ਬਖ਼ਸ਼ੀਸ਼ ਸਿੰਘ ਨੂੰ ਵੀ ਰਾਜ ਮੰਤਰੀ ਬਣਾਏ ਖੱਟਰ ਸਰਕਾਰ : ਨਲਵੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚੰਡੀਗੜ੍ਹ,  ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀਦਾਰ ਸਿੰਘ ਨਲਵੀ ਨੇ ਹਰਿਆਣਾ ਸਰਕਾਰ ਦੇ ਤਾਜ਼ਾ ਫ਼ੈਸਲੇ ਜਿਸ ਮੁਤਾਬਕ ਆਜ਼ਾਦ ...

Didar Singh Nalvi

ਚੰਡੀਗੜ੍ਹ,  ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀਦਾਰ ਸਿੰਘ ਨਲਵੀ ਨੇ ਹਰਿਆਣਾ ਸਰਕਾਰ ਦੇ ਤਾਜ਼ਾ ਫ਼ੈਸਲੇ ਜਿਸ ਮੁਤਾਬਕ ਆਜ਼ਾਦ ਵਿਧਾਇਕ ਰਹੀਸ਼ ਖ਼ਾਨ ਨੂੰ ਰਾਜ ਮੰਤਰੀ ਦਾ ਅਹੁਦਾ ਦਿਤਾ ਗਿਆ ਹੈ, ਦੀ ਸ਼ਲਾਘਾ ਕਰਦਿਆਂ ਇਸ ਨਿਯੁਕਤੀ ਲਈ ਹਰਿਆਣਾ ਸਰਕਾਰ ਅਤੇ ਰਹੀਸ਼ ਖ਼ਾਨ ਨੂੰ ਵਧਾਈ ਦਿਤੀ ਹੈ। ਉਨ੍ਹਾਂ ਕਿਹਾ ਕਿ ਇਹ ਖ਼ੁਸ਼ੀ ਵਾਲੀ ਗੱਲ ਹੈ ਕਿ ਹਰਿਆਣਾ ਸਰਕਾਰ ਨੇ ਰਹੀਸ਼ ਖ਼ਾਨ ਨੂੰ ਰਾਜ ਮੰਤਰੀ ਦਾ ਅਹੁਦਾ ਦੇ ਕੇ ਘੱਟਗਿਣਤੀਆਂ ਦੀ ਰਾਜਨੀਤਕ ਹੋਂਦ ਨੂੰ ਪ੍ਰਵਾਨ ਕੀਤਾ ਹੈ। ਨਾਲ ਹੀ ਨਲਵੀ ਨੇ ਵਿਚਾਰ ਪ੍ਰਗਟ ਕੀਤਾ ਕਿ ਅਸੰਧ ਤੋਂ ਸਿੱਖ ਵਿਧਾਇਕ ਬਖ਼ਸ਼ੀਸ਼ ਸਿੰਘ ਵਿਰਕ ਨੂੰ ਵੀ ਰਾਜ ਮੰਤਰੀ ਦਾ ਅਹੁਦਾ ਨਾਲੋ-ਨਾਲ ਦਿਤਾ ਜਾਣਾ ਚਾਹੀਦਾ ਸੀ। ਅਜਿਹਾ ਨਾ ਕਰ ਕੇ ਖੱਟਰ ਸਰਕਾਰ ਨੇ ਸਿੱਖਾਂ ਨਾਲ ਵਿਤਕਰਾ ਕੀਤਾ ਹੈ। ਖੱਟਰ ਸਰਕਾਰ ਵਲੋਂ ਸਿੱਖਾਂ ਨਾਲ ਕਥਿਤ ਤੌਰ 'ਤੇ ਕੀਤੇ ਜਾ ਰਹੇ ਵਿਤਕਰੇ ਦੀਆਂ ਮਿਸਾਲਾਂ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਹੁੱਡਾ ਸਰਕਾਰ ਨੇ 2014 ਵਿਚ ਹਰਿਆਣੇ ਦੀ ਵਖਰੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸਿੱਖ ਜੁਡੀਸ਼ੀਅਲ ਕਮਿਸ਼ਨ ਅਤੇ ਘੱਟਗਿਣਤੀ ਕਮਿਸ਼ਨ ਦੀ ਸਥਾਪਨਾ ਕੀਤੀ ਸੀ ਪਰ ਖੱਟਰ ਸਰਕਾਰ ਨੇ ਇਨ੍ਹਾਂ ਸਾਰੀਆਂ ਸੰਸਥਾਵਾਂ ਦੀ ਹੋਂਦ ਨੂੰ ਖ਼ਤਮ ਕਰ ਦਿਤਾ ਹੈ।

ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਨੇ ਸੂਬੇ ਦੇ ਸਾਰੇ ਸਿੱਖਾਂ ਦੀ ਮੁਕੰਮਲ ਤੌਰ 'ਤੇ ਅਣਦੇਖੀ ਕੀਤੀ ਹੋਈ ਹੈ ਜਿਸ ਕਾਰਨ ਸੂਬੇ ਦੇ ਸਿੱਖਾਂ ਅੰਦਰ ਭਾਰੀ ਰੋਸ ਹੈ। 
ਨਲਵੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਹਰਿਆਣੇ ਦੇ ਸਿੱਖਾਂ ਨਾਲ ਸਬੰਧਤ ਮਸਲਿਆਂ ਬਾਰੇ ਵਿਚਾਰ ਹਿੱਤ ਮੁਲਾਕਾਤ ਲਈ ਕਈ ਵਾਰ ਸਮਾਂ ਮੰਗਿਆ ਸੀ ਪਰ ਉਨ੍ਹਾਂ ਨੇ ਇਸ ਸਬੰਧੀ ਮੁਕੰਮਲ ਚੁੱਪ ਵੱਟੀ ਹੋਈ ਹੈ ਜਿਹੜੀ ਲੋਕਤੰਤਰ ਵਿਚ ਵਾਜਬ ਨਹੀਂ।ਸੂਬੇ ਦੇ ਸਿੱਖਾਂ ਦੀ ਭਲਾਈ ਲਈ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀਆਂ ਤਾਜ਼ਾ ਗਤੀਵਿਧੀਆਂ ਬਾਰੇ ਪੁੱਛੇ ਜਾਣ 'ਤੇ ਨਲਵੀ ਨੇ ਕਿਹਾ ਕਿ ਉਨ੍ਹਾਂ ਨੇ ਅਪਣੀ ਵਖਰੀ ਹਰਿਆਣਾ ਜਨਤਾ ਅਕਾਲੀ ਦਲ ਨਾਂ ਦੀ ਰਾਜਨੀਤਕ ਪਾਰਟੀ ਅਤੇ ਹਰਿਆਣਾ ਸਿੱਖ ਪੰਥਕ ਏਕਤਾ ਨਾਮੀ ਧਾਰਮਕ ਸੰਸਥਾ ਬਣਾ ਲਈ ਹੈ ਜਿਸ ਕਾਰਨ ਸਿੱਖਾਂ ਵਿਚ ਇਹ ਸੁਨੇਹਾ ਗਿਆ ਹੈ ਕਿ ਹੁਣ ਉਨ੍ਹਾਂ ਨੂੰ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਂ ਦੀ ਸੰਸਥਾ ਨਾਲ ਕੋਈ ਸਰੋਕਾਰ ਨਹੀਂ ਤੇ ਇਸ ਕਾਰਨ ਹਰਿਆਣੇ ਦੇ ਸਿੱਖਾਂ ਅੰਦਰ ਬਹੁਤ ਮਾਯੂਸੀ ਹੈ।