ਜੋ ਪੰਜਾਬ ਲਈ ਰਾਜਧਾਨੀ ਨਹੀਂ ਲੈ ਸਕੇ ਉਹ ਖ਼ਾਲਿਸਤਾਨ ਕਿਵੇਂ ਲੈ ਸਕਣਗੇ?: ਨਲਵੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ......

Didar Singh Nalvi

ਚੰਡੀਗੜ੍ਹ , 8 ਜੂਨ (ਸਸਸ): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਤੀ 6 ਜੂਨ ਨੂੰ ਜਾਰੀ ਬਿਆਨ ਸਬੰਧੀ ਸਪਸ਼ਟੀਕਰਣ ਮੰਗਦਿਆ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਤਾਂ ਬਹੁਤ ਵੱਡਾ ਦਿਤਾ ਹੈ ਕਿ ਸਿੱਖਾਂ ਨੂੰ ਇਕ ਵਖਰਾ ਆਜ਼ਾਦ ਮੁਲਕ ਭਾਵ ਖ਼ਾਲਿਸਤਾਨ ਚਾਹੀਦਾ ਹੈ ਪਰ ਇਸ ਦੇ ਰਾਜਨੀਤਿਕ ਸਿੱਟੇ ਕੀ ਨਿਕਲਣਗੇ। ਜਾਪਦਾ ਹੈ ਕਿ ਜਥੇਦਾਰ ਸਾਹਿਬ ਨੇ ਇਸ ਸਬੰਧੀ ਕੋਈ ਚਿੰਤਨ ਨਹੀਂ ਕੀਤਾ? ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਦਾ ਧਿਆਨ ਹੇਠ ਲਿਖੀਆਂ ਰਾਜਨੀਤਿਕ ਉਲਝਣਾਂ ਵਲ ਦਵਾਉਂਦਾ ਹੋਇਆ ਉਨ੍ਹਾਂ ਦਾ ਇਨ੍ਹਾਂ ਪ੍ਰਤੀ ਜਵਾਬ ਚਾਹੁੰਦਾ ਹਾਂ :

1. ਉਨ੍ਹਾਂ ਦੇ ਤਜਵੀਜ਼ਤ ਖਾਲਿਸਤਾਨ ਦੀ ਭੂਗੋਲਿਕ ਹੱਦਬੰਦੀ ਕੀ ਹੋਵੇਗੀ?
2. ਇਹ ਕੇਵਲ ਸਿੱਖਾਂ ਵਾਸਤੇ ਹੋਵੇਗਾ ਜਾਂ ਭਾਰਤ ਵਿਚ ਵੱਸਦੇ ਹੋਰ ਖਿੱਤਿਆਂ ਦੇ ਲੋਕਾਂ ਲਈ ਵੀ ਹੋਵੇਗਾ?
3. ਪੰਜਾਬ ਤੋਂ ਬਾਹਰਲੇ ਭਾਰਤੀ ਸੂਬਿਆਂ ਵਿੱਚ ਰਹਿੰਦੇ ਸਿੱਖ ਖ਼ਾਲਿਸਤਾਨ ਦੇ ਸ਼ਹਿਰੀ ਹੋਣਗੇ ਜਾਂ ਨਹੀਂ?
4. ਪੰਜਾਬ 'ਚ ਰਹਿੰਦੇ ਗ਼ੈਰ-ਸਿੱਖ ਸ਼ਹਿਰੀਆਂ ਦਾ ਤਜਵੀਜ਼ਤ ਖ਼ਾਲਿਸਤਾਨ 'ਚ ਕੀ ਰੁਤਬਾ ਹੋਵੇਗਾ?
5. ਦਰਿਆਈ ਪਾਣੀ, ਭਾਖੜਾ ਡੈਮ, ਪੌਂਗ ਡੈਮ, ਸੀ ਆਨੰਦਪੁਰ ਸਾਹਿਬ ਖ਼ਾਲਿਸਤਾਨ 'ਚ ਹੋਣਗੇ ਜਾਂ ਬਾਹਰ?
6. ਖ਼ਾਲਿਸਤਾਨ ਬਣਨ ਦੀ ਸੂਰਤ ਵਿਚ ਇਕ ਪਾਸੇ ਪਾਕਿਸਤਾਨ ਤੇ ਦੂਜੇ ਪਾਸੇ ਹਿੰਦੁਸਤਾਨ ਤੋਂ ਅਸੀਂ ਅਪਣੀ ਸੁਰੱਖਿਆ ਕਿਵੇਂ ਕਰ ਸਕਾਂਗੇ?
7. ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਪੁਨਰਗਠਨ ਐਕਟ 1966 ਦੇ ਸੈਕਸ਼ਨ 72 ਤਹਿਤ ਅਪਣੇ ਸਿੱਖ ਭਾਈਚਾਰੇ ਨੂੰ ਹਰਿਆਣੇ ਦੀ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਣ ਨੂੰ ਤਿਆਰ ਨਹੀਂ, ਉਹ ਕਿਹੜੇ ਮੂੰਹ ਨਾਲ ਭਾਰਤ ਸਰਕਾਰ ਤੋਂ ਖ਼ਾਲਿਸਤਾਨ ਦੀ ਮੰਗ ਕਰ ਰਹੀ ਹੈ?
8. ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਹਾਨ ਰਾਜਨੀਤਿਕ ਵਿਚਾਰ ਕਿ “ਕੋਈ ਕਿਸੀ ਕੋ ਰਾਜ ਨ ਦੇ ਹੈ, ਜੋ ਲੇ ਹੈ ਨਿੱਜ ਬਲ ਸੇ ਲੇ ਹੈ' ਦਾ ਗਿਆਨ ਹੁੰਦਾ ਤਾਂ ਉਹ ਇਹ ਮੰਗ ਕੇ ਜੇ ਸਰਕਾਰ ਖ਼ਾਲਿਸਤਾਨ ਦੇਵੇਗੀ ਤਾਂ ਖਿੜੇ ਮੱਥੇ ਪ੍ਰਵਾਨ ਕਰਾਂਗੇ”ਕਦੀ ਵੀ ਨਾ ਕਰਦੇ। ਇਸ ਸੂਰਤ ਵਿਚ ਸਿੱਖ ਕੌਮ ਨੂੰ ਸੋਚਣਾ ਬਣਦਾ ਹੈ ਕਿ ਕੀ ਭਾਈ ਹਰਪ੍ਰੀਤ ਸਿੰਘ ਜੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਮਹਾਨ ਪਦਵੀ ਤੇ ਬਿਰਾਜਮਾਨ ਹੋਣ ਦੇ ਯੋਗ ਹਨ?
9. ਉਨ੍ਹਾਂ ਦੇ ਸੁਪਨਿਆਂ ਦੇ ਖ਼ਾਲਿਸਤਾਨ ਦੀ ਰਾਜਧਾਨੀ ਕਿਹੜੀ ਹੋਵੇਗੀ? ਪੰਜਾਬ ਲਈ ਚੰਡੀਗੜ੍ਹ ਨੂੰ ਬਤੌਰ ਰਾਜਧਾਨੀ ਤਾਂ ਉਨ੍ਹਾਂ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਦੀ ਮੰਗ ਨਹੀਂ ਕੀਤੀ, ਤਜਵੀਜ਼ਤ ਖ਼ਾਲਿਸਤਾਨ ਦੀ ਮੰਗ ਪ੍ਰਤੀ ਉਹ ਵਾਕਿਆ ਹੀ ਗੰਭੀਰ ਹਨ ਜਾਂ ਉਨ੍ਹਾਂ ਦਾ ਦੁਪਹਿਰ ਦਾ, ਸੁਪਨਾ?