ਆਨਲਾਈਨ ਵਿੱਕ ਰਹੀਆਂ ਹਨ ਸਿੱਖ ਗੁਰੂਆਂ ਦੀਆਂ ਮੂਰਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚੀਨ 'ਚ ਬਣੀਆਂ ਸੰਗਮਰਮਰ ਦੀਆਂ ਮੂਰਤੀ ਗਿਫ਼ਟ ਦੀਆਂ ਦੁਕਾਨਾਂ 'ਚ 50 ਤੋਂ 1500 ਰੁਪਏ ਦੀ ਕੀਮਤ 'ਤੇ ਵੇਚੀ ਜਾ ਰਹੀ ਹੈ।

Idols of Sikh Gurus being sold online

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਦੇ ਜਥੇਦਾਰਾਂ ਵੱਲੋਂ ਸਿੱਖ ਗੁਰੂਆਂ ਦੀਆਂ ਮੂਰਤੀਆਂ ਬਣਾਉਣ ਅਤੇ ਵੇਚਣ 'ਤੇ ਰੋਕ ਲਾਉਣ ਦੀ ਹਦਾਇਤ ਦੇ ਬਾਵਜੂਦ ਆਨਲਾਈਨ ਸਾਈਟਾਂ 'ਤੇ ਮੂਰਤੀਆਂ ਦੀ ਵਿਕਰੀ ਨਿਰੰਤਰ ਜਾਰੀ ਹੈ। ਇਹ ਮੂਰਤੀਆਂ ਚੀਨ 'ਚ ਤਿਆਰ ਕੀਤੀਆਂ ਜਾ ਰਹੀਆਂ ਹਨ। ਵੈਬਸਾਈਟ 'ਤੇ ਆਰਡਰ ਕਰ ਕੇ ਇਹ ਮੂਰਤੀ ਲੋਕਾਂ ਵੱਲੋਂ ਮੰਗਵਾਈਆਂ ਜਾ ਰਹੀਆਂ ਹਨ। ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 2015 'ਚ ਨਿਰਦੇਸ਼ ਜਾਰੀ ਕਰ ਗੁਰੂਆਂ ਦੀਆਂ ਮੂਰਤੀਆਂ ਬਣਾਉਣ ਅਤੇ ਵਿਕਰੀ ਉੱਤੇ ਰੋਕ ਲਗਾ ਦਿੱਤੀ ਗਈ ਸੀ। 

ਅੱਜਕਲ ਗੁਰੂਆਂ ਦੀਆਂ ਚੀਨ 'ਚ ਬਣੀਆਂ ਸੰਗਮਰਮਰ ਦੀਆਂ ਮੂਰਤੀ ਗਿਫ਼ਟ ਦੀਆਂ ਦੁਕਾਨਾਂ 'ਚ 50 ਤੋਂ 1500 ਰੁਪਏ ਦੀ ਕੀਮਤ 'ਤੇ ਵੇਚੀ ਜਾ ਰਹੀ ਹੈ। ਇਸ ਸਬੰਧੀ ਦੁਕਾਨਦਾਰਾਂ ਨੇ ਕਿਹਾ ਕਿ ਇਨ੍ਹਾਂ ਮੂਰਤੀਆਂ ਨੂੰ ਪਿਛਲੇ 5 ਸਾਲਾਂ ਤੋਂ ਵੇਚਿਆ ਜਾ ਰਿਹਾ ਹੈ। ਹੁਣ ਤਕ ਕਿਸੇ ਨੇ ਵੀ ਇਸ ਉੱਤੇ ਇਤਰਾਜ਼ ਨਹੀਂ ਕੀਤਾ। ਉਹ ਰੋਜ਼ਾਨਾ 25 ਤੋਂ ਜ਼ਿਆਦਾ ਮੂਰਤੀਆਂ ਵੇਚਦੇ ਹਨ।

ਇਹ ਮੂਰਤੀਆਂ ਸੰਗਮਰਮਰ, ਮਿੱਟੀ, ਤਾਂਬਾ, ਪਿੱਤਲ, ਸੋਨੇ ਰੰਗੀਆਂ ਤੇ ਲੱਕੜ ਆਦਿ ਦੀਆਂ ਬਣੀਆਂ ਹੋਈਆਂ ਹਨ। ਸ਼ੁਰੂ 'ਚ ਇਹ ਮੂਰਤੀਆਂ ਚੀਨ ਤੋਂ ਬਣ ਕੇ ਆਉਂਦੀਆਂ ਸਨ ਪਰ ਹੁਣ ਮੁੰਬਈ, ਮੇਰਠ, ਰਾਜਸਥਾਨ ਤੇ ਹੋਰ ਥਾਵਾਂ 'ਤੇ ਵੀ ਬਣਦੀਆਂ ਹਨ, ਜੋ ਵਿਕਰੀ ਲਈ ਇੱਥੇ ਪੁੱਜਦੀਆਂ ਹਨ। ਇਨ੍ਹਾਂ ਮੂਰਤੀਆਂ ਵਿਚ ਵਧੇਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹਨ। 

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੁਜਰਾਤ ਦੇ ਸ਼ਹਿਰ ਭਾਵਨਗਰ ਦੇ ਇਕ ਚੌਕ ਵਿਚ ਸਿੱਖ ਸਿਧਾਂਤਾਂ ਦੇ ਉਲਟ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬੁੱਤ ਸਥਾਪਤ ਕਰ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਇਤਰਾਜ਼ ਮਗਰੋਂ ਬੁੱਤ ਨੂੰ ਹਟਾ ਦਿੱਤਾ ਗਿਆ ਸੀ। 

ਇਸ ਬਾਰੇ ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ, "ਮੂਰਤੀ ਪੂਜਾ ਦਾ ਸਿੱਖ ਧਰਮ 'ਚ ਕੋਈ ਸਥਾਨ ਨਹੀਂ ਹੈ। ਜੇ ਮੂਰਤੀਆਂ ਵਿੱਕ ਰਹੀਆਂ ਹਨ ਤਾਂ ਇਹ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ। ਸਾਰੇ ਸਿੱਖਾਂ ਨੂੰ ਅਪੀਲ ਹੈ ਕਿ ਉਹ ਮੂਰਤੀ ਪੂਜਾ ਦੇ ਚੱਕਰਾਂ 'ਚ ਨਾ ਪੈਣ।"