ਦਰਬਾਰ ਸਾਹਿਬ 'ਚ ਲੰਗਰ ਲਈ ਮਿਲ ਸਕੇਗਾ ਵਿਦੇਸ਼ੀ ਚੰਦਾ, ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਇਹ ਫ਼ੈਸਲਾ ਅਗਲੇ 5 ਸਾਲ ਲਈ ਲਾਗੂ ਰਹੇਗਾ।

Centre grants FCRA registration to association running ‘langar’ at Golden Temple

ਨਵੀਂ ਦਿੱਲੀ - ਗ੍ਰਹਿ ਮੰਤਰਾਲੇ ਨੇ ਅੰਮ੍ਰਿਤਸਰ 'ਚ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐਫਸੀਆਰਏ) ਤਹਿਤ ਰਜਿਸਟਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਹੁਣ ਸ੍ਰੀ ਹਰਿਮੰਦਰ ਸਾਹਿਬ 'ਚ ਲੰਗਰ, ਲੋੜਵੰਦਾਂ ਦੀ ਮਦਦ ਸਮੇਤ ਵੱਖ-ਵੱਖ ਲੋਕ ਭਲਾਈ ਕਾਰਜ਼ਾਂ ਲਈ ਵਿਦੇਸ਼ਾਂ ਤੋਂ ਸਿੱਧਾ ਦਾਨ ਮਿਲ ਸਕੇਗਾ। ਇਹ ਫ਼ੈਸਲਾ ਅਗਲੇ 5 ਸਾਲ ਲਈ ਲਾਗੂ ਰਹੇਗਾ।

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕੇ ਕਿਹਾ, "ਸ੍ਰੀ ਦਰਬਾਰ ਸਾਹਿਬ ਦੀ ਇਲਾਹੀ ਸ਼ਕਤੀ ਸਾਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਦਹਾਕਿਆਂ ਤੋਂ ਐਨਆਰਆਈ ਸੰਗਤ ਉੱਥੇ ਸੇਵਾ ਕਰਨ 'ਚ ਅਸਮਰੱਥ ਸੀ। ਸ੍ਰੀ ਹਰਿਮੰਦਰ ਸਾਹਿਬ ਲਈ ਐਫਸੀਆਰਏ ਨੂੰ ਮਨਜ਼ੂਰੀ ਦੇਣ ਦੇ ਮੋਦੀ ਸਰਕਾਰ ਦੇ ਫ਼ੈਸਲੇ ਨਾਲ ਦੁਨੀਆਂ ਤੇ ਸ੍ਰੀ ਦਰਬਾਰ ਸਾਹਿਬ ਵਿਚਕਾਰ ਸੇਵਾ ਦੀ ਸਾਂਝ ਹੋਰ ਡੂੰਘੀ ਹੋ ਗਈ ਹੈ।"

ਅਮਿਤ ਸ਼ਾਹ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਐਫਸੀਆਰਏ ਬਾਰੇ ਫ਼ੈਸਲਾ ਬਹੁਤ ਸ਼ਲਾਘਾਯੋਗ ਕਦਮ ਹੈ, ਜੋ ਇਕ ਵਾਰ ਫਿਰ ਸਾਡੇ ਸਿੱਖ ਭੈਣਾਂ ਤੇ ਭਰਾਵਾਂ ਦੀ ਸੇਵਾ ਦੀ ਉੱਤਮ ਭਾਵਨਾ ਦਾ ਪ੍ਰਦਰਸ਼ਨ ਕਰੇਗੀ। ਜਾਣਕਾਰੀ ਮੁਤਾਬਿਕ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਚੀਮਾ ਵਲੋਂ 27 ਮਈ ਨੂੰ ਰਜਿਸਟ੍ਰੇਸ਼ਨ ਲਈ ਅਰਜ਼ੀ ਦਿੱਤੀ ਸੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਲਿਖਿਆ, "ਇਸ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ਵ ਭਰ ਤੋਂ ਸੇਵਾ ਪ੍ਰਾਪਤ ਕਰਨ ਤੇ ਗੁਰੂ ਸਾਹਿਬ ਦੀ ਫਿਲਾਸਫੀ ‘ਸਰਬੱਤ ਦਾ ਭਲਾ’ ਨੂੰ ਅੱਗੇ ਲਿਜਾਣ 'ਚ ਸਹਾਇਤਾ ਮਿਲੇਗੀ। ਇਸ ਲਈ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦੀ ਹਾਂ। ਇਸ ਪ੍ਰਵਾਨਗੀ ਤੋਂ ਬਾਅਦ ਦਰਬਾਰ ਸਾਹਿਬ ਦਾ ਪ੍ਰਬੰਧ ਕਰਨ ਲਈ ਵਿਦੇਸ਼ਾਂ ਤੋਂ ਦਸਵੰਦ ਸੇਵਾ ਪ੍ਰਾਪਤ ਕਰਨ 'ਚ ਸਹਾਇਤਾ ਮਿਲੇਗੀ।"