ਬਾਦਲਾਂ ਨੇ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੀ ਨਿੱਜੀ ਹਿੱਤਾਂ ਲਈ ਕੀਤੀ ਦੁਰਵਰਤੋਂ:ਨੰਗਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਹਿਲਾਂ ਅਕਾਲ ਤਖ਼ਤ ਦੇ ਤਤਕਾਲੀਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਾਦਲਾਂ ਦੀਆਂ ਹਦਾਇਤਾਂ.....

Makhan Singh Nangal

ਕੋਟਕਪੂਰਾ, 9 ਜੂਨ (ਗੁਰਿੰਦਰ ਸਿੰਘ) : ਪਹਿਲਾਂ ਅਕਾਲ ਤਖ਼ਤ ਦੇ ਤਤਕਾਲੀਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਾਦਲਾਂ ਦੀਆਂ ਹਦਾਇਤਾਂ ਮੁਤਾਬਕ ਸੋਦਾ ਸਾਧ ਨੂੰ ਮਾਫ਼ੀ ਦੇਣ ਸਮੇਂ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਦੀਆਂ ਧੱਜੀਆਂ ਉਡਾਈਆਂ, ਕਦੇ ਹੁਕਮਨਾਮਾ ਜਾਰੀ ਅਤੇ ਕਦੇ ਵਾਪਸ ਲੈਣ ਦੇ ਐਲਾਨਾਂ ਨੇ ਬਾਦਲਾਂ ਦੇ ਪ੍ਰਭਾਵ ਵਾਲੇ ਜਥੇਦਾਰਾਂ ਦੀ ਅਸਲੀਅਤ ਨੰਗੀ ਕਰ ਦਿਤੀ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਵਲੋਂ ਖਾਲਿਸਤਾਨ ਸਬੰਧੀ ਦਿਤੇ ਬਿਆਨ 'ਤੇ ਕੋਈ ਵਿਸ਼ਵਾਸ਼ ਨਹੀਂ ਕਰ ਰਿਹਾ।

ਕਿਉਂਕਿ ਬਾਦਲਾਂ ਨੇ ਅਪਣੇ ਨਿੱਜੀ ਮੁਫਾਦਾਂ ਲਈ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਹੀ ਨਹੀਂ ਕੀਤੀ ਬਲਕਿ ਪੰਥਕ ਮਰਿਆਦਾਵਾਂ ਅਤੇ ਸਿੱਖ ਸਿਧਾਂਤਾਂ ਦਾ ਵੀ ਰੱਜ ਕੇ ਘਾਣ ਕੀਤਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਮੱਖਣ ਸਿੰਘ ਨੰਗਲ ਨੇ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਦਲ ਦੀ ਐਲਾਨੀ ਗਈ ਕੋਰ ਕਮੇਟੀ 'ਚ 75 ਫ਼ੀ ਸਦੀ ਵਿੰਗਾਂ ਦੇ ਮੁਖੀ ਅਤੇ 50 ਫ਼ੀ ਸਦੀ ਉਹ ਵਿਅਕਤੀ ਸ਼ਾਮਲ ਕੀਤੇ ਗਏ ਹਨ, ਜੋ 1972 ਤੋਂ ਲੈ ਕੇ ਅੱਜ ਤਕ ਵੱਖ ਵੱਖ ਸਮਿਆਂ 'ਤੇ ਬਾਦਲ ਪ੍ਰਵਾਰ ਦਾ ਵਿਰੋਧ ਕਰਦੇ ਰਹੇ, ਗਾਲ੍ਹਾਂ ਕੱਢਣ ਤੋਂ ਗੁਰੇਜ਼ ਨਾ ਕੀਤਾ ਅਤੇ ਬਾਦਲਾਂ 'ਤੇ ਪੰਥ ਵਿਰੋਧੀ ਹੋਣ ਦਾ ਦੋਸ਼ ਵੀ ਲਾਉਂਦੇ ਰਹੇ।

ਕਿਉਂਕਿ 1972 ਤੋਂ ਲੈ ਕੇ ਉਹ ਖੁਦ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਬਾਦਲ ਦੇ ਨਿੱਜੀ ਸਕੱਤਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਉਨਾਂ ਆਖਿਆ ਕਿ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਬਾਦਲਾਂ ਵਲੋਂ ਸਰਪ੍ਰਸਤੀ ਕਰਨ ਕਰ ਕੇ ਉਹ ਅਕਾਲੀ ਦਲ ਨੂੰ ਛੱਡਣ ਲਈ ਮਜਬੂਰ ਹੋ ਗਏ। ਜਥੇਦਾਰ ਨੰਗਲ ਨੇ ਦਾਅਵਾ ਕੀਤਾ ਕਿ ਸਾਲ 2007 'ਚ ਸਰਕਾਰ ਬਣਨ ਪਿੱਛੋਂ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਅਤੇ ਸਰਕਾਰ ਦੀ ਵਾਗਡੋਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਏ ਦੀ ਕਥਿੱਤ ਸੁਖਬੀਰ ਸੈਨਾ ਹੱਥ ਫੜਾ ਦਿਤੀ, ਜਿੰਨਾਂ ਪੁਰਾਣੀ ਲੀਡਰਸ਼ਿਪ ਅਤੇ ਕੁਰਬਾਨੀ ਵਾਲੇ ਵਰਕਰਾਂ ਨੂੰ ਲਾਂਭੇ ਕਰ ਕੇ ਦਲ ਬਦਲੂਆਂ, ਰੇਤ ਮਾਫ਼ੀਆ ਅਤੇ ਚਿੱਟੇ ਦੇ ਵਪਾਰੀਆਂ ਹੱਥ ਫੜਾ ਦਿਤੀ।