ਬਾਦਲਾਂ ਦੀ ਅਬੋਹਰ ਰੈਲੀ 'ਚ ਲਾਕਟਾਂ ਵਾਲੇ ਡੇਰਾ ਪ੍ਰੇਮੀਆਂ ਦਾ ਇਕੱਠ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਨਸਾਫ਼ ਮੋਰਚੇ ਦੇ ਆਗੂਆਂ ਭਾਈ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ, ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ ਤੇ ਹੋਰ ਬੁਲਾਰਿਆਂ ਨੇ ਅੱਜ ਹਜ਼ਾਰਾਂ ਸੰਗਤਾਂ...

Bhai baljit singh daduwal and Dhyan singh mand

 ਇਨਸਾਫ਼ ਮੋਰਚੇ ਦੇ ਆਗੂਆਂ ਭਾਈ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ, ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ ਤੇ ਹੋਰ ਬੁਲਾਰਿਆਂ ਨੇ ਅੱਜ ਹਜ਼ਾਰਾਂ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬਾਦਲ ਪਰਵਾਰ ਸਮੇਤ ਅਕਾਲੀ ਆਗੂਆਂ ਉਪਰ ਤਾਬੜਤੋੜ ਹਮਲੇ ਕੀਤੇ। 

ਉਨ੍ਹਾਂ ਆਖਿਆ ਕਿ ਬਾਦਲਾਂ ਦੀ ਅੱਜ ਦੀ ਅਬੋਹਰ ਰੈਲੀ 'ਚ ਇਕੱਠ ਦਿਖਾਉਣ ਲਈ ਡੇਰਾ ਪ੍ਰੇਮੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ ਜਾਂ ਇਸ ਤਰ੍ਹਾਂ ਕਹਿਣਾ ਠੀਕ ਰਹੇਗਾ ਕਿ ਸਾਰੇ ਡੇਰਾ ਪ੍ਰੇਮੀ ਹੀ ਅਬੋਹਰ ਰੈਲੀ 'ਚ ਇਕੱਠੇ ਹੋਏ ਸਨ ਪਰ ਗੁਰੂ ਸਾਹਿਬਾਨ ਦੇ ਫ਼ਲਸਫ਼ੇ, ਸਿਧਾਂਤ ਅਤੇ ਵਿਚਾਰ ਧਾਰਾ ਨੂੰ ਸਮਰਪਿਤ ਇਕ ਵੀ ਸਿੱਖ ਨੇ ਉੱਥੇ ਸ਼ਿਰਕਤ ਨਹੀਂ ਕੀਤੀ। ਉਨ੍ਹਾਂ ਅਹਿਮ ਪ੍ਰਗਟਾਵਾ ਕਰਦਿਆਂ ਦਸਿਆ ਕਿ ਬਾਦਲਾਂ ਦੀ ਰੈਲੀ 'ਚ ਡੇਰਾ ਪ੍ਰੇਮੀਆਂ ਦੀ ਸ਼ਮੂਲੀਅਤ ਲਈ ਸੌਦਾ ਸਾਧ ਨੇ ਬਕਾਇਦਾ ਸੁਨਾਰੀਆ ਜੇਲ 'ਚੋਂ ਫ਼ੋਨ ਰਾਹੀਂ ਹੁਕਮ ਜਾਰੀ ਕੀਤਾ ਸੀ। 

ਉਨ੍ਹਾਂ ਆਖਿਆ ਕਿ ਬਾਦਲਾਂ ਦੇ ਨਿਜੀ ਟੀਵੀ ਚੈਨਲਾਂ ਰਾਹੀਂ ਸਿੱਧਾ ਪ੍ਰਸਾਰਣ ਦੇਖ ਕੇ ਕਈ ਸਿੱਖ ਸੰਗਤਾਂ ਨੇ ਮਹਿਸੂਸ ਕੀਤਾ ਕਿ ਅਬੋਹਰ ਰੈਲੀ 'ਚ ਬੈਠੇ ਡੇਰਾ ਪ੍ਰੇਮੀਆਂ ਦੇ ਗਲਾਂ 'ਚ ਲਟਕਦੇ ਸੌਦਾ ਸਾਧ ਦੇ ਲਾਟਕ ਸਾਫ਼ ਦਿਖਾਈ ਦੇ ਰਹੇ ਸਨ, ਜਦਕਿ ਕੋਈ ਵੀ ਸਾਬਤ ਸੂਰਤ ਸਿੱਖ ਨਜ਼ਰ ਨਹੀਂ ਸੀ ਆ ਰਿਹਾ। 
ਉਨ੍ਹਾਂ ਬਾਦਲ ਪਾਰਟੀ ਨੂੰ ਅਪਣੇ ਨਾਮ ਨਾਲ 'ਇੰਸਾ' ਸ਼ਬਦ ਜੋੜ ਲੈਣਾ ਚਾਹੀਦਾ ਹੈ ਤੇ ਸੰਗਤ ਨੂੰ ਅਪੀਲ ਕੀਤੀ ਗਈ ਕਿ ਅੱਜ ਤੋਂ ਬਾਅਦ ਬਾਦਲ ਪਿਉ-ਪੁੱਤ ਸਮੇਤ ਮਲੂਕਾ, ਢੀਂਡਸਾ, ਮਜੀਠੀਆ, ਵਲਟੋਹਾ ਅਤੇ ਹੋਰਨਾਂ ਅਕਾਲੀਆਂ ਨੂੰ 'ਇੰਸਾਂ' ਆਖ ਕੇ ਸੰਬੋਧਨ ਕੀਤਾ ਜਾਵੇ।

ਇਸ ਮੌਕੇ ਸੁਖਬੀਰ 'ਇੰਸਾਂ' ਮੁਰਦਾਬਾਦ ਦੇ ਅਕਾਸ਼ ਗੁੰਜਾਊ ਨਾਹਰੇ ਵੀ ਲਾਏ ਗਏ। ਬੀਤੇ ਦਿਨ ਦੀ ਤਰ੍ਹਾਂ ਅੱਜ ਦੂਜੇ ਦਿਨ ਵੀ ਪੰਜ ਪਿਆਰਿਆਂ ਵਲੋਂ ਗੁਰਦਵਾਰਾ ਕੋਲਸਰ ਸਾਹਿਬ ਬਰਗਾੜੀ ਵਿਖੇ 60 ਸਿੰਘ-ਸਿੰਘਣੀਆਂ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਇਨਸਾਫ਼ ਮੋਰਚੇ ਦੇ ਆਗੂਆਂ  ਨੂੰ 10 ਸਿੰਘਾਂ ਨੇ ਗੁਪਤ ਤੌਰ 'ਤੇ ਸ਼ਹੀਦੀ ਲਈ ਅਰਥਾਤ ਮਰਜੀਵੜਿਆਂ 'ਚ ਨਾਮ ਦਰਜ ਕਰਵਾਇਆ।

ਬਾਦਲਾਂ ਅਤੇ ਤਖ਼ਤਾਂ ਦੇ ਜਥੇਦਾਰਾਂ ਨੂੰ ਜਵਾਬਦੇਹ ਬਣਾਉਣ ਦੀ ਜੁਰਅੱਤ ਕਰਨ ਵਾਲੇ ਪੰਜ ਪਿਆਰਿਆਂ ਦੇ ਆਗੂ ਸਤਨਾਮ ਸਿੰਘ ਖੰਡਾ ਨੇ ਆਖਿਆ ਕਿ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਅਤੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਪੁਲਿਸੀਆ ਅਤਿਆਚਾਰ ਢਾਹੁਣ ਵਾਲਿਆਂ ਦੀ ਗ੍ਰਿਫ਼ਤਾਰੀ ਜ਼ਰੂਰੀ ਹੈ। 
ਭਾਈ ਬਲਜੀਤ ਸਿੰਘ ਦਾਦੂਵਾਲ ਨੇ ਦੋਸ਼ ਲਾਇਆ ਕਿ ਬਾਦਲ ਸਰਕਾਰ ਸਮੇਂ 1978 'ਚ 13 ਸਿੰਘ ਨਿਰੰਕਾਰੀਆਂ ਹੱਥੋਂ ਸ਼ਹੀਦ ਕਰਵਾਏ ਗਏ, ਫਿਰ ਨੂਰਮਹਿਲੀਆਂ ਤੋਂ ਸਿੰਘਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਜ਼ਲੀਲ ਕਰਵਾਇਆ ਗਿਆ, ਸੌਦਾ ਸਾਧ ਦੇ ਪ੍ਰੇਮੀਆਂ ਨੇ ਬਾਦਲਾਂ ਦੀ ਸ਼ਹਿ 'ਤੇ ਸਿੱਖਾਂ ਨੂੰ ਰੱਜ ਕੇ ਜ਼ਲੀਲ ਕੀਤਾ।

ਭਾਈ ਦਾਦੂਵਾਲ ਨੇ ਸਵਾਲ ਕੀਤਾ ਕਿ ਬਾਦਲ ਇਨ੍ਹਾਂ ਘਟਨਾਵਾਂ ਦਾ ਪੋਲ ਖੋਲ੍ਹ ਰੈਲੀਆਂ 'ਚ ਜ਼ਿਕਰ ਕਿਉਂ ਨਹੀਂ ਕਰਦੇ? ਕਿਉਂਕਿ ਪੰਥ ਦਾ ਘਾਣ ਕਰਨ ਵਾਲੀਆਂ ਬਾਦਲ ਪਰਵਾਰ ਦੀਆਂ ਘਟਨਾਵਾਂ ਦੀ ਸੂਚੀ ਪੜ੍ਹਨੀ ਹੋਵੇ ਤਾਂ ਬਹੁਤ ਲੰਮੀ ਸੂਚੀ ਹੋਣ ਕਰ ਕੇ ਕਾਫ਼ੀ ਸਮਾਂ ਬਰਬਾਦ ਕਰਨਾ ਪੈਂਦਾ ਹੈ।