ਮੋਦੀ ਦੇ ਗੋਬਿੰਦ ਰਮਾਇਣ ਅਤੇ ਇਕਬਾਲ ਸਿੰਘ ਦੇ ਰਾਮ ਚੰਦਰ ਵੱਡੇ-ਵਡੇਰੇ ਕਹਿਣ ਦਾ ਮੁੱਦਾ ਭਖਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹੁਣ 'ਜਥੇਦਾਰਾਂ' ਦੀ ਨਰਿੰਦਰ ਮੋਦੀ ਅਤੇ ਇਕਬਾਲ ਸਿੰਘ ਵਿਰੁਧ ਜ਼ੁਬਾਨ ਨਹੀਂ ਖੁਲ੍ਹਣੀ : ਢਡਰੀਆਂਵਾਲੇ

File Photo

ਅਬੋਹਰ: ਅਯੋਧਿਆ ਰਾਮ ਜਨਮ ਭੂਮੀ ਦੇ ਸਬੰਧ ਵਿਚ ਰੱਖੇ ਪ੍ਰੋਗਰਾਮ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਵਲੋਂ ਸਿੱਖ ਕੌਮ ਨਾਲ ਸਬੰਧਤ ਕੀਤੀਆਂ ਟਿਪਣੀਆਂ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ ਪਰ ਦੂਜੇ ਪਾਸੇ ਅਕਾਲ ਤਖ਼ਤ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਦਿੱਲੀ ਅਤੇ ਹਰਿਆਣਾ ਦੀਆਂ ਕਮੇਟੀਆਂ ਨੇ ਉਕਤ ਮੁੱਦੇ ਤੋਂ ਚੁੱਪੀ ਵੱਟੀ ਹੋਈ ਹੈ।

ਅਯੋਧਿਆ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਸੰਬੋਧਨ ਦੌਰਾਨ ਰਾਮ ਚੰਦਰ ਦੀ ਉਪਮਾ ਕਰਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਾਮਾਇਣ ਲਿਖੀ ਜਦਕਿ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਪ੍ਰੋਗਰਾਮ ਦੌਰਾਨ ਸ਼ਮੂਲੀਅਤ ਕਰਦੇ ਹੋਏ ਗੱਲਬਾਤ ਦੌਰਾਨ ਕਿਹਾ ਕਿ ਗੁਰੂ ਨਾਨਕ ਸਾਹਿਬ ਤਾਂ ਭਗਵਾਨ ਰਾਮ ਚੰਦਰ ਦੇ ਪੁੱਤਰ ਕੁਸ਼ ਦੀ ਵੰਸ਼ ਵਿਚੋਂ ਬੇਦੀ ਬਣ ਕੇ ਆਏ ਜਦਕਿ ਲਵ ਦੀ ਵੰਸ਼ ਵਿਚੋਂ ਗੁਰੂ ਗੋਬਿੰਦ ਸਿੰਘ ਦੀ ਸੋਢੀ ਵੰਸ਼ ਅੱਗੇ ਚਲੀ ਅਤੇ ਰਾਮ ਚੰਦਰ ਤਾਂ ਸਾਡੇ ਵੀ ਪੂਰਵਜ ਹਨ।

ਇਸ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਈ ਸੂਝਵਾਨ ਸਿੱਖ ਚਿੰਤਕਾਂ ਨੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਤਲਬ ਕਰ ਕੇ ਪੁਛ ਪੜਤਾਲ ਕਰਨ ਦੀ ਮੰਗ ਕੀਤੀ ਹੈ। ਇਸ ਬਾਬਤ ਅਪਣੇ ਦੀਵਾਨ ਦੌਰਾਨ ਉਘੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਕਿਹਾ ਕਿ ਸਿੱਖ ਇਕ ਵਖਰੀ ਕੌਮ ਦਾ ਰੋਣਾ ਰੋਣ ਵਾਲੇ 'ਜਥੇਦਾਰ' ਹੁਣ ਕਿਉਂ ਚੁੱਪ ਹਨ? ਉਕਤ ਸੱਭ ਗੱਲਾਂ ਟਕਸਾਲ ਦੀ ਮਰਿਆਦਾ ਅਤੇ ਸ਼੍ਰੋਮਣੀ ਕਮੇਟੀ ਦੇ ਸਾਂਭੇ ਗ੍ਰੰਥ ਸੂਰਜ ਪ੍ਰਕਾਸ਼ ਅਤੇ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚ ਦਰਜ ਹਨ।

ਟਕਸਾਲਾਂ ਦੇ ਸਾਂਭੇ ਗ੍ਰੰਥਾਂ ਕਾਰਨ ਹੁਣ 'ਜਥੇਦਾਰਾਂ' ਦੀ ਨਰਿੰਦਰ ਮੋਦੀ ਅਤੇ ਇਕਬਾਲ ਸਿੰਘ ਵਿਰੁਧ ਜੁਬਾਨ ਨਹੀਂ ਖੁਲ੍ਹਣੀ, ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਝੱਟ ਉਪਰੋਂ ਆਏ ਹੁਕਮਾਂ ਬਾਅਦ ਅਹੁਦੇ ਤੋਂ ਲਾਂਭੇ ਕਰ ਦਿਤਾ ਜਾਵੇਗਾ। ਉਨ੍ਹਾਂ ਸਿੱਖ ਸੰਗਤ ਨੂੰ ਸੁਚੇਤ ਕਰਦੇ ਕਿਹਾ ਕਿ ਪੰਥ ਖ਼ਤਰੇ ਦਾ ਰਾਗ ਅਲਾਪਣ ਵਾਲੇ ਉਕਤ ਲੋਕਾਂ ਲਈ ਪੰਥ ਕਦੇ ਖ਼ਤਰੇ ਵਿਚ ਨਹੀਂ ਆਉਂਦਾ ਬਲਕਿ ਉਨ੍ਹਾਂ ਦੀਆਂ ਕੁਰਸੀਆਂ ਜਾਂ ਰੋਜ਼ੀ ਰੋਟੀ ਖ਼ਤਰੇ ਵਿਚ ਹੁੰਦੇ ਨੇ ਜਦਕਿ ਆਪਾਂ ਨੂੰ ਤਾਂ ਉਕਤ ਲੋਕ ਪੰਥ ਦਾ ਹਿੱਸਾ ਹੀ ਨਹੀਂ ਮੰਨਦੇ।

ਇਸ ਬਾਬਤ ਦਰਬਾਰ-ਏ-ਖ਼ਾਲਸਾ ਜਥੇਬੰਦੀ ਦੇ ਪ੍ਰਧਾਨ ਅਤੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਹੁਣ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਆਗੂਆਂ ਨੂੰ ਸਪੱਸ਼ਟ ਕਰ ਕੇ ਸੰਗਤਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ ਕਿ ਉਹ ਨਰਿੰਦਰ ਮੋਦੀ ਅਤੇ ਗਿਆਨੀ ਇਕਬਾਲ ਸਿੰਘ ਨਾਲ ਸਹਿਮਤ ਹਨ ਜਾਂ ਨਹੀਂ।

ਉਨ੍ਹਾਂ ਕਿਹਾ ਕਿ ਉਕਤ ਸੱਭ ਦੀ ਪਿਛਲੇ ਕਈ ਦਿਨਾਂ ਤੋਂ ਸਾਧੀ ਹੋਈ ਚੁੱਪੀ ਕੌਮ ਦੇ ਭਵਿੱਖ ਲਈ ਬਹੁਤ ਹੀ ਖ਼ਤਰਨਾਕ ਸਾਬਤ ਹੋਵੇਗੀ। ਇਸ ਬਾਬਤ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਦੇ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਪੀ.ਏ ਨੇ ਕਿਹਾ ਕਿ ਕਿਸ ਵਿਸ਼ੇ ਸਬੰਧੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਦਸਣ ਤੇ ਉਨ੍ਹਾਂ ਕਿਹਾ ਕਿ 'ਜਥੇਦਾਰ' ਬਾਹਰ ਗਏ ਹੋਏ ਹਨ। ਇਸ ਬਾਬਤ ਉਹ ਆਪ ਹੀ ਆ ਕੇ ਜਵਾਬ ਦੇਣਗੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।