ਟਿਕ-ਟਾਕ 'ਤੇ ਅਪਣੀ ਵੀਡੀਉ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਪਾਉਣ ਵਾਲੀ ਲੜਕੀ ਨੇ ਮੰਗੀ ਮਾਫ਼ੀ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਟਿਕ-ਟਾਕ 'ਤੇ ਦੋ ਮਹੀਨੇ ਪਹਿਲਾਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਅਪਣੀ ਵੀਡੀਉ ਬਣਾ ਕੇ ਉਸ ਤੇ ਲੱਚਰਤਾ ਵਾਲਾ ਗੀਤ......

Tik tok in Darbar Sahib Complex

ਜੋਗਾ : ਟਿਕ-ਟਾਕ 'ਤੇ ਦੋ ਮਹੀਨੇ ਪਹਿਲਾਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਅਪਣੀ ਵੀਡੀਉ ਬਣਾ ਕੇ ਉਸ ਤੇ ਲੱਚਰਤਾ ਵਾਲਾ ਗੀਤ ਲਗਾਉਣ ਵਾਲੀ ਲੜਕੀ ਆਖ਼ਰ ਸਾਹਮਣੇ ਆ ਗਈ । ਇਸ ਲੜਕੀ ਵਲੋਂ ਅਪਣੀ ਵੀਡੀਉ ਪਾਉਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਇਸ ਲੜਕੀ ਵਿਰੁਧ ਸ਼੍ਰੋਮਣੀ ਕਮੇਟੀ ਤੋਂ ਲੜਕੀ ਵਿਰੁਧ ਕੇਸ ਕਰਨ ਲਈ ਕਿਹਾ ਗਿਆ ਸੀ ਪਰ ਦੋ ਮਹੀਨਿਆਂ ਤੋਂ ਸ਼੍ਰੋਮਣੀ ਕਮੇਟੀ ਨੂੰ ਲੜਕੀ ਤਾਂ ਨਹੀਂ ਲੱਭੀ ਪਰ ਹੁਣ ਲੜਕੀ ਅਪਣੇ- ਆਪ ਹੀ ਸਾਹਮਣੇ ਆ ਗਈ ਹੈ । ਇਸ ਲੜਕੀ ਨੇ ਅਪਣੀ ਸੋਸ਼ਲ ਮੀਡੀਆ 'ਤੇ ਇਕ ਤਾਜ਼ੀ ਵੀਡੀਉ ਪਾ ਕੇ ਸਿੱਖ ਸੰਗਤ ਤੋਂ ਹੱਥ ਜੋੜ ਕੇ ਮਾਫ਼ੀ ਮੰਗੀ ਹੈ।

ਲੜਕੀ ਨੇ ਦਸਿਆ ਕਿ ਉਹ ਅਪਣੇ ਪ੍ਰਵਾਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਪਹਿਲੀ ਵਾਰ ਆਈ ਸੀ। ਉਸ ਨੇ ਜੋ ਵੀਡੀਉ ਬਣਾਈ ਹੈ ਜਿਸ ਕਰ ਕੇ ਸਿੱਖ ਸੰਗਤ ਨੂੰ ਦੁੱਖ ਪਹੁੰਚਿਆ ਹੈ, ਉਹ ਉਸ ਲਈ ਮਾਫ਼ੀ ਮੰਗਦੀ ਹੈ। ਲੜਕੀ ਨੇ ਕਿਹਾ ਕਿ ਉਸ ਨੂੰ ਮਾਫ਼ ਕੀਤਾ ਜਾਵੇ। ਹੁਣ ਦੇਖਣਾ ਬਣਦਾ ਕਿ ਸ਼੍ਰੋਮਣੀ ਕਮੇਟੀ ਇਸ ਲੜਕੀ 'ਤੇ ਕੋਈ ਕਾਰਵਾਈ ਕਰਦੀ ਜਾਂ ਫਿਰ ਉਸ ਨੂੰ ਮਾਫ਼ ਕਰਦੀ ਹੈ ।