ਮਰਿਆਦਾ ਦੇ ਉਲਟ ਜਾ ਕੇ ਹੋਈ ਦਸਤਾਰਬੰਦੀ: ਗਿਆਨੀ ਰਘਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

''ਬਿਨਾਂ ਗੁਰੂ ਗ੍ਰੰਥ ਦੇ ਪ੍ਰਕਾਸ਼ ਦੇ ਦਸਤਾਰਬੰਦੀ ਚੋਰੀ ਛਿਪੇ ਕੀਤੀ ਗਈ''

Giani Raghbir Singh News in punjabi

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅੰਮ੍ਰਿਤ ਵੇਲੇ ਹੋਈ ਦਸਤਾਰਬੰਦੀ 'ਤੇ ਬੋਲਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਦਸਤਾਰਬੰਦੀ ਦੌਰਾਨ ਮਰਿਆਦਾ ਦਾ ਵੱਡਾ ਘਾਣ ਕੀਤਾ ਗਿਆ ਹੈ, ਜਿਸ ਸੰਬੰਧੀ ਉਨ੍ਹਾਂ ਕੋਲ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਵੀ ਇਤਰਾਜ਼ ਉਠਾਏ ਹਨ।

ਉਨ੍ਹਾਂ ਕਿਹਾ ਕਿ ਕਿ ਮੈਂ ਇਸ ਬਾਰੇ ਟਿੱਪਣੀ ਨਹੀਂ ਸੀ ਕਰਨਾ ਚਾਹੁੰਦਾ ਕਿ ਬਾਬਾ ਬੁੱਢਾ ਸਾਹਿਬ ਦੀ ਪਵਿੱਤਰ ਗੱਦੀ 'ਤੇ ਤੈਸ਼ ਵਿਚ ਆ ਕੇ ਗੰਦੇ ਛਿਟੇ ਨਾ ਪਾਏ ਜਾਣ, ਪਰ ਸੰਗਤਾਂ ਵਲੋਂ ਸੁਨੇਹੇ ਭੇਜਣ ’ਤੇ ਮੈਂ ਮਰਿਆਦਾ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਜਥੇਦਾਰਾਂ ਦੀ ਨਿਯੁਕਤੀ ਕਰਦੀ ਹੈ ਅਤੇ ਜਥੇਦਾਰ ਦੀ ਸੇਵਾ ਸੰਭਾਲਣ ਸੰਬੰਧੀ ਵਿਸ਼ੇਸ਼ ਤੌਰ ’ਤੇ ਗੁਰਮਤਿ ਸਮਾਗਮ ਸਜਾਇਆ ਜਾਂਦਾ ਹੈ ਤੇ ਇਸ ਵਿਚ ਸ਼ਾਮਲ ਹੋਣ ਲਈ ਸਮੂਹ ਸਿੱਖ ਜਥੇਬੰਦੀਆਂ ਸੰਪਰਦਾਵਾਂ , ਨਿਹੰਗ ਸਿੰਘ ਜਥੇਬੰਦੀਆਂ, ਉਦਾਸੀਆਂ ਨਿਰਮਲਿਆਂ ਸੰਤਾਂ ਮਹਾਂਪੁਰਖਾਂ ਨੂੰ ਸੱਦਾ ਦਿੱਤਾ ਜਾਂਦਾ ਹੈ। 

ਇਸ ਸਮਾਗਮ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਦੀ ਨਿਯੁਕਤੀ ਦਾ ਐਲਾਨ ਕਰਦਾ ਹੈ ਤੇ ਸੰਗਤ ਜੈਕਾਰੇ ਬੁਲਾ ਕੇ ਉਸ ਨੂੰ ਪ੍ਰਵਾਨਗੀ ਦਿੰਦੀ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਰਵਾਇਤ ਅਨੁਸਾਰ ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਜਥੇਦਾਰ ਨੂੰ ਪਹਿਲੀ ਦਸਤਾਰ ਦਿੰਦਾ ਹੈ ਤੇ ਇਸੇ ਤਰ੍ਹਾਂ ਫਿਰ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਉਨ੍ਹਾਂ ਨੂੰ ਦਸਤਾਰਾਂ ਭੇਟ ਕੀਤੀਆਂ ਜਾਂਦੀਆਂ ਹਨ। 

ਪਰ ਬੀਤੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਸੰਭਾਲ ਸਮੇਂ ਮਰਿਆਦਾ ਦੀ ਵੱਡੀ ਉਲੰਘਣਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਵਿਖੇ ਅਜੇ ਪ੍ਰਕਾਸ਼ ਵੀ ਨਹੀਂ ਸੀ ਹੋਇਆ। ਉਨ੍ਹਾਂ ਕਿਹਾ ਕਿ ਇਹ ਮਰਿਆਦਾ ਦੀ ਵੱਡੀ ਉਲੰਘਣਾ ਕੀਤੀ ਗਈ ਹੈ, ਜਿਸ ਬਾਰੇ ਸੰਗਤਾਂ ਵਿਚ ਰੋਸ ਉਠਣਾ ਸੁਭਾਵਿਕ ਹੈ।