ਤਖ਼ਤ ਸ੍ਰੀ ਪਟਨਾ ਸਾਹਿਬ ਦਾ ਵਿਵਾਦ ਭਖਿਆ, ਹੁਣ ਪੰਜਾਂ ਤਖ਼ਤਾਂ ਦੇ ਪੰਜ ਪਿਆਰਿਆਂ ਨੇ ਕੱਢੇ ਪੱਤਰ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਨੇ ਫਿਰ ਲਿਖੀ ਚਿੱਠੀ

The controversy of Takht Sri Patna Sahib broke out, now the five loved ones of the five thrones have issued letters

 

ਅੰਮ੍ਰਿਤਸਰ - ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇਕ ਵਾਰ ਮੁੜ ਚਿੱਠੀ ਲਿਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤੇ ਗਿਆਨੀ ਇਕਬਾਲ ਸਿੰਘ ਨੂੰ ਤਖ਼ਤ ਸਾਹਿਬ ਪਰਿਸਰ ਦੇ ਅੰਦਰ ਰਿਹਾਇਸ਼ ਖਾਲੀ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ। ਜਾਰੀ ਪੱਤਰ ਵਿਚ ਕਿਹਾ ਗਿਆ ਕਿ ਆਪ ਨੂੰ ਪਹਿਲਾਂ ਵੀ ਪੱਤਰ ਲਿਖ ਕੇ ਰਿਹਾਇਸ਼ ਖਾਲੀ ਕਰਨ ਲਈ ਕਿਹਾ ਗਿਆ ਸੀ ਪਰ ਆਪ ਨੇ ਇਸ ਪਾਸੇ ਧਿਆਨ ਨਹੀ ਦਿੱਤਾ।

ਕਮੇਟੀ ਨੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਆਦੇਸ਼ ਤੋ ਬਾਅਦ ਪਟਨਾ ਸਾਹਿਬ ਦੇ ਇਕ ਗ੍ਰੰਥੀ ਗੁਰਦਿਆਲ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਕਰਨ ਦੇ ਦੋਸ਼ ਚ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਉਧਰ ਅੱਜ ਪੰਜਾਬ ਦੇ ਤਿੰਨ ਤਖ਼ਤ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾਂ ਵਲੋ ਪੰਜ ਪਿਆਰੇ ਸਿੰਘਾਂ ਦਾ ਨਾਮ ਵਰਤ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਨੂੰ ਚਣੌਤੀ ਦੇਣ ਤੇ ਸਮੂਹ ਤਖਤ ਸਾਹਿਬਾਨ ਦੇ ਪੰਜਾਂ ਪਿਆਰਿਆਂ ਨੇ ਕਿਹਾ ਹੈ ਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਚਣੌਤੀ ਹੈ।

ਅੱਜ ਜਾਰੀ ਆਦੇਸ਼ਾਂ ਵਿਚ ਪੰਜ ਪਿਆਰੇ ਸਿੰਘਾਂ ਨੇ ਕਿਹਾ ਕਿ ਸਿੱਖ ਜਗਤ ਦੇ ਫੈਸਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਾਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੇ ਆਏ ਹਨ ਤੇ ਇਸ ਮਹਾਨ ਤਖਤ ਤੋਂ ਜਾਰੀ ਹੋਏ ਕਿਸੇ ਵੀ ਆਦੇਸ਼ ਤੇ ਹੁਕਮਨਾਮੇ ਤੇ ਦੁਨਿਆਵੀ ਅਦਾਲਤਾਂ ਦੇ ਫੈਸਲੇ ਲਾਗੂ ਨਹੀਂ ਹੁੰਦੇ। ਪਟਨਾ ਸਾਹਿਬ ਦੇ ਪੰਜ ਗ੍ਰੰਥੀ ਸਿੰਘਾਂ ਨੇ ਜੋ ਇਹ ਪਹਿਲਕਦਮੀ ਕੀਤੀ ਹੈ ਉਸ ਨਾਲ ਸਮੁੱਚੇ ਸਿੱਖ ਜਗਤ 'ਚ ਰੋਸ ਦੀ ਲਹਿਰ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੇ ਕਿੰਤੂ ਕਰਨ ਵਾਲਿਆਂ ਨੂੰ ਸਖ਼ਤ ਤਾੜਣਾ ਕੀਤੀ ਹੈ। ਵੱਖ ਵੱਖ ਜਾਰੀ ਪੱਤਰਾਂ ਵਿਚ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੇ ਇਤਰਾਜ ਕਰਨਾ ਪੰਥ ਦੇ ਫੈਸਲੇ ਨੂੰ ਚਣੌਤੀ ਦੇਣ ਦੇ ਬਰਾਬਰ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।