ਪੰਜਾਬ ਵਿਚ ਧਰਮ ਤਬਦੀਲੀ ਦੀ ਲਹਿਰ ਸਿਖਰਾਂ ’ਤੇ ਪਰ ਲੀਡਰ ਤੇ ਬਾਬੇ ਨਿਜੀ ਕਾਰਨਾਂ ਕਰ ਕੇ ਬੋਲਣ ਨੂੰ ਵੀ ਤਿਆਰ ਨਹੀਂ!

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿਆਸਤਦਾਨ ਇਸ ਧਰਮ ਤਬਦੀਲੀ ਦੀ ਲਹਿਰ ’ਤੇ ਖ਼ਾਮੋਸ਼ ਹਨ ਤੇ ਧਾਰਮਕ ਮਹਾਂਪੁਰਸ਼ ਬਾਬੇ ਵਿਦੇਸ਼ਾਂ ਦੇ ਵੀਜ਼ਿਆਂ ਕਾਰਨ ਚੁੱਪ ਰਹਿਣਾ ਹੀ ਬਿਹਤਰ ਸਮਝਦੇ ਹਨ।

Conversion movement peaks in Punjab

 

ਅੰਮ੍ਰਿਤਸਰ (ਪਰਮਿੰਦਰ) : ਪੰਜਾਬ ਵਿਚ ਧਰਮ ਤਬਦੀਲ ਕਰਨ ਦੀ ਲਹਿਰ ਸਿਖਰਾਂ ’ਤੇ ਹੈ ਜਿਸ  ਪੰਜਾਬ ਨੂੰ ਕਦੇ ਗੁਰੂਆਂ ਦੇ ਨਾਮ ’ਤੇ ਜਿਉਂਦਾ ਦਸਿਆ ਜਾਂਦਾ ਸੀ ਅੱਜ ਇਸਾਈਅਤ ਦੇ ਪ੍ਰਭਾਵ ਹੇਠ ਦਬਦਾ ਜਾ ਰਿਹਾ ਹੈ। ਕਦੇ ਧਰਮ ਦੀ ਖ਼ਾਤਰ ਸਿਰ ਦੇ ਦੇਣ ਵਾਲੇ ਸਿੱਖ ਅੱਜ ਮਾਮੂਲੀ ਲਾਲਚ ਵਿਚ ਆ ਕੇ ਅਪਣਾ ਧਰਮ ਤਬਦੀਲ ਕਰ ਰਹੇ ਹਨ। ਵੋਟ ਰਾਜਨੀਤੀ ਕਾਰਨ ਸਿਆਸਤਦਾਨ ਇਸ ਧਰਮ ਤਬਦੀਲੀ ਦੀ ਲਹਿਰ ’ਤੇ ਖ਼ਾਮੋਸ਼ ਹਨ ਤੇ ਧਾਰਮਕ ਮਹਾਂਪੁਰਸ਼ ਬਾਬੇ ਵਿਦੇਸ਼ਾਂ ਦੇ ਵੀਜ਼ਿਆਂ ਕਾਰਨ ਚੁੱਪ ਰਹਿਣਾ ਹੀ ਬਿਹਤਰ ਸਮਝਦੇ ਹਨ। ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਅੱਜ ਸਿੱਖ ਧਰਮ ਦੇ ਠੇਕੇਦਾਰ ਇਸ ਧਰਮ ਤਬਦੀਲੀ ਲਹਿਰ ਵਿਰੁਧ ਨਹੀਂ ਬੋਲਦੇ ਕਿਉਂਕਿ ਲਗਭਗ ਹਰ ਸਿੱਖ ਧਾਰਮਕ ਆਗੂ ਦੇ ਪਾਸਪੋਰਟ ’ਤੇ ਉਨ੍ਹਾਂ ਮੁਲਕਾਂ ਦੇ ਵੀਜ਼ੇ ਹਨ ਜਿਨ੍ਹਾਂ ਮੁਲਕਾਂ ਵਿਚ ਇਸਾਈਅਤ ਦੇ ਪੈਰੋਕਾਰ ਰਾਜ ਕਰਦੇ ਹਨ। ਜੇਕਰ ਇਹ ਵੀ ਕਹਿ ਲਿਆ ਜਾਵੇ ਕਿ ਜ਼ਿਆਦਾਤਰ ਮਹਾਂਪੁਰਸ਼ਾਂ ਦੇ ਬੱਚੇ ਵਿਦੇਸ਼ਾਂ ਵਿਚ ਸੈਟਲ ਹਨ ਤੇ ਉਹ ਪ੍ਰਵਾਰਕ ਕਾਰਨਾਂ ਕਰ ਕੇ ਵੀ ਚੁੱਪ ਹਨ ਕਿ ਬੱਚਿਆਂ ਨੂੰ ਕੋਈ ਮੁਸ਼ਕਲ ਨਾ ਆਵੇ ਤਾਂ ਇਸ ਵਿਚ ਅਤਿਕਥਨੀ ਨਹੀਂ ਹੋਵੇਗੀ।

Sikh

ਇਸਾਈ ਪ੍ਰਚਾਰਕਾਂ ਨੇ ਪੰਜਾਬ ਵਿਚ ਧਰਮ ਤਬਦੀਲ ਕਰਨ ਵਾਲਿਆਂ ਨੂੰ ਸਿੱਖ ਵਾਲੀ ਦਿਖ ਨਾ ਬਦਲਣ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ ਜਿਸ ਕਾਰਨ ਵਿਅਕਤੀ ਧਰਮ ਤਾਂ ਬਦਲ ਲੈਂਦਾ ਹੈ ਪਰ ਦਾਹੜੀ ਕੇਸ ਕਾਇਮ ਰਖਦਾ ਹੈ ਜਿਸ ਕਾਰਨ ਉਸ ਨੂੰ ਸਮਾਜ ਵਿਚ ਕਿਸੇ ਤਰ੍ਹਾਂ ਦੀ ਗੱਲ ਸੁਣਨੀ ਹੀ ਨਹੀਂ ਪੈਂਦੀ। ਪੰਜਾਬ ਵਿਚ ਖ਼ਾਸਕਰ ਸਰਹੱਦੀ ਖੇਤਰਾਂ ਵਿਚ ਇਸਾਈ ਪ੍ਰਚਾਰਕਾਂ ਨੇ ਉਨ੍ਹਾਂ ਲੋਕਾਂ ਨੂੰ ਅਪਣੇ ਜਾਲ ਵਿਚ ਫਸਾਇਆ ਹੈ ਜੋ ਜਾਤ ਪਾਤ ਦੀ ਵੰਡ ਕਾਰਨ ਪਏ ਵਖਰੇਵੇਂ ਕਰ ਕੇ ਸਮਾਜ ਵਿਚ ਨਿਰਾਸ਼ਤਾ ਭਰਿਆ ਜੀਵਨ ਬਤੀਤ ਕਰਦੇ ਹਨ, ਸਰੀਰਕ ਜਾਂ ਮਾਨਸਿਕ ਤੌਰ ’ਤੇ ਬਿਮਾਰ ਹਨ ਜਾਂ ਆਰਥਕ ਪਖੋਂ ਟੁੱਟ ਚੁੱਕੇ ਲੋਕਾਂ ਨੂੰ ਅਪਣੇ ਨਾਲ ਜੋੜਿਆ ਹੈ।

Conversion movement peaks in Punjab

ਸਿੱਖ ਸਮਾਜ ਦੀ ਸੱਭ ਤੋਂ ਵੱਡੀ ਬਦਕਿਸਮਤੀ ਇਹ ਵੀ ਹੈ ਕਿ ਅਸੀਂ ਗੁਰਦਵਾਰਾ ਸਾਹਿਬਾਨ ਦੀਆਂ ਇਮਾਰਤਾਂ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਪਰ ਅਪਣੇ ਭਰਾਵਾਂ ਦੇ ਮੁੜ ਵਸੇਬੇ ਲਈ ਦੁਅੱਨੀ ਖ਼ਰਚ ਕਰਨੀ ਜ਼ਰੂਰੀ ਨਹੀਂ ਸਮਝੀ। ਇਕ ਦੁਖਾਂਤ ਇਹ ਵੀ ਹੈ ਕਿ ਸਾਡੇ ਪਿੰਡਾਂ, ਕਸਬਿਆਂ ਤੇ ਛੋਟੇ ਸ਼ਹਿਰਾਂ ਵਿਚ ਗੁਰੂ ਘਰਾਂ ਦੇ ਸੇਵਾਦਾਰ ਕੁਝ ਹਜ਼ਾਰ ਰੁਪਏ ਤਨਖ਼ਾਹ ਲੈ ਕੇ ਗੁਜ਼ਾਰਾ ਕਰ ਰਹੇ ਹਨ। ਆਰਥਕ ਤੌਰ ਤੇ ਟੁੱਟ ਚੁੱਕੇ ਗ੍ਰੰਥੀ ਜਾਂ ਸੇਵਾਦਾਰ ਗੁਰਦਵਾਰਾ ਕਮੇਟੀਆਂ ਦੇ ਆਹੁਦੇਦਾਰਾਂ ਦੀਆਂ ਤੱਤੀਆਂ ਠੰਡੀਆਂ ਸੁਣ ਕੇ ਚੁੱਪ ਰਹਿਣਾ ਬਿਹਤਰ ਸਮਝਦੇ ਹਨ।