰੀ ਹੈ। ਇਹ ਲਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਲੈ ਕੇ ਹਰ ਘਰ ਜਾਵੇਗੀ। ਇਸ ਮੁਹੱਬਤਾਂ ਤੇ ਹਲੇਮੀਆਂ ਲਹਿਰ ਪ੍ਰੋਗਰਾਮ ਨੂੰ ਸੰਗਤਾਂ ਵਲੋਂ ਇਟਲੀ ਵਿਚ ਭਰਪੂਰ ਹੁੰਗਾਰਾ ਮਿਲਿਆ ਤੇ ਆਈ ਸਭ ਸੰਗਤ ਲਈ ਬਾਬੇ ਨਾਨਕ ਦੇ ਲੰਗਰ ਅਟੁੱਟ ਵਰਤੇ।