ਗਿ: ਹਰਪ੍ਰੀਤ ਸਿੰਘ ਦੇ ਬਿਆਨ ਤੋਂ ਬਾਅਦ ਖ਼ਾਲਿਸਤਾਨ ਦੇ ਮੁੱਦੇ ਤੇ ਸ਼ੁਰੂ ਹੋਈ ਸੁਭਾਵਕ ਰਾਏਸ਼ੁਮਾਰੀ
...ਹਰ ਸਿੱਖ ਚਾਹੁੰਦਾ ਹੈ ਖ਼ਾਲਿਸਤਾਨ'
ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਖ਼ਾਲਿਸਤਾਨ ਦੇ ਮੁੱਦੇ ਤੇ ਤਾਜ਼ਾ ਬਿਆਨ ਹੁਣ ਪਰਤਵਾਂ ਪ੍ਰਭਾਵ ਵੀ ਵਿਖਾਉਣ ਲੱਗ ਪਿਆ ਹੈ। ਹਾਲਾਂਕਿ ਵਿਦੇਸ਼ਾਂ ਚ ਬੈਠੀਆਂ ਕੁਝ ਤਾਕਤਾਂ ਰੈਫਰੈਂਡਮ 20-20 (ਖ਼ਾਲਿਸਤਾਨ ਦੇ ਸਿਧਾਂਤ ਅਤੇ ਮੰਗ ਸਬੰਧੀ ਸਿੱਖਾਂ ਦੀ ਗ਼ੈਰ ਸਰਕਾਰੀ ਰਾਏਸ਼ੁਮਾਰੀ) ਦੀਆਂ ਤਿਆਰੀਆਂ ਹਿੱਤ ਸਿੰਘ ਸਾਹਿਬ ਦੇ ਇਸ ਬਿਆਨ ਨੂੰ ਟੋਲ ਫ਼ਰੀ ਨੰਬਰਾਂ ਰਾਹੀਂ ਅਪਣੇ ਹੱਕ 'ਚ ਭੁਗਤਾਉਣ ਦੀ ਕੋਸ਼ਿਸ਼ਾਂ ਵਿਚ ਜੁੱਟ ਗਈਆਂ ਹਨ। ਇਹ ਰੈਫਰੈਂਡਮ ਆਉਂਦੇ ਨਵੰਬਰ ਮਹੀਨੇ 'ਚ ਉਲੀਕਿਆ ਗਿਆ ਹੈ।
ਪਰ ਜਥੇਦਾਰ ਸਾਹਿਬ ਦੇ ਇਸ ਬਿਆਨ ਨੇ ਇਸ ਰਿਫਰੈਂਡਮ ਦੀ ਸ਼ਾਇਦ ਕਿਤੇ ਨਾ ਕਿਤੇ ਫੂਕ ਕੱਢਣੀ ਵੀ ਸ਼ੁਰੂ ਕਰ ਦਿਤੀ ਹੈ। ਕਿਉਂਕਿ '...ਹਰ ਸਿੱਖ ਖ਼ਾਲਿਸਤਾਨ ਚਾਹੁੰਦਾ ਹੈ' ਇਸ ਬਿਆਨ ਨੇ ਇਕ ਸੁਭਾਵਕ ਰਾਇਸ਼ੁਮਾਰੀ ਵੀ ਸ਼ੁਰੂ ਕਰ ਦਿਤੀ ਹੈ। ਜਥੇਦਾਰ ਦੇ ਬਿਆਨ ਨੂੰ ਹਾਲੇ ਚਾਰ ਕੁ ਦਿਨ ਹੀ ਹੋਏ ਹਨ ਕਿ ਸਿੱਖ ਪੱਖੀ ਮੰਨਿਆ ਜਾਂਦਾ ਰੁੱਖ ਪ੍ਰਮੁੱਖ ਮੀਡੀਆ ਅਤੇ ਪ੍ਰਮੁੱਖ ਸਿੱਖ ਆਗੂ ਤੇ ਬੁੱਧੀਜੀਵੀ ਇਸ ਉੱਤੇ ਖੁੱਲ੍ਹ ਕੇ ਪ੍ਰਤੀਕਿਰਿਆ ਦੇ ਰਹੇ ਹਨ। ਹਾਲਾਂਕਿ ਹਮੇਸ਼ਾਂ ਵਾਂਗ ਗਰਮ ਖਿਆਲੀਆਂ ਨੇ ਤਾ ਖਾਲਿਸਤਾਨ ਬਾਰੇ ਸਿੰਘ ਸਾਹਿਬ ਦੇ ਇਸ ਬਿਆਨ ਦੀ ਪ੍ਰੋੜਤਾ ਹੀ ਕੀਤੀ ਹੈ।
ਪਰ ਸਿੱਖਾਂ ਦਾ ਇੱਕ ਵੱਡਾ ਵਰਗ ਇਸ ਨੂੰ ਸਪੱਸ਼ਟ ਤੌਰ ਉੱਤੇ ਗ਼ੈਰ ਪ੍ਰਸੰਗਿਕ ਐਲਾਨ ਰਿਹਾ ਹੈ। ਨਰੋਈ ਸੋਚ ਦੇ ਸਿੱਖ ਮਾਹਿਰਾਂ ਅਤੇ ਸੋਸ਼ਲ ਮੀਡੀਆ ਉੱਤੇ ਆਮ ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਮੁਤਾਬਕ ਖਾਲਿਸਤਾਨ ਦੇ ਮੁੱਦੇ ਉੱਤੇ ਸਿੱਖ ਕੌਮ ਖ਼ਾਸਕਰ ਪੰਜਾਬ, ਦਿੱਲੀ ਅਤੇ ਦੇਸ਼ ਦੇ ਕੁਝ ਹੋਰ ਹਿੱਸਿਆਂ 'ਚ ਰਹਿੰਦੇ ਸਿੱਖ ਭਾਈਚਾਰੇ ਨੇ ਜੋ ਦਿਲ ਕੰਬਾਊ ਸੰਤਾਪ ਅਪਣੇ ਪਿੰਡੇ ਤੇ ਜਿਊਂਦੇ ਜੀਅ ਹੰਢਾਇਆ ਹੈ ਕੋਈ ਵੀ ਉਸ ਦਾ ਦੁਹਰਾਓ ਹਰਗਿਜ਼ ਨਹੀਂ ਚਾਹੁੰਦਾ। ਅਜਿਹੇ ਵਿਚ “ਰੈਫਰੈਂਡਮ 20-20' ਦੇ ਨਵੰਬਰ ਮਹੀਨੇ ਤੋਂ ਪਹਿਲਾਂ ਹੀ ਸ਼ਾਇਦ ਜਥੇਦਾਰ ਸਾਹਿਬ ਦੇ ਇਸ ਬਿਆਨ ਨਾਲ ਸਿੱਖ ਕੌਮ ਖਾਲਿਸਤਾਨ ਬਾਰੇ ਅਪਣੀ ਸਪੱਸ਼ਟ ਅਤੇ ਇਕ ਪਾਸੜ 'ਰਾਏ' ਸੂਝ ਬੂਝ ਨਾਲ ਇਤਿਹਾਸ ਦੇ ਦਸਤਾਵੇਜ਼ਾਂ 'ਚ 'ਸ਼ੁਮਾਰ' ਕਰ ਦੇਵੇ।
ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਲਈ ਜਥੇਦਾਰ ਦਾ ਇਹ ਬਿਆਨ ਗਲੇ ਦੀ ਹੱਡੀ ਬਣ ਚੁੱਕਾ ਹੈ। ਪਰ ਰਾਜਨੀਤਕ ਤੇ ਧਾਰਮਕ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਖਾਲਿਸਤਾਨ ਨੂੰ ਗ਼ੈਰ ਪ੍ਰਸੰਗਿਕ ਨਿਰਧਾਰਤ ਕਰਨ 'ਚ ਇਹ ਬਿਆਨ ਕਾਮਯਾਬ ਹੋ ਜਾਂਦਾ ਹੈ ਤਾਂ ਇਹ ਭਾਰਤੀ ਸਟੇਟ ਦੇ ਨਾਲ ਨਾਲ ਬਾਦਲ ਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲਈ ਵੀ ਕਾਫ਼ੀ ਲਾਹੇਵੰਦ ਸਾਬਿਤ ਹੋ ਸਕਦਾ ਹੈ। ਕਿਉਂਕਿ ਖ਼ਾਲਿਸਤਾਨ ਦੇ ਮੁੱਦੇ ਤੇ ਰੈਫਰੈਂਡਮ 20-20 ਦਾ ਜੋ ਕੌਮਾਂਤਰੀ ਸਿਆਸੀ ਹਊਆ ਪੰਜਾਬ ਦੀ ਸਿਆਸਤ ਖ਼ਾਸਕਰ ਸਿੱਖਾਂ ਦੇ ਨੁਮਾਇੰਦੇ ਅਖਵਾਉਣ ਵਾਲੇ ਮੌਜੂਦਾ ਸਿਆਸਤਦਾਨਾਂ ਦੇ ਸਿਰ ਉੱਤੇ ਮੰਡਰਾ ਰਿਹਾ ਹੈ ਉਹ ਨਿਰਸੰਦੇਹ ਬੇਅਸਰ ਹੋ ਜਾਵੇਗਾ।
ਕੁੱਲ ਮਿਲਾ ਕੇ ਜਥੇਦਾਰ ਸਾਹਿਬ ਦੇ ਇਸ ਬੇਮੌਸਮੀ ਖਾਲਿਸਤਾਨ ਪੱਖੀ ਬਿਆਨ ਨੇ 'ਖਾਲਿਸਤਾਨ ਦੇ ਸਿਧਾਂਤ' ਦੀ ਹੋਂਦ ਲਈ ਤਾਂ ਵੱਡਾ ਸਵਾਲ ਖੜ੍ਹਾ ਕਰ ਹੀ ਦਿਤਾ ਹੈ ਪਰ ਨਾਲ ਹੀ ਸਮੁੱਚੀ ਕੌਮ ਨੂੰ ਦੁਬਿਧਾ 'ਚ ਪਾਉਂਦੇ ਪਾਉਂਦੇ ਸੂਬੇ ਦੀਆਂ ਕਈ ਵੱਡੀਆਂ ਸਿੱਖ ਧਿਰਾਂ ਖ਼ਾਸ ਕਰ ਸਿੱਖ ਸਿਆਸਤਦਾਨਾਂ ਨੂੰ ਬੈਠੇ ਬਿਠਾਏ ਕਈ ਪੇਚੀਦਾ ਪੱਖਾਂ ਤੋਂ ਰਾਹਤ ਦਾ ਸਬੱਬ ਵੀ ਬਣਾ ਦਿੱਤਾ ਹੈ ।