ਫ਼ਿਲਮ ਨਾਨਕਸ਼ਾਹ ਫ਼ਕੀਰ ਮਾਮਲਾ ਪ੍ਰਗਟਾਵਿਆਂ ਨੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਕਟਹਿਰੇ 'ਚ ਖੜੇ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਿਵਾਦਤ ਫ਼ਿਲਮ ਨਾਨਕਸ਼ਾਹ ਫ਼ਕੀਰ ਮਾਮਲੇ ਤੇ ਕੁੱਝ ਹੋਰ ਹੋਏ ਅਹਿਮ ਪ੍ਰਗਟਾਵਿਆਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਕਟਹਿਰੇ ਵਿਚ ਖੜਾ ਕਰ ਦਿਤਾ ਹੈ।ਸ਼੍ਰੋਮਣੀ ਕਮੇਟੀ...

Nanak Shah Fakir

ਤਰਨਤਾਰਨ,ਵਿਵਾਦਤ ਫ਼ਿਲਮ ਨਾਨਕਸ਼ਾਹ ਫ਼ਕੀਰ ਮਾਮਲੇ ਤੇ ਕੁੱਝ ਹੋਰ ਹੋਏ ਅਹਿਮ ਪ੍ਰਗਟਾਵਿਆਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਕਟਹਿਰੇ ਵਿਚ ਖੜਾ ਕਰ ਦਿਤਾ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਦੇ ਕਾਰਜਕਾਲ ਵਿਚ ਉਠੇ ਇਸ ਵਿਵਾਦ ਤੋਂ ਬਾਅਦ ਇਕ ਸਬ ਕਮੇਟੀ ਦਾ ਗਠਨ ਕੀਤਾ ਸੀ। ਫ਼ਿਲਮ ਮਾਮਲੇ 'ਤੇ ਹੀ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਪੰਥ 'ਚੋਂ ਵੀ ਛੇਕ ਦਿਤਾ ਗਿਆ ਸੀ। ਇਸ ਮਾਮਲੇ ਤੇ ਰੋਜ਼ ਨਿਤ ਨਵੇਂ ਇੰਕਸਾਫ਼ ਹੋ ਰਹੇ ਹਨ। ਅੱਜ ਰੋਜ਼ਾਨਾ ਸਪੋਕਸਮੈਨ ਦੇ ਹੱਥ ਲਗੇ ਕੁੱਝ ਦਸਤਾਵੇਜ਼ ਵੇਖ ਕੇ ਲਗਦਾ ਹੈ ਕਿ ਇਸ ਮਾਮਲੇ ਤੇ ਅਧਿਕਾਰੀਆਂ ਦਾ ਜਿੰਨਾਂ ਕਸੂਰ ਦਸਿਆ ਜਾ ਰਿਹਾ ਹੈ, ਉਸ ਤੋਂ ਕਿਤੇ ਜ਼ਿਆਦਾ ਜ਼ਿੰਮੇਵਾਰੀ ਇਸ ਮਾਮਲੇ 'ਤੇ ਬਣੀ ਸਬ ਕਮੇਟੀ ਵਿਚ ਸ਼ਾਮਿਲ ਅੰਤ੍ਰਿਗ ਕਮੇਟੀ ਮੈਂਬਰ ਰਾਜਿੰਦਰ ਸਿੰਘ ਮਹਿਤਾ ਦੀ ਸੀ।ਦਸਤਾਵੇਜ਼ ਦਸਦੇ ਹਨ ਕਿ ਮਹਿਤਾ ਜੇ ਸਿੱਕਾ ਦੀ ਸਿਫ਼ਾਰਸ਼ ਨਾ ਕਰਦੇ ਤਾਂ ਇਹ ਮਾਮਲਾ ਤੁਲ ਹੀ ਨਹੀਂ ਸੀ ਫੜ ਸਕਦਾ। ਸਬ ਕਮੇਟੀ ਨੇ ਇਸ ਫ਼ਿਲਮ ਨੂੰ ਵੇਖਣ ਤੋਂ ਬਾਅਦ ਇਸ 'ਤੇ 48 ਦੇ ਕਰੀਬ ਇਤਰਾਜ਼ ਲਗਾਏ ਸਨ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਗੁਰੂ ਨਾਨਕ ਸਾਹਿਬ ਦੀ ਇਮੇਜ ਨੂੰ ਹਟਾਇਆ ਜਾਵੇ ਜਾਂ ਕੁੱਝ ਸੀਨਾਂ ਵਿਚੋਂ ਗੁਰੂ ਸਾਹਿਬ ਦੀ ਇਮੇਜ ਨੂੰ ਫ਼ਰੇਮ ਵਿਚੋਂ ਬਾਹਰ ਕੀਤਾ ਜਾਵੇ। ਸਿੱਕਾ ਨੂੰ ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਦੇ ਦਸਤਖ਼ਤ ਹੇਠ ਜਾਰੀ ਪਤਰ ਵਿਚ ਕਿਹਾ ਗਿਆ ਸੀ ਕਿ ਸਿੱਕਾ ਇਤਰਾਜ਼ ਹਟਾ ਕੇ ਸਬ ਕਮੇਟੀ ਨੂੰ ਮੁੜ ਫ਼ਿਲਮ ਵਿਖਾ ਕੇ ਕੋਈ ਇਤਰਾਜ਼ ਨਹੀਂ ਦਾ ਸਰਟੀਫ਼ਿਕੇਟ ਹਾਸਲ ਕਰੇ। 20 ਫ਼ਰਵਰੀ 2016 ਨੂੰ ਜਦ ਇਹ ਪੱਤਰ ਤਿਆਰ ਹੋ ਗਿਆ ਤੇ ਇਸ ਤੇ ਫ਼ਿਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਸੂਚਿਤ ਕੀਤਾ ਗਿਆ। 24 ਫ਼ਰਵਰੀ 2016 ਨੂੰ ਸਿੱਕਾ ਨੂੰ ਇਹ ਪੱਤਰ ਜਾਰੀ ਕੀਤਾ ਗਿਆ।

ਸਿੱਕਾ ਨੇ ਕਮੇਟੀ ਮੈਬਰਾਂ ਨੂੰ ਦਸਿਆ ਕਿ ਉਸ ਦੇ ਬੈਂਕ ਤੋਂ ਕਰਜ਼ ਲੈਣ ਲਈ ਉਸ ਨੂੰ ਕੋਈ ਇਤਰਾਜ਼ ਨਹੀਂ ਦਾ ਸਰਟੀਫ਼ਿਕੇਟ ਜ਼ਰੂਰੀ ਲੋੜੀਂਦਾ ਹੈ। ਉਹ ਕਮੇਟੀ ਨਾਲ ਵਾਅਦਾ ਕਰਦੇ ਹਨ ਕਿ ਉਹ ਕਮੇਟੀ ਵਲੋਂ ਦਸੇ ਸਾਰੇ ਇਤਰਾਜ਼ ਦੂਰ ਕਰ ਕੇ ਇਹ ਫ਼ਿਲਮ ਕਮੇਟੀ ਨੂੰ ਵਿਖਾ ਕੇ ਹੀ ਰਿਲੀਜ਼ ਕਰਨਗੇ। ਦਸਤਾਵੇਜ਼ ਦਸਦੇ ਹਨ ਕਿ ਸਿੱਕਾ ਨੇ ਹੀ ਕਮੇਟੀ ਨੂੰ ਇਹ ਲਿਖ ਕੇ ਵੀ ਦੇ ਦਿਤਾ। ਸਿੱਕਾ ਦੇ ਪੱਤਰ ਤੇ ਸਬ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਰਾਜਿੰਦਰ ਸਿੰਘ ਮਹਿਤਾ ਨੇ ਸਿਫ਼ਾਰਸ਼ ਵੀ ਕਰ ਦਿਤੀ। ਉਨ੍ਹਾਂ ਲਿਖਿਆ ਕਿ ਪ੍ਰਧਾਨ ਸਾਹਿਬ ਨਾਲ ਹੋਈ ਗੱਲਬਾਤ ਤੇ ਸਹਿਮਤੀ ਨਾਲ ਹਰਿੰਦਰ ਸਿੰਘ ਸਿੱਕਾ ਨੂੰ ਕੋਈ ਇਤਰਾਜ਼ ਨਹੀਂ ਦਾ ਸਰਟੀਫ਼ਿਕੇਟ ਜਾਰੀ ਕਰ ਦੇਣਾ ਚਾਹੀਦਾ ਹੈ। ਮਹਿਤਾ ਦੀ ਸਿਫ਼ਾਰਸ਼ ਤੋਂ ਬਾਅਦ ਹੀ ਉਸ ਵੇਲੇ ਦੇ ਮੁੱਖ ਸਕੱਤਰ ਨੇ ਸਿੱਕਾ ਨੂੰ ਪੱਤਰ ਜਾਰੀ ਕਰ ਦਿਤਾ ਸੀ। ਇਸ ਸਬੰਧੀ ਰਾਜਿੰਦਰ ਸਿੰਘ ਮਹਿਤਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਸਬ ਕਮੇਟੀ ਦੇ ਮੈਂਬਰਾਂ ਦੀ ਰਾਏ ਮੁਤਾਬਕ ਹੀ ਲਿਖਿਆ ਹੋਵੇਗਾ। ਪ੍ਰਧਾਨ ਸ਼੍ਰੋਮਣੀ ਕਮੇਟੀ ਤੋਂ ਬਾਅਦ ਮੁੱਖ ਸਕੱਤਰ ਜ਼ਿੰਮੇਵਾਰ ਹੁੰਦੇ ਹਨ ਤੇ ਉਹ ਚਾਹੁੰਦੇ ਤੇ ਉਹ ਦਸਤਾਵੇਜ਼ ਰੋਕ ਸਕਦੇ ਸਨ। ਉਨ੍ਹਾਂ ਕਿਹਾ ਕਿ ਜੋ ਦਸਤਾਵੇਜ਼ ਦਸੇ ਜਾ ਰਹੇ ਹਨ ਉਹ ਆਫ਼ਿਸ ਨੋਟ ਹੈ ਤੇ ਆਫ਼ਿਸ ਨੋਟ ਦੀ ਕੋਈ ਅਹਿਮੀਅਤ ਨਹੀਂ ਹੁੰਦੀ।