ਬੇਅਦਬੀ ਕਾਂਡ: ਤਿੰਨ ਡੇਰਾ ਪ੍ਰੇਮੀ ਹਿਰਾਸਤ 'ਚ, ਕਈ ਰੂਪੋਸ਼

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰੇ ਇਲਾਕੇ ਦੇ ਕਈ ਡੇਰਾ ਪ੍ਰੇਮੀ ਰੂਪੋਸ਼ ਹੋ ਗਏ ਹਨ ਤੇ ਕੁੱਝ ਨੂੰ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ। ਭਾਵੇਂ ਉਕਤ ਮਾਮਲੇ ਦੀ ਪੁਲਿਸ ਦਾ ਕੋਈ ਵੀ ...

Police and Army at crime scene

ਕੋਟਕਪੂਰਾ, 9 ਜੂਨ (ਗੁਰਿੰਦਰ ਸਿੰਘ) : ਕੋਟਕਪੂਰੇ ਇਲਾਕੇ ਦੇ ਕਈ ਡੇਰਾ ਪ੍ਰੇਮੀ ਰੂਪੋਸ਼ ਹੋ ਗਏ ਹਨ ਤੇ ਕੁੱਝ ਨੂੰ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ। ਭਾਵੇਂ ਉਕਤ ਮਾਮਲੇ ਦੀ ਪੁਲਿਸ ਦਾ ਕੋਈ ਵੀ ਅਧਿਕਾਰੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਪਰ ਪਤਾ ਲੱਗਾ ਹੈ ਕਿ ਸਥਾਨਕ ਮੁਕਤਸਰ ਸੜਕ 'ਤੇ ਦੁੱਧ ਦੀ ਡੇਅਰੀ ਦਾ ਕਾਰੋਬਾਰ ਕਰਨ ਵਾਲੇ ਦੋ ਸਕੇ ਭਰਾਵਾਂ ਤੇ ਮਾਨਸਾ ਤੋਂ ਉਨ੍ਹਾਂ ਨੂੰ ਘਰ ਮਿਲਣ ਲਈ ਆਏ ਇਕ ਰਿਸ਼ਤੇਦਾਰ ਨੂੰ ਜਗਰਾਉਂ ਪੁਲਿਸ ਫੜ ਕੇ ਲੈ ਗਈ, ਸ਼ਹਿਰ ਨੂੰ ਚਾਰ ਚੁਫ਼ੇਰਿਉਂ ਲਗਾਤਾਰ 24 ਘੰਟੇ ਦੀ ਨਾਕਾਬੰਦੀ ਕਰ ਕੇ ਪੁਲਿਸ ਨੇ ਘੇਰਿਆ ਹੋਇਆ ਹੈ ਤੇ ਹਰ ਆਉਣ-ਜਾਣ ਵਾਲੇ ਦੀ ਤਲਾਸ਼ੀ ਲਈ ਜਾ ਰਹੀ ਹੈ। 

ਸੂਤਰਾਂ ਅਨੁਸਾਰ ਅੱਜ ਸਵੇਰੇ ਕਰੀਬ 3 ਵਜੇ ਜਗਰਾਉਂ ਪੁਲਿਸ ਨੇ ਕਥਿਤ ਤੌਰ 'ਤੇ ਬਰਗਾੜੀ ਕਾਂਡ ਨਾਲ ਸਬੰਧਤ ਤਿੰਨ ਵਿਅਕਤੀ ਚੁੱਕ ਲਏ ਜਿਨ੍ਹਾਂ ਵਿਚੋਂ ਦੋ ਡੇਰਾ ਸਿਰਸਾ ਨਾਲ ਸਬੰਧਤ 15 ਮੈਂਬਰੀ ਕਮੇਟੀ ਦੇ ਮੈਂਬਰ ਦਸੇ ਜਾਂਦੇ ਹਨ। ਸਥਾਨਕ ਮੁਕਤਸਰ ਸੜਕ 'ਤੇ ਬਿਜਲੀ ਘਰ ਦੇ ਨਜ਼ਦੀਕ ਰਹਿੰਦੇ ਸੁਖਵਿੰਦਰ ਸਿੰਘ ਕੰਡਾ ਅਤੇ ਸੰਨੀ ਕੰਡਾ (ਦੋਵੇਂ ਸਕੇ ਭਰਾ) ਪੁੱਤਰਾਨ ਬਲਜੀਤ ਸਿੰਘ ਕੰਡਾ ਅਤੇ ਉਨ੍ਹਾਂ ਦਾ ਮਾਨਸਾ ਤੋਂ ਰਿਸ਼ਤੇਦਾਰ ਜੱਗੀ ਅੱਜ ਸਵੇਰੇ ਤਿੰਨ ਵਜੇ ਜਗਰਾਉਂ ਪੁਲਿਸ ਨੇ ਚੁੱਕ ਲਏ ਅਤੇ ਕਿਸੇ ਅਣਦੱਸੀ ਥਾਂ 'ਤੇ ਲੈ ਗਏ।

ਪਰਵਾਰਕ ਮੈਂਬਰਾਂ ਨੇ ਦਸਿਆ ਕਿ ਪੁਲਿਸ ਕਰਮਚਾਰੀ ਸੀ.ਆਈ.ਏ ਸਟਾਫ਼ ਜਗਰਾਉਂ ਨਾਲ ਸਬੰਧਤ ਸਨ। ਥਾਣਾ ਸਿਟੀ ਪੁਲਿਸ ਨੇ ਘਰ ਦੀ ਨਿਗਰਾਨੀ ਲਈ ਪੁਲਿਸ ਕਰਮਚਾਰੀ ਤੈਨਾਤ ਕਰ ਦਿਤੇ ਹਨ। ਸਿਟੀ ਥਾਣੇ ਦੇ ਮੁਖੀ ਖੇਮ ਚੰਦ ਪਰਾਸ਼ਰ ਅਤੇ ਸਦਰ ਥਾਣਾ ਮੁਖੀ ਮੁਖਤਿਆਰ ਸਿੰਘ ਨੇ ਕਿਸੇ ਵੀ ਡੇਰਾ ਪ੍ਰੇਮੀ ਨੂੰ ਹਿਰਾਸਤ 'ਚ ਲੈਣ ਤੋਂ ਇਨਕਾਰ ਕਰਦਿਆਂ ਇਹ ਮੰਨਿਆ ਕਿ ਅਲਰਟ ਕਰ ਕੇ ਸ਼ਹਿਰ ਵਿਚ ਪੁਲਿਸ ਮੁਲਾਜ਼ਮ ਨਾਕਾਬੰਦੀ ਕਰ ਕੇ ਸ਼ੱਕੀ ਲੋਕਾਂ 'ਤੇ ਨਜਰ ਰੱਖ ਰਹੇ ਹਨ।