ਦਿੱਲੀ ਵਿਚ ਹੋ ਰਹੇ ਗਤਕਾ ਮੁਕਾਬਲਿਆਂ ਵਿਚ ਸ਼ਾਮਲ ਹੋਣਗੀਆਂ 18 ਸੂਬਿਆਂ ਦੀਆਂ ਟੀਮਾਂ
ਇਨ੍ਹਾਂ ਦੀ ਰਿਹਾਇਸ਼ ਤੇ ਲੰਗਰ ਦੇ ਮੁਫ਼ਤ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ ਗਿਆ ਹੈ।
ਨਵੀਂ ਦਿੱਲੀ(ਅਮਨਦੀਪ ਸਿੰਘ): ਦਿੱਲੀ ਵਿਚ ਹੋ ਰਹੇ 11ਵੇਂ ਗਤਕਾ ਮੁਕਾਬਲਿਆਂ ਵਿਚ 18 ਸੂਬਿਆਂ ਤੋਂ 950 ਕੁੜੀਆਂ ਮੁੰਡੇ ਸ਼ਾਮਲ ਹੋ ਕੇ ਸਿੱਖ ਮਾਰਸ਼ਲ ਆਰਟ ਗਤਕੇ ਦੇ ਜੌਹਰ ਵਿਖਾਉਣਗੇ। 11 ਅਤੇ 12 ਅਕਤੂਬਰ ਨੂੰ ਦਿੱਲੀ ਦੇ ਤਾਲਕਟੋਰਾ ਇੰਡੋਰ ਸਟੇਡੀਅਮ ਵਿਖੇ ਨੈਸ਼ਨਲ ਗਤਕਾ ਐਸੋਸੀਏਸ਼ਨ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਦੋ ਦਿਨਾਂ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿਚ 14, 17 19, 22 ਅਤੇ 25 ਸਾਲ ਉਮਰ ਵਰਗ ਦੇ ਮੁੰਡੇ ਕੁੜੀਆਂ ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ਦੀ ਰਿਹਾਇਸ਼ ਤੇ ਲੰਗਰ ਦੇ ਮੁਫ਼ਤ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ ਗਿਆ ਹੈ।
ਅੱਜ ਇਥੇ ਜਾਰੀ ਇਕ ਬਿਆਨ ਵਿਚ ਇਹ ਪ੍ਰਗਟਾਵਾ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਐਸੋਸੀਏਸ਼ਨ ਦੇ ਦਿੱਲੀ ਚੇਅਰਮੈਨ ਸਰਵਜੀਤ ਸਿੰਘ ਵਿਰਕ (ਐਗ਼ਜ਼ੈਕਟਿਵ ਮੈਂਬਰ ਦਿੱਲੀ ਕਮੇਟੀ) ਨੇ ਦਸਿਆ ਕਿ ਇਹ ਮੁਕਾਬਲੇ ਭਾਰਤ ਦੀ ਅਮੀਰ ਗਤਕਾ ਵਿਰਾਸਤ ਨੂੰ ਪੇਸ਼ ਕਰਨਗੇ। ਖਿਡਾਰੀਆਂ ਨੂੰ ਅਪਣੇ ਅਪਣੇ ਸੂਬਿਆਂ ਦੀਆਂ ਖੇਡ ਕਿੱਟਾਂ ਪਹਿਨਣ ਲਈ ਉਤਸ਼ਾਹਤ ਕੀਤਾ ਜਾਵੇਗਾ ਤਾਕਿ ਮੁਕਾਬਲਿਆਂ ਦੀ ਨਿਰਪੱਖਤਾ ਬਣੀ ਰਹੇ। ਉਨ੍ਹਾਂ ਖ਼ੇਡ ਪ੍ਰੇਮੀਆਂ ਨੂੰ ਮੁਕਾਬਲਿਆਂ ਵਿਚ ਸ਼ਾਮਲ ਹੋ ਕੇ ਗਤਕੇ ਦੇ ਜੌਹਰ ਵੇਖਣ ਦੀ ਅਪੀਲ ਕੀਤੀ।