ਲਾਪਤਾ ਸਰੂਪਾਂ ਦੇ ਮਾਮਲੇ 'ਚ ਪੜਤਾਲੀਆ ਰੀਪੋਰਟ ਵਿਚ ਹੇਰਾਫੇਰੀ ਕੀਤੀ ਗਈ : ਭਾਈ ਰਣਜੀਤ ਸਿੰਘ
ਕਿਹਾ, ਹਰਪ੍ਰੀਤ ਸਿੰਘ ਤੇ ਈਸ਼ਰ ਸਿੰਘ ਤੋਂ 328 ਸਰੂਪਾਂ ਦਾ ਹਿਸਾਬ ਲੈ ਕੇ ਹੀ ਸਾਹ ਲਿਆ ਜਾਵੇਗਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਜਿਹੜੀ ਰੀਪੋਰਟ ਦੀ ਕਾਪੀ ਹੈ ਉਹ ਉਨ੍ਹਾਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਈਟ ਤੇ ਫ਼ੇਸਬੁੱਕ ਤੋਂ ਲਈ ਹੈ ਜਿਸ ਵਿਚ ਸਪੱਸ਼ਟ ਲਿਖਿਆ ਹੈ ਕਿ ਬਾਦਲਾਂ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ।
ਭਾਈ ਰਣਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ 7 ਨਵੰਬਰ ਨੂੰ ਜਿਹੜਾ ਇਕੱਠ ਗੋਲਡਨ ਪਲਾਜ਼ਾ ਵਿਖੇ ਕੀਤਾ ਸੀ ਉਸ ਦਾ ਕੋਈ ਸਿਆਸੀ ਮਕਸਦ ਨਹੀਂ ਸਗੋਂ ਨਿਰੋਲ ਧਾਰਮਕ ਸੀ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ 267 ਸਰੂਪਾਂ ਦੀ ਜਾਂਚ ਲਈ ਇਕ ਕਮੇਟੀ ਬਣਾਈ ਸੀ ਜਿਸ ਵਿਚ ਇਕ ਮਹਿਲਾ ਸਾਬਕਾ ਜੱਜ ਹਾਲਤ ਵੇਖ ਕੇ ਪਹਿਲਾਂ ਹੀ ਪਾਸੇ ਹੋ ਗਈ ਸੀ ਪਰ ਦੋ ਨੰਬਰ ਦਾ ਵਿਅਕਤੀ ਜਿਹੜਾ ਅਪਣੇ ਆਪ ਨੂੰ ਕਦੇ ਡਾਕਟਰ ਤੇ ਕਦੇ ਐਡਵੋਕੇਟ ਅਖਵਾਉਂਦਾ ਸੀ ਉਸ ਨੇ ਹੁਣ ਅਪਣੀ ਇਕ ਇੰਟਰਵਿਊ ਵਿਚ ਕਿਹਾ ਕਿ ਭਾਈ ਰਣਜੀਤ ਸਿੰਘ ਝੂਠ ਬੋਲ ਰਿਹਾ ਹੈ।
ਉਸ ਦਾ ਕਹਿਣਾ ਹੈ ਕਿ ਉਸ ਨੇ ਤਿੰਨ ਰੀਪੋਰਟਾਂ ਤਿਆਰ ਕੀਤੀਆਂ ਸਨ ਜਿਨ੍ਹਾਂ ਵਿਚ ਇਕ ਰੀਪੋਰਟ ਜਿਸ ਦੇ ਹਰ ਸਫ਼ੇ ਤੇ ਤਿੰਨ ਜਾਂਚ ਕਰਨ ਵਾਲੇ ਅਧਿਕਾਰੀਆਂ ਦੇ ਦਸਤਖ਼ਤ ਹਨ ਤੇ ਦੋ ਰੀਪੋਰਟ ਦੀਆਂ ਕਾਪੀਆਂ ਅਕਾਲ ਤਖ਼ਤ ਨੂੰ ਸੌਂਪੀਆਂ ਜਿਨ੍ਹਾਂ ਦੇ ਸਿਰਫ਼ ਆਖ਼ਰੀ ਸਫ਼ੇ 'ਤੇ ਦਸਤਖ਼ਤ ਹਨ। ਜੇਕਰ ਈਸ਼ਰ ਸਿੰਘ ਐਡਵੋਕੇਟ ਹੈ ਤਾਂ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਜੱਜ ਕੋਈ ਜੱਜਮੈਂਟ ਲਿਖਦਾ ਹੈ ਤਾਂ ਹਰ ਸਫ਼ੇ 'ਤੇ ਦਸਤਖ਼ਤ ਕਰਦਾ ਹੈ ਤਾਕਿ ਉਸ ਵਿਚ ਕੋਈ ਤਬਦੀਲੀ ਨਾ ਕਰ ਸਕੇ ਪਰ ਈਸ਼ਰ ਸਿੰਘ ਦਾ ਇਹ ਕਹਿਣਾ ਸਾਬਤ ਕਰਦਾ ਹੈ ਕਿ ਅਸਲੀ ਕਾਪੀ ਉਸ ਕੋਲ ਹੈ ਤੇ ਰੀਪੋਰਟ ਦੀ ਕਾਪੀ ਹੀ ਅਕਾਲ ਤਖ਼ਤ ਸਾਹਿਬ ਨੂੰ ਦਿਤੀ ਗਈ ਹੈ। ਪਹਿਲਾਂ ਤਾਂ ਇਹ ਸਪੱਸ਼ਟ ਕਰਨ ਕਿ ਅਸਲੀ ਕਾਪੀ ਉਨ੍ਹਾਂ ਕੋਲ ਕੀ ਕਰਦੀ ਹੈ ਤੇ ਦੂਸਰੇ ਪਾਸੇ ਉਹ ਆਪ ਵੀ ਚੈੱਕ ਕਰ ਲੈਣ ਕਿ ਉਨ੍ਹਾਂ ਨੇ ਲਿਖਿਆ ਹੈ ਕਿ 15 ਮਈ 2016 ਨੂੰ ਜਿਹੜੇ ਸਰੂਪ ਸੜ ਗਏ ਸਨ ਉਨ੍ਹਾਂ ਨੂੰ ਅਗਨ ਭੇਟ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ 'ਤੇ ਕੀਤਾ ਗਿਆ ਹੈ।
ਇਸੇ ਤਰ੍ਹਾਂ ਇਹ ਵੀ ਲਿਖਿਆ ਕਿ ਕੁਲਵੰਤ ਸਿੰਘ ਨਾਮੀ ਦਸਤਾਵੇਜ਼ ਬੰਨ੍ਹਣ ਵਾਲੇ ਨੇ ਕਿਹਾ ਕਿ ਮੀਤ ਸਕੱਤਰ ਗੁਰਬਚਨ ਸਿੰਘ ਨੇ ਉਨ੍ਹਾਂ ਨੂੰ ਕੁੱਝ ਅੰਗ ਦਿਤੇ ਸਨ ਕਿ ਇਨ੍ਹਾਂ ਦੀ ਜਿਲਤਸਾਜ਼ੀ ਕਰ ਦਿਉ ਤਾਕਿ 125 ਸਰੂਪ ਹੋਰ ਬਣਾ ਕੇ 267 ਸਰੂਪ ਪੂਰੇ ਕੀਤੇ ਜਾ ਸਕਣ। ਕੀ ਇਹ ਰੀਪੋਰਟ ਵਿਚ ਦਰਜ ਨਹੀਂ? ਈਸ਼ਰ ਸਿੰਘ ਵਾਰ ਵਾਰ ਕਹਿ ਰਿਹਾ ਹੈ ਕਿ ਭਾਈ ਰਣਜੀਤ ਸਿੰਘ ਦੀ ਬੋਲ ਬਾਣੀ ਖਰਵੀ ਹੈ ਤੇ ਉਹ ਝੂਠ ਬੋਲ ਰਿਹਾ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਗੋਲਡਨ ਪਲਾਜ਼ਾ ਵਿਚ ਧਰਨਾ ਦੇਣਾ ਗ਼ਲਤ ਸੀ, ਬਿਲਕੁਲ ਠੀਕ ਹੈ ਕਿਉਂਕਿ ਇਹ ਧਰਨਾ ਨਹੀਂ ਸਗੋਂ ਸੰਗਤ ਗਿਆਨੀ ਹਰਪ੍ਰੀਤ ਸਿੰਘ ਤੇ ਗੋਬਿੰਦ ਸਿੰਘ ਲੌਂਗੋਵਾਲ ਕੋਲੋਂ ਜਾਣਕਾਰੀ ਲੈਣਾ ਚਾਹੁੰਦੀ ਸੀ ਕਿ ਉਹ ਆ ਕੇ ਸੰਗਤਾਂ ਨੂੰ ਸਪੱਸ਼ਟ ਕਰਨ ਕਿ ਲਾਪਤਾ ਹੋਏ 328 ਸਰੂਪ ਕਿਥੇ ਹਨ? ਜਿਹੜੇ ਸਤਿਕਾਰ ਕਮੇਟੀ ਵਾਲੇ ਸ਼ਾਂਤਮਈ ਤਰੀਕੇ ਨਾਲ ਜਾਣਕਾਰੀ ਲੈਣ ਆਏ ਸੀ ਉਨ੍ਹਾਂ ਦੀ ਕੁੱਟਮਾਰ ਕਰ ਕੇ ਹਸਪਤਾਲ ਭੇਜ ਦਿਤਾ ਗਿਆ। ਸਿਰਫ਼ ਇਸ ਕਰ ਕੇ ਹੀ ਆਏ ਸਨ ਕਿ ਇਹ ਕਹਿਣਾ ਕਿ ਕਿਸੇ ਨੂੰ ਵੀ ਇਥੇ ਮੋਰਚਾ ਲਗਾਉਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।
ਵੈਸੇ ਵੀ ਇਹ ਥਾਂ ਪੰਜਾਬ ਸਰਕਾਰ ਦੀ ਹੈ ਤੇ ਇਥੇ ਸੰਗਤਾਂ ਆਮ ਤੌਰ 'ਤੇ ਬੈਠਦੀਆਂ ਵੀ ਹਨ ਤੇ ਜੁੱਤੀਆਂ ਪਾ ਕੇ ਘੁੰਮਦੀਆਂ ਵੀ ਹਨ। ਚਰਨ ਗੰਗਾ ਤੇ ਅੱਗੇ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਸ਼ੁਰੂ ਹੁੰਦਾ ਜਿਥੇ ਕੋਈ ਨਾਹਰਾ ਨਹੀਂ ਵੱਜ ਸਕਦਾ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਬੂਹੇ ਅੱਗੇ ਕਿੰਨੀ ਵਾਰੀ ਧਰਨੇ ਲੱਗ ਚੁੱਕੇ ਹਨ। ਅਕਾਲ ਤਖ਼ਤ ਸਾਹਿਬ 'ਤੇ ਹਵਨ ਕੁੰਢ ਵੀ ਬਣੇ ਸਨ ਤੇ ਅਕਾਲ ਤਖ਼ਤ ਤੋਂ ਮਰਜੀਵੜੇ ਬਣਾ ਕੇ ਜਿਹੜੀ ਨਾਹਰੇਬਾਜ਼ੀ ਕੀਤੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿੰਨਾ ਚਿਰ ਤਕ ਇਨ੍ਹਾਂ ਕੋਲੋਂ 328 ਸਰੂਪਾਂ ਦਾ ਹਿਸਾਬ ਨਹੀਂ ਲੈ ਲੈਂਦੇ ਉਨਾ ਚਿਰ ਤਕ ਸੰਘਰਸ਼ ਜਾਰੀ ਰਹੇਗਾ।