'ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ ਸ਼ੁਰੂ ਹੋਇਆ ਸਿੱਖ ਇਤਿਹਾਸ ਦਾ ਘਾਣ' 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਵਲੋਂ ਹਿੰਦੀ 'ਚ ਪ੍ਰਕਾਸ਼ਿਤ ਸਿੱਖ ਇਤਿਹਾਸ ਅਤੇ ਗੁਰਲਿਬਾਸ ਪਾਤਸ਼ਾਹੀ 6'ਚ ਗੁਰੂ ਸਾਹਿਬਾਨ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਅਤੇ ਦਾਅਵਿਆਂ ਦਾ ਮੁੱਦਾ ਮੁੜ ਉਠਿ

History Book Case

ਚੰਡੀਗੜ੍ਹ,  ਪੰਜਾਬ ਵਿਚ ਸਕੂਲੀ ਸਿਲੇਬਸ 'ਚ ਸਿੱਖ ਇਤਿਹਾਸ ਨਾਲ ਛੇੜਛਾੜ ਅਤੇ ਨਾਂਹ ਪੱਖੀ ਬਦਲਾਵਾਂ ਦੇ ਮੁੱਦੇ ਉਤੇ ਉਪਜੇ ਵਿਵਾਦ ਦੌਰਾਨ ਹੀ ਇਹ ਤੱਥ ਵੀ ਮੁੜ ਉਜਾਗਰ ਹੋਣ ਲਗੇ ਹਨ ਕਿ ਸਿੱਖ ਇਤਿਹਾਸ ਦਾ ਇਹ ਲਿਖਤੀ ਘਾਣ ਕਿਤੇ ਨਾ ਕਿਤੇ ਸਿੱਖਾਂ ਦੀ ਪ੍ਰਬੰਧਕੀ ਸੰਸਥਾ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ 'ਸਰਪ੍ਰਸਤੀ' ਹੇਠ ਹੀ ਵਰ੍ਹਿਆਂ ਪਹਿਲਾਂ ਸ਼ੁਰੂ ਹੋ ਗਿਆ ਸੀ। ਯੂਨਾਈਟਿਡ ਸਿੱਖ ਮੂਵਮੈਂਟ ਨਾਮੀਂ ਜਥੇਬੰਦੀ ਨੇ ਅੱਜ ਇਥੇ ਇਕ ਪ੍ਰੱੈਸ ਕਾਨਫ਼ਰੰਸ ਦੌਰਾਨ ਸ਼੍ਰੋਮਣੀ ਕਮੇਟੀ ਖ਼ਾਸ ਕਰ ਕੇ ਧਰਮ ਪ੍ਰਚਾਰ ਕਮੇਟੀ ਦੇ ਨਾਮ ਥੱਲੇ ਪ੍ਰਕਾਸ਼ਿਤ ਕੁੱਝ ਧਾਰਮਕ ਪੁਸਤਕਾਂ ਮੀਡੀਆ ਦੇ ਸਨਮੁਖ ਕੀਤੀਆਂ ਹਨ, ਜਿਹਨਾਂ ਵਿਚ ਸਿੱਖ ਧਰਮ, ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਪਰਵਾਰਾਂ ਬਾਰੇ ਧਾਰਮਕ, ਸਿਧਾਂਤਕ, ਸਮਾਜਿਕ ਅਤੇ ਚਰਿਤ੍ਰ ਪੱਖੋਂ ਵੀ ਕਈ ਅਜਿਹੇ ਵੇਰਵੇ ਅਤੇ ਸ਼ਬਦਾਵਲੀ ਸ਼ਾਮਲ ਕੀਤੀ ਗਈ ਹੈ, ਜੋ ਹੈਰਾਨੀਜਨਕ ਤੇ ਬੇਹੱਦ ਸ਼ਰਮਨਾਕ ਤਾਂ ਹੈ ਹੀ, ਸਗੋਂ ਲਿਖਤੀ ਤੌਰ ਉਤੇ ਸ਼੍ਰੋਮਣੀ ਕਮੇਟੀ  ਦੀ ਪ੍ਰਕਾਸ਼ਨਾ ਹੋਣ ਦਾ ਹਵਾਲਾ ਮਿਲਣ ਸਦਕਾ ਸੰਗੀਨ ਵੀ ਹੈ। ਉਕਤ ਜਥੇਬੰਦੀ ਦੇ ਆਗੂਆਂ ਡਾ ਭਗਵਾਨ ਸਿੰਘ, ਬਲਦੇਵ ਸਿੰਘ ਸਿਰਸਾ, ਕੈਪਟਨ ਚੰਨਣ ਸਿੰਘ, ਗੁਰਨਾਮ ਸਿੰਘ ਸਿੱਧੂ ਨੇ ਸਾਂਝੇ ਤੌਰ ਉਤੇ ਇਸ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਉਤੇ ਸਿੱਖ ਇਤਿਹਾਸ ਦੇ ਮੁੱਦੇ ਉਤੇ ਦੋਸਤਾਨਾ ਸਿਆਸਤ ਕਰਨ ਦੇ ਵੀ ਦੋਸ਼ ਲਾਏ। 
ਇਸ ਮੌਕੇ ਬਲਦੇਵ ਸਿੰਘ ਸਿਰਸਾ ਨੇ ਕਿਹਾ  ਕਿ ਉਹ ਹੁਣ  ਸ਼੍ਰੋਮਣੀ ਕਮੇਟੀ ਦੁਆਰਾ ਛਪਵਾਈਆਂ ਵਿਵਾਦਤ ਪੁਸਤਕਾਂ-ਸਿੱਖ ਇਤਿਹਾਸ (ਹਿੰਦੀ), ਗੁਰੂ ਬਿਲਾਸ ਪਾਤਸ਼ਾਹੀ ਛੇਵੀਂ, ਗੁਰਮਤਿ ਪ੍ਰਕਾਸ਼ ਰਸਾਲਾ ਆਦਿ 'ਚ ਇਤਰਾਜ਼ਯੋਗ ਵੇਰਵਿਆਂ ਦੇ ਮੁੱਦੇ ਉਤੇ  ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਤੋਂ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਕ ਅਦਾਲਤੀ ਲੜਾਈ ਲੜ ਰਹੇ ਹਨ। ਉਨ੍ਹਾਂ ਇਨ੍ਹਾਂ ਬਾਰੇ ਵੇਰਵਾ ਦਿੰਦੇ ਹੋਏ ਦਾਅਵਾ ਕੀਤਾ ਕਿ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਅਧਿਆਏ ਨੰਬਰ 1 ਪੰਨਾ 15 ਦੇ ਵੇਰਵਿਆਂ ਤਹਿਤ ਭਾਵ ਅਰਥ ਦਸਦੇ ਹੋਏ 'ਬਾਬਾ ਬੁੱਢਾ ਜੀ' ਅਤੇ ਮਾਤਾ ਗੰਗਾ ਜੀ ਬਾਰੇ ਬੇਹੱਦ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਹੈ। ਉਨ੍ਹਾਂ ਮੌਕੇ ਉਤੇ ਮੌਜੂਦ ਪੁਸਤਕ 'ਸਿੱਖ ਇਤਿਹਾਸ ਹਿੰਦੀ ਭਾਸ਼ਾ' ਦੇ ਪੰਨਾ ਨੰਬਰ 71 ਉਤੇ ਦਰਜ ਇੰਦਰਾਜ -'ਨਾਨਕ ਕੇ ਗੁਰੂ ਇਕ ਮੁਸਲਮਾਨ ਥੇ.' ਪੰਨਾ 77- ਨਾਨਕ ਨੇ ਹਿੰਦੂ ਧਰਮ ਹੀ ਗ੍ਰਹਿਣ ਕੀਆ ਥਾ.' ਪੰਨਾ 86- 'ਨਾਨਕ ਕੀ ਜੋਤ ਦੂਸਰੇ ਗੁਰੂਓਂ ਮੇਂ ਪ੍ਰਵੇਸ ਕਰ ਗਈ, ਇਹ ਗੱਪ ਹੈ.' ਪੰਨਾ 88- 'ਅੰਗਦ ਕੇ ਧਾਰਮਕ ਕਾਮੋਂ ਕਾ ਵਵਰਨ ਜ਼ਿਆਦਾ ਨਹੀਂ ਹੈ.' ਪੰਨਾ 95-'ਅਰਜਨ ਨੇ ਆਤਮ ਹਤਿਆ ਕੀ ਥੀ.' ਪੰਨਾ 99- 'ਪਿਤਾ ਕੀ ਮੌਤ ਕੇ ਬਾਅਦ ਹਰਗੋਬਿੰਦ ਕਾ ਦਿਮਾਗੀ ਸੰਤੁਲਨ ਖੋ ਗਿਆ ਥਾ.' ਪੰਨਾ 111- 'ਰਾਮ ਰਾਇ ਨੌਕਰਾਨੀ ਕੇ ਪੇਟੋਂ ਥੇ, ਤਭੀ ਉਨਹੇਂ ਗੁਰਗੱਦੀ ਨਹੀਂ ਦੀ ਗਈ.' ਪੰਨਾ 114 'ਤੇਗ ਬਹਾਦਰ ਜੰਗਲੋਂ ਮੇਂ ਲੁਕ-ਛਿਪ ਕਰ ਰਹਤੇ ਥੇ, ਚੋਰੀ ਔਰ ਲੂਟ ਕੇ ਮਾਲ ਸੇ ਗੁਜ਼ਾਰਾ ਕਰਤੇ ਥੇ. ਦਿਲੀ ਸਰਕਾਰ ਕੋ ਪਤਾ ਚਲਾ ਤੋਂ ਉਨਹੇਂ ਪਕੜ ਕਰ ਲੇ ਗਈ ਔਰ ਕਤਲ ਕਰ ਦੀਆ.' ਪੰਨਾ 148 -'ਗੋਬਿੰਦ ਨੇ ਬੇਟੋਂ ਕੇ ਵਿਯੋਗ ਮੇਂ ਆਤਮ ਹਤਿਆ ਕੀ ਥੀ.' 

ਅੱਜ ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਹੀ ਹਰ ਮਹੀਨੇ ਪ੍ਰਕਾਸ਼ਿਤ ਕੀਤੇ ਜਾਣ ਵਾਲੇ 'ਗੁਰਮਤਿ ਪ੍ਰਕਾਸ਼' ਮੈਗਜ਼ੀਨ ਦਾ ਦਸੰਬਰ-2013 ਦਾ ਅੰਕ ਵੀ  ਪੇਸ਼ ਕੀਤਾ ਗਿਆ ਜਿਸ ਦੇ ਮੁੱਖ ਪੰਨੇ ਉਤੇ ਹੀ ਚਾਰੋ ਸਾਹਿਬਜ਼ਾਦਿਆਂ ਦੇ ਚਿੱਤਰ ਕੱਟੇ ਹੋਏ ਕੇਸਾਂ ਅਤੇ ਸਿਰਾਂ ਉਤੇ ਟੋਪੀਆਂ ਦਰਸਾ ਕੇ ਪੇਸ਼ ਕੀਤੇ ਗਏ ਹਨ। ਬਲਦੇਵ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਪੁਸਤਕ ਸਿੱਖ ਇਤਿਹਾਸ ਨੂੰ ਲੈ ਕੇ ਹਾਈ ਕੋਰਟ ਨੇ ਆਦੇਸ਼ ਦਿਤੇ ਸਨ ਕਿ ਕਮਿਸ਼ਨਰ ਪੁਲਿਸ ਪਾਸ ਪੁਜ ਕੇ ਕਿਤਾਬਾਂ ਛਪਵਾਉਣ ਦੇ ਦੋਸ਼ੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਅਹੁਦੇਦਾਰਾਂ ਵਿਰੁਧ ਕੇਸ ਦਰਜ ਕਰਾਉਣ ਪ੍ਰੰਤੂ ਕਮਿਸ਼ਨਰ ਪੁਲਿਸ ਨੇ ਮੁੜ ਜਵਾਬ ਦਿਤਾ ਸੀ ਕਿ ਇਹ ਕਿਤਾਬ ਦਾ ਮਾਮਲਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਪਾਸ ਰਖਿਆ ਜਾਏ। ਸਿਰਸਾ ਨੇ ਕਿਹਾ ਕਿ ਇਹ ਪੁਸਤਕਾਂ ਅਕਾਲੀ-ਭਾਜਪਾ ਗਠਜੋੜ ਦੇ ਪੰਜਾਬ ਵਿਚਲੇ ਰਾਜਭਾਗ ਦੌਰਾਨ ਸਾਹਮਣੇ ਆਈਆਂ ਸਨ ਤੇ 2007 ਦੌਰਾਨ ਇਸ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਇਕ ਪੜਚੋਲ ਕਮੇਟੀ ਵੀ ਬਣਾਈ ਸੀ ਪਰ ਕੌਮ ਲਈ ਨਾਮੋਸ਼ੀ ਦਾ ਕਾਰਣ ਬਣੀਆਂ ਇਨ੍ਹਾਂ ਵਿਵਾਦਤ ਪੁਸਤਕਾਂ ਬਾਰੇ  ਸ਼੍ਰੋਮਣੀ ਕਮੇਟੀ, ਤਖਤਾਂ ਦੇ ਜਥੇਦਾਰਾਂ ਜਾਂ ਪੁਲਿਸ ਨੇ ਕੋਈ sਕਾਰਵਾਈ ਨਹੀ ਕੀਤੀ। ਸਿਰਸਾ ਨੇ ਦਾਅਵਾ ਕੀਤਾ ਕਿ ਇਕ ਪਾਸੇ ਜਿਥੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤਾਂ ਅਪਣੇ ਕਾਰਜਕਾਲ ਵੇਲੇ ਇਕ ਮੀਡੀਆ ਵਾਰਤਾ ਦੌਰਾਨ ਬਤੌਰ ਪ੍ਰਧਾਨ ਉਸ ਵੇਲੇ ਇਸ ਮੁੱਦੇ ਉਤੇ  ਅਪਣੀ ਕੋਈ 'ਜ਼ਿੰਮੇਵਾਰੀ' ਹੀ ਨਾ ਹੋਣ ਉਤੇ ਪੂਰੀ ਤਰ੍ਹਾਂ ਟਾਲਾ ਹੀ ਵੱਟ ਗਏ ਉਥੇ ਹੀ ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਸ ਮੁੱਦੇ ਤੋਂ ਹੀ 'ਅਣਜਾਣਤਾ' ਪ੍ਰਗਟ ਕਰ ਰਹੇ ਹਨ। ਸਿਰਸਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਤਾਂ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਵਾਲੀਆਂ ਨਾਨਕ ਸ਼ਾਹ ਫ਼ਕੀਰ ਵਰਗੀਆਂ ਫ਼ਿਲਮਾਂ ਬਣਵਾ ਰਹੀ ਹੈ । ਉਹ ਸਿੱਖ ਨੋਜੁਆਨੀ ਨੂੰ ਇਤਿਹਾਸ ਨਾਲ ਕੀ ਜੋੜੇਗੀ? ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਟਿਪਣੀ ਕਰਦਿਆਂ ਅਤੇ ਸਲਾਹ ਦਿੰਦਿਆਂ ਕਿਹਾ ਕਿ ਜਿਵੇਂ ਹੁਣ ਸਿੱਖ ਇਤਿਹਾਸ ਲਈ ਲੜਨ ਦਾ ਉਤਸ਼ਾਹ ਜਾਗਿਆ ਹੈ ਉਸੇ ਤਰਾਂ ਆਰ ਐਸ ਐਸ ਦੇ ਵਿਰੁਧ ਵੀ ਸਖ਼ਤ ਸਟੈਂਡ ਲੈਣ। ਜੋ ਅਪਣੇ ਟ੍ਰੈਕਟਾਂ ਵਿਚ ਗੁਰੂ ਅਰਜਨ ਦੇਵ ਜੀ ਨੂੰ ਗਊ ਦਾ ਪੁਜਾਰੀ ਸਿੱਧ ਕਰ ਰਹੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਮਹੀਨਾਵਾਰ ਰਸਾਲੇ ਗੁਰਮਤਿ ਪ੍ਰਕਾਸ਼ ਵਿਚ ਸਾਹਿਬਜ਼ਾਦਿਆਂ ਦੀਆਂ ਗਲ਼ਤ ਫ਼ੋਟੋਆਂ ਛਾਪ ਕੇ ਵੱਡਾ ਧ੍ਰੋਹ ਕਮਾਇਆ। ਕੈਪਟਨ ਅਤੇ ਬਾਦਲਾਂ ਦੇ ਫ਼ਰਕ ਸਬੰਧੀ ਕੀਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਕਤ ਆਗੂਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਕੈਪਟਨ ਅਤੇ ਬਾਦਲਕੇ ਆਪਸੀ ਦੋਸਤਾਨਾ ਮੈਚ ਖੇਡ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਪਰ ਚੇਤੇ ਰਖਣ ਉਹ ਕਦੇ ਸਿੱਖਾਂ ਦੇ ਹੀਰੋ ਨਹੀਂ ਬਣ ਸਕਦੇ। ਕਿਉਂਕਿ ਸਿੱਖ ਕੌਮ ਚੰਗੀ ਤਰਾਂ ਜਾਣਦੀ ਹੈ ਕਿ ਇਤਿਹਾਸ ਦੀਆਂ ਕਿਤਾਬਾਂ ਤਿਆਰ ਕਰਨ ਵਾਲੀ ਕਮੇਟੀ 2014 ਵਿਚ ਦਲਜੀਤ ਸਿੰਘ ਚੀਮਾ ਨੇ ਹੀ ਬਣਾਈ ਸੀ ਅਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਉਸ ਕਮੇਟੀ ਵਿਚ ਸ਼ਾਮਿਲ ਸਨ। ਇਸ ਲਈ ਦੋਵੇਂ ਸਰਕਾਰਾਂ ਅਤੇ ਸੁਖਬੀਰ ਬਾਦਲ ਨੂੰ ਸਿੱਖਾਂ ਕੋਲੋਂ ਮੁਆਫ਼ੀ ਮੰਗ ਕੇ ਅਪਣੀ ਭੁੱਲ ਬਖਸ਼ਾਉਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਸਹੀ ਇਤਿਹਾਸ ਪ੍ਰਕਾਸ਼ਿਤ ਕਰ ਕੇ ਬੱਚਿਆਂ ਤਕ ਪਹੁੰਚਾਉਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਫ਼ੋਨ ਲਗਾਤਾਰ ਬੰਦ ਆ ਰਿਹਾ ਹੋਣ ਕਾਰਨ ਉਨ੍ਹਾਂ ਦਾ ਪੱਖ ਨਹੀਂ ਲਿਆ ਜਾ ਸਕਿਆ। 
(ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਵਿਵਾਦਤ ਪੁਸਤਕ 'ਸਿੱਖ ਇਤਿਹਾਸ-ਹਿੰਦੀ ਭਾਸ਼ਾ' ਦੇ ਵਿਵਾਦਤ ਵੇਰਵਿਆਂ ਦੀਆਂ ਤਸਵੀਰਾਂ ਅਤੇ ਸਾਹਿਬਜਾਦਿਆਂ ਦੇ ਇਤਰਾਜ਼ਯੋਗ ਚਿਤਰਾਂ ਵਾਲਾ 'ਗੁਰਮਤਿ ਪ੍ਰਕਾਸ਼' ਰਸਾਲਾ)