'ਮਤਭੇਦ ਦਾ ਮਤਲਬ ਇਹ ਨਹੀਂ ਕਿ ਹਮਲੇ ਕਰੋ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਈ ਅਰਮੀਕ ਸਿੰਘ 'ਤੇ ਹਮਲੇ ਦਾ ਮਾਮਲਾ

Bhai Amrik Singh attack case

ਤਰਨਤਾਰਨ,  ਪੰਥਕ ਤਾਲਮੇਲ ਸੰਗਠਨ ਨੇ ਪ੍ਰਚਾਰਕ ਭਾਈ ਅਮਰੀਕ ਸਿੰਘ ਨਾਲ ਲੰਡਨ ਦੇ ਗੁਰੂ ਘਰ ਵਿਚ ਹੋਈ ਮਾਰ ਕੁਟਾਈ, ਉਨ੍ਹਾਂ ਦੀ ਦਸਤਾਰ ਲਾਹੇ ਜਾਣ ਦੀ ਨਿਖੇਧੀ ਕਰਦਿਆਂ ਇਸ ਨੂੰ ਕੌਮੀ ਦਸਤਾਰ 'ਤੇ ਹਮਲਾ ਕਰਾਰ ਦਿਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਅਕਾਲ ਪੁਰਖ ਕੀ ਫ਼ੌਜ ਦੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ, ਕੈਪਟਨ ਯਸ਼ਪਾਲ ਸਿੰਘ ਦਿਲੀ, ਰਾਣਾ ਇੰਦਰਜੀਤ ਸਿੰਘ ਅਤੇ ਅਰਵਿੰਦਰ ਸਿੰਘ ਨੇ ਕਿਹਾ ਕਿ ਇਹ ਭਰਾ ਮਾਰੂ ਜੰਗ ਨਹੀਂ ਬਲਕਿ ਇਕ ਧਿਰ ਦੀ ਗੁੰਡਾਗਰਦੀ ਹੈ। ਆਗੂਆਂ ਨੇ ਕਿਹਾ ਕਿ ਵਿਚਾਰਕ ਮਤਭੇਦ ਹੋਣ ਦਾ ਮਤਲਬ ਇਹ ਨਹੀਂ ਕਿ ਕਿਸੇ ਦੀ ਦੀ ਦਸਤਾਰ ਲਾਹ ਦਿਤੀ ਜਾਵੇ ਅਤੇ ਉਸ ਦੀ ਕੁੱਟਮਾਰ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਦੀ ਚੁੱਪ ਸੰਕੇਤ ਕਰਦੀ ਹੈ ਕਿ ਇਸ ਵਿਚ ਉਨ੍ਹਾਂ ਦੀ ਰਜ਼ਾਮੰਦੀ ਵੀ ਸ਼ਾਮਲ ਹੈ। ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਇਕ ਪਾਸੇ ਅਸੀਂ ਸੁਪਰੀਮ ਕੋਰਟ ਨਾਲ ਦਸਤਾਰ ਮਾਮਲੇ ਤੇ ਗਲ ਕਰ ਰਹੇ ਹਾਂ ਤੇ ਦੂਜੇ ਪਾਸੇ ਪੰਥਕ ਇਕਸੁਰਤਾ ਦੀ ਦੁਹਾਈ ਦੇਣ ਵਾਲਿਆਂ ਦੀਆਂ ਦਸਤਾਰਾਂ ਰੋਲ ਰਹੇ ਹਾਂ। ਗਿ. ਕੇਵਲ ਸਿੰਘ ਨੇ ਕਿਹਾ ਕਿ ਮਿਲ ਬੈਠ ਕੇ ਗੱਲ ਕਰਨ ਦਾ ਰੁਝਾਨ ਖ਼ਤਮ ਹੋ ਗਿਆ ਹੈ। ਦਸਤਾਰ ਦੇ ਸਤਿਕਾਰ ਦੀ ਬਹਾਲੀ ਲਈ ਜੂਝਣ ਦੀ ਗੱਲ ਕਰਨ ਦੀ ਬਜਾਏ ਸਾਡੇ ਕੁੱਝ ਵੀਰ ਦਸਤਾਰਾਂ ਰੋਲਣ ਵਲ ਲੱਗੇ ਹੋਏ ਹਨ।