ਬੇਕਸੂਰ ਸਿੱਖ ਨੌਜਵਾਨ ਫੜਨੇ ਅਤੇ ਪ੍ਰਵਾਰ ਪ੍ਰੇਸ਼ਾਨ ਕਰਨੇ ਗ਼ੈਰ-ਕਾਨੂੰਨੀ : ਪੰਥਕ ਤਾਲਮੇਲ ਸੰਗਠਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਰਤ ਵਿਚ ਸਿੱਖ ਨੌਜਵਾਨਾਂ ਦੀ ਰੈਫ਼ਰੈਂਡਮ-2020 ਸਬੰਧੀ ਕੋਈ ਭੂਮਿਕਾ ਨਹੀਂ : ਗਿ. ਕੇਵਲ ਸਿੰਘ

Giani Kewal Singh

ਅੰਮ੍ਰਿਤਸਰ, 9 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖ ਸੰਸਥਾਵਾਂ ਅਤੇ ਸੰਗਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਭਾਰਤ ਅਤੇ ਖ਼ਾਸ ਕਰ ਕੇ ਪੰਜਾਬ ਅੰਦਰ ਸਿੱਖ ਨੌਜਵਾਨੀ ਦੀ ਫੜੋ ਫੜਾਈ 'ਤੇ ਡੂੰਘੇ ਇਤਰਾਜ਼ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸੂਬੇ ਲਈ ਘਾਤਕ ਕਰਾਰ ਦਿਤਾ ਹੈ।

ਕਨਵੀਨਰ ਗਿ. ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਰੈਫ਼ਰੈਂਡਮ-2020 ਦੀ ਸੋਚ ਵਿਦੇਸ਼ਾਂ ਵਿਚ ਆਜ਼ਾਦ ਬੈਠੇ ਸਿੱਖਾਂ ਦੇ ਇਕ ਹਿੱਸੇ ਦੀ ਹੈ ਜਿਸ ਪ੍ਰਤੀ ਕੌਮਾਂਤਰੀ ਪੱਧਰ ਦੀਆਂ ਸਿੱਖ ਜਥੇਬੰਦੀਆਂ ਦੀ ਵਖਰੀ-ਵਖਰੀ ਰਾਏ ਹੈ। ਰੈਫ਼ਰੈਂਡਮ ਢੰਗ-ਤਰੀਕੇ ਨਾਲ ਸਿੱਖ ਜਗਤ ਇਕਮਤ ਨਹੀਂ ਹੈ। ਇਸ ਰਾਏਸ਼ੁਮਾਰੀ ਸਬੰਧੀ ਨਾ ਕੋਈ ਮੁਹਿੰਮ ਹੈ ਅਤੇ ਨਾ ਹੀ ਲਹਿਰ। ਪਰ ਕਿਸੇ ਸੋਚੀ ਸਮਝੀ ਚਾਲ ਹੇਠ ਇਸ ਮੁੱਦੇ ਨੂੰ ਪੰਜਾਬ ਅੰਦਰ ਉਭਾਰਿਆ ਜਾ ਰਿਹਾ ਹੈ।

ਪੰਜਾਬ ਦੀ ਨੌਜਵਾਨੀ ਬੇਰੁਜ਼ਗਾਰੀ ਨਾਲ ਝੰਬੀ ਅਤੇ ਕੋਰੋਨਾ ਦੌਰਾਨ ਆਰਥਕ ਮੰਦਹਾਲੀ ਕਾਰਨ ਪ੍ਰਵਾਰਾਂ ਦੀ ਜ਼ਿੰਦਗੀ ਲੀਹੋਂ ਲੱਥੀ ਹੈ। ਦੁੱਖ ਦੀ ਗੱਲ ਹੈ ਕਿ ਰੈਫ਼ਰੈਂਡਮ ਦੀ ਆੜ ਵਿਚ ਸਿੱਖ ਨੌਜਵਾਨਾਂ ਨੂੰ ਫੜਿਆ ਅਤੇ ਪ੍ਰਵਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਕਿ ਮੂਲੋਂ ਗ਼ੈਰ-ਕਾਨੂੰਨੀ ਹੈ। ਦੇਸ਼ ਦੇ ਨਾਗਰਿਕਾਂ ਨੂੰ ਇਸ ਤਰ੍ਹਾਂ ਜ਼ਲੀਲ ਕਰਨ ਦਾ ਕਿਸੇ ਸਰਕਾਰ ਜਾਂ ਪੁਲਿਸ ਕੋਲ ਵਿਧਾਨਕ ਹੱਕ ਨਹੀਂ ਹੈ। ਇਸ ਰੁਝਾਨ ਨੂੰ ਤੁਰੰਤ ਰੋਕਿਆ ਅਤੇ ਫੜੇ ਨੌਜਵਾਨ ਰਿਹਾਅ ਕੀਤੇ ਜਾਣ। ਪੰਥਕ ਤਾਲਮੇਲ ਸੰਗਠਨ ਨੇ ਵਿਦੇਸ਼ਾਂ ਵਿਚ ਬੈਠੀਆਂ ਧਿਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਈ ਵੀ ਪ੍ਰੋਗਰਾਮ ਦੇਣ ਤੋਂ ਪਹਿਲਾਂ ਭਾਰਤ ਤੇ ਪੰਜਾਬ ਦੀ ਸਥਿਤੀ ਦੇ ਆਰ ਅਤੇ ਪਾਰ ਝਾਕਣ ਦੀ ਯੋਗਤਾ ਬਣਾਉਣ।