'ਸੋਨੇ ਦੀ ਪਾਲਕੀ ਲਈ ਪੈਸੇ ਇਕੱਠੇ ਕਰਨ ਲਈ ਜੋ ਗੋਲਕਾਂ ਰੱਖੀਆਂ ਹਨ, ਉਨ੍ਹਾਂ ਨੂੰ ਫੌਰਨ ਹਟਾਇਆ ਜਾਵੇ'

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਕਿਹਾ - ਪਾਕਿਸਤਾਨ ਵਲੋਂ ਹਰ ਜਥੇਬੰਦੀ ਨੂੰ ਨਗਰ ਕੀਰਤਨ ਲਿਜਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਸੀ

Giani Harpreet Singh

ਅੰਮ੍ਰਿਤਸਰ : ਪਾਕਿਸਤਾਨ ਭੇਜੀ ਜਾਣ ਵਾਲੀ ਸੋਨੇ ਦੀ ਪਾਲਕੀ ਲਈ ਸੰਗਤ ਤੋਂ ਪੈਸੇ ਇਕੱਠੇ ਕਰਨ ਲਈ ਜੋ ਗੋਲਕਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਵਲੋਂ ਰੱਖੀਆਂ ਗਈਆਂ ਹਨ, ਉਨ੍ਹਾਂ ਨੂੰ ਫੌਰਨ ਹਟਾਇਆ ਜਾਵੇ। ਇਸ ਦੇ ਨਾਲ ਹੀ ਜੋ ਪੈਸਾ ਇਕੱਠਾ ਕੀਤਾ ਗਿਆ ਹੈ ਉਸ ਦਾ ਵੀ ਪੂਰਾ ਹਿਸਾਬ ਤਿਆਰ ਕਰ ਕੇ ਸਿੱਖ ਸੰਗਤਾਂ ਨੂੰ ਫਲੈਕਸਾਂ ਰਾਹੀਂ ਦਸਿਆ ਜਾਵੇ ਅਤੇ ਨਾਲ ਹੀ ਅਕਾਲ ਤਖ਼ਤ ਸਾਹਿਬ ਨੂੰ ਵੀ ਭੇਜਿਆ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ।

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਤਾਰਪੁਰ ਪਾਕਿਸਤਾਨ ਲਈ ਸੋਨੇ ਦੀ ਪਾਲਕੀ ਭੇਜਣ ਦੀ ਤਿਆਰੀ ਸੀ।  ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੋਨੇ ਦੀ ਪਾਲਕੀ ਲਈ ਜੋ ਪੈਸਾ ਇਕੱਠਾ ਕੀਤਾ ਗਿਆ ਹੈ ਉਸ ਦਾ ਵੀ ਪੂਰਾ ਹਿਸਾਬ ਤਿਆਰ ਕਰ ਕੇ ਸਿੱਖ ਸੰਗਤਾਂ ਨੂੰ ਫਲੈਕਸਾਂ ਰਾਹੀਂ ਦੱਸਿਆ ਜਾਵੇ ਅਤੇ ਨਾਲ ਹੀ ਅਕਾਲ ਤਖ਼ਤ ਸਾਹਿਬ ਨੂੰ ਵੀ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਕਮੇਟੀ ਵਲੋਂ ਸੋਨੇ ਦੀ ਪਾਲਕੀ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਵਿਚ ਦਿੱਤੀ ਗਈ ਸੀ ਜੋ ਅਜੇ ਤੱਕ ਇਸਤੇਮਾਲ ਵਿਚ ਨਹੀਂ ਲਿਆਈ ਗਈ ਹੈ।

ਜਥੇਦਾਰ ਨੇ ਕਿਹਾ ਕਿ ਸੋਨੇ ਦੀ ਪਾਲਕੀ ਲਿਜਾਉਣ ਲਈ ਵੀ ਇਜਾਜ਼ਤ ਦੀ ਲੋੜ ਹੁੰਦੀ ਹੈ ਪਰ ਦਿੱਲੀ ਕਮੇਟੀ ਕੋਲ ਅਜਿਹੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਨੇ ਦੀ ਪਾਲਕੀ ਦੀ ਥਾਂ ਜੇ ਕਮੇਟੀ ਵਲੋਂ ਪਾਕਿਸਤਾਨ ਵਿਚ ਰਹਿ ਰਹੇ ਸਿੱਖਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਪੈਸਾ ਇਕੱਠਾ ਕੀਤਾ ਜਾਂਦਾ ਤਾਂ ਇਸ ਨਾਲ ਕੌਮੀ ਭਲਾ ਵੀ ਹੋਣਾ ਸੀ ਤੇ ਨਾਲ ਹੀ ਸੰਗਤਾਂ ਵਿੱਚ ਰੋਸ ਵੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਸੋਨੇ ਦੀ ਪਾਲਕੀ ਸੁਸ਼ੋਭਿਤ ਕਰਨ ਬਾਰੇ ਅਕਾਲ ਤਖ਼ਤ ਸਿੱਖ ਚਿੰਤਕਾਂ ਨਾਲ ਸਲਾਹ ਕਰਕੇ ਫੈਸਲਾ ਲਵੇਗਾ। ਇਸ ਤੋਂ ਇਲਾਵਾ ਦਿੱਲੀ ਦੀਆਂ ਸੰਗਤਾਂ ਵਲੋਂ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਦਿੱਲੀ ਤੋਂ ਇੱਕੋ ਨਗਰ ਕੀਰਤਨ ਹੀ ਪਾਕਿਸਤਾਨ ਜਾਣਾ ਚਾਹੀਦਾ ਹੈ।

ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਲੋਂ ਇੱਕੋ ਨਗਰ ਕੀਰਤਨ ਨੂੰ ਲਿਜਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਮੰਦਭਾਗਾ ਹੈ ਅਤੇ ਪਾਕਿਸਤਾਨ ਵਲੋਂ ਹਰ ਜਥੇਬੰਦੀ ਨੂੰ ਨਗਰ ਕੀਰਤਨ ਲਿਜਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਸੀ।