ਲਾਸਾਨੀ ਜਰਨੈਲ ਬੰਦਾ ਸਿੰਘ ਬਹਾਦਰ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੰਦਾ ਸਿੰਘ ਪਹਿਲਾ ਸਿੱਖ ਹਾਕਮ ਜਿਸ ਨੇ ਗੁਰੂ ਦੇ ਨਾਂ ’ਤੇ ਸਿੱਕੇ ਜਾਰੀ ਕੀਤੇ 

Banda Singh Bahadur

 

ਅਪਣੇ ਅਧੀਨ ਇਲਾਕੇ ’ਚ ਉਸ ਨੇ ਗੁਰੂ ਨਾਨਕ ਦੇਵ ਜੀ ਤੇ ਦਸਮ ਪਿਤਾ ਦੇ ਨਾਵਾਂ ਵਾਲੇ ਸਿੱਕੇ ਚਲਾ ਦਿਤੇ ਜਿਨ੍ਹਾਂ ਉਤੇ ਫ਼ਾਰਸੀ ਭਾਸ਼ਾ ’ਚ ਉਕਰਿਆ ਹੋਇਆ ਸੀ, “ਸਿੱਖ ਜ਼ਧਰ ਦੋ ਆਲਮ, ਤੇਗ਼-ਏ-ਨਾਨਕ ਸਾਹਿਬ, ਫ਼ਤਹਿ ਗੋਬਿੰਦ ਸਿੰਘ ਸਾਹਿਬ ਸ਼ਾਹਿ ਸ਼ਹਨਸ਼ਾਹ ਰਾਜਾ-ਏ ਸਾਕਾ ਅਸਤ” ਅਰਥਾਤ ਨਾਨਕ ਦੀ ਤਲਵਾਰ ਤੇ ਗੋਬਿੰਦ ਸਿੰਘ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਦੀ ਕ੍ਰਿਪਾ ਨਾਲ ਫ਼ਤਹਿ ਪਾ ਕੇ ਇਹ ਸਿੱਕਾ ਚਲਾਇਆ ਹੈ। ਅਪਣੇ ਸ਼ਾਸਨ ਅਧੀਨ ਆਉਂਦੇ ਖੇਤਰ ’ਚ ਬੰਦਾ ਬਹਾਦਰ ਨੇ ਜੋ ਸੀਲ-ਮੋਹਰ ਬਣਾਈ ਸੀ ਉਸ ਉਤੇ ਉਕਰਿਆ ਸੀ, “ਦੇਗ਼ ਤੇਗ਼ ਫ਼ਤਹਿ, ਨੁਸਰਤ-ਏ-ਬੇਦਰੰਗ-ਯਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ : ਮਤਲਬ ਕਿ “ਲੰਗਰ ਦੀ ਸੇਵਾ ਦੀ ਵੀ ਫ਼ਤਹਿ ਤੇ ਤਲਵਾਰ ਦੀ ਵੀ ਫ਼ਤਹਿ, ਗੁਰੂੁ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਦਾ ਸਹਾਈ ਰਹਿਣ।’’

ਕੁਝ ਪਹਾੜੀ ਰਾਜੇ ਜੋ ਅੰਦਰੋਂ ਅੰਦਰੀ ਮੁਗ਼ਲਾਂ ਦੇ ਖ਼ਿਲਾਫ਼ ਸਨ, ਵੀ ਬੰਦਾ ਬਹਾਦਰ ਦੀ ਮਦਦ ਲਈ ਆ ਗਏ। ਬਹਾਦਰ ਸ਼ਾਹ ਦੀਆਂ ਫ਼ੌਜਾਂ ਨੇ ਸਿੱਖਾਂ ਦੇ ਕੁਝ ਇਲਾਕੇ ਤਾਂ ਹਥਿਆ ਲਏ ਪਰ ਬੰਦੇ ਦੀ ਮੁਹਿੰਮ ’ਤੇ ਕੋਈ ਫ਼ਰਕ ਨਾ ਪਿਆ। ਬਹਾਦਰ ਸ਼ਾਹ ਦੇ ਫੌਤ ਹੋ ਜਾਣ ਤੋਂ ਬਾਅਦ ਉਹਦੇ ਪੁੱਤਰਾਂ ਦਰਮਿਆਨ ਤਖ਼ਤ ਦੀ ਲੜਾਈ ਸ਼ੁਰੂ ਹੋ ਗਈ। ਬੰਦਾ ਬਹਾਦਰ ਨੇ ਇਸ ਮੌਕੇ ਦਾ ਫ਼ਾਇਦਾ ਉਠਾਇਆ ਤੇ ਸਢੌਰਾ ਤੇ ਲੋਹਗੜ੍ਹ ਤੇ ਕਬਜ਼ਾ ਕਰ ਲਿਆ। ਅਗਲੇ ਮੁਗ਼ਲ ਸ਼ਾਸਕ, ਫ਼ਾਰੁਖਸੀਅਰ ਨੇ ਅਬਦੁਸ ਸਮੱਦ ਨੂੰ ਲਾਹੌਰ ਦਾ ਗਵਰਨਰ ਲਗਾ ਦਿਤਾ। ਬੰਦਾ ਬਹਾਦਰ ਦੇ ਪੰਜਾਬ ਤੋਂ ਬਾਹਰ ਰਹਿਣ ਕਰ ਕੇ ਮੁਗ਼ਲ ਫ਼ੌਜਾਂ, ਹਿੰਦੂਆਂ ਤੇ ਸਿੱਖਾਂ ਉਤੇ ਬਹੁਤ ਹੀ ਘਿਨੌਣੇ ਜ਼ੁਲਮ ਢਾਉੁਣ ਲਗੀਆਂ। ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ ਜਿਸ ਕਰ ਕੇ ਸਿੱਖਾਂ ਨੂੰ ਲੁਕ ਛਿਪ ਕੇ ਜੰਗਲਾਂ ’ਚ ਰਹਿਣ ਲਈ ਮਜਬੂਰ ਹੋਣਾ ਪਿਆ।

Banda Singh Bahadur

ਇਸ ਕਰ ਕੇ ਬੰਦਾ ਬਹਾਦਰ ਨੇ ਵਾਪਸ ਪੰਜਾਬ ਆਉਣ ਦਾ ਫ਼ੈਸਲਾ ਕਰ ਲਿਆ ਤੇ 1715 ’ਚ ਅਪਣੀ ਫ਼ੌਜ ਸਮੇਤ ਬਟਾਲੇ ਦੇ ਨਜ਼ਦੀਕ ਕਲਾਨੌਰ ਵਿਚ ਡੇਰਾ ਜਮਾ ਲਿਆ। ਸਿੱਖ ਫ਼ੌਜਾਂ ਪੰਜਾਬ ’ਚ ਵਾਪਸ ਪਰਤਣ ਕਰ ਕੇ ਮੁਗ਼ਲ-ਸ਼ਾਹੀ ਵਜ਼ੀਰਾਂ ਤੇ ਹੋਰ ਅਮਲੇ ਦੀਆਂ ਰਾਤਾਂ ਦੀ ਨੀਂਦ ਉਡ ਗਈ। ਲਾਹੌਰ ਦੇ ਗਵਰਨਰ ਅਬਦੁਸ ਸਮੱਦ ਨੇ, ਬੰਦਾ ਬਹਾਦਰ ਦੀਆਂ ਫ਼ੌਜਾਂ ਦੇ ਹਮਲੇ ਤੋਂ ਬਚਣ ਲਈ ਅਪਣੇ ਆਪ ਨੂੰ ਲਾਹੌਰ ਅੰਦਰ ਹੀ ਸੀਮਤ ਕਰ ਲਿਆ ਪਰ ਰਾਜੇ ਨੇ ਉਹਨੂੰ ਹੁਕਮ ਦੇ ਦਿਤਾ ਕਿ ਉਹ ਬੰਦਾ ਬਹਾਦਰ ਦਾ ਸਾਹਮਣਾ ਕਰੇ। ਰਾਜੇ ਨੇ ਹੋਰ ਨੇੜੇ-ਤੇੜੇ ਵਾਲੇ ਹਿੰਦੂ ਤੇ ਮੁਸਲਿਮ ਸੂਬੇਦਾਰਾਂ ਨੂੰ ਵੀ ਬੰਦਾ ਬਹਾਦਰ ਖ਼ਿਲਾਫ, ਅਬਦੁਸ ਸਮੱਦ ਦੀ ਹਮਾਇਤ ਕਰਨ ਵਾਸਤੇ ਹੁਕਮ ਕਰ ਦਿਤੇ।

ਇਨ੍ਹਾਂ ਸ਼ਾਹੀ ਹੁਕਮਾਂ ਦੇ ਅਧੀਨ, ਗੁਜਰਾਤ ਦਾ ਫ਼ੌਜਦਾਰ ਮਿਰਜ਼ਾ ਅਹਿਮਦ ਖ਼ਾਨ, ਐਮਨਾਬਾਦ ਦਾ ਇਰਾਦਤਮੰਦ ਖ਼ਾਨ, ਕਲਾਨੌਰ ਦਾ ਰਾਜਾ ਸ਼ਹਾਬ ਖ਼ਾਨ, ਕਾਂਗੜਾ ਦਾ ਰਾਜਾ ਹਮੀਰ ਚੰਦ ਕਟੋਚ, ਔਰੰਗਾਬਾਦ ਤੇ ਪਸਰੂਰ ਦਾ ਨੂਰ ਮੁਹੰਮਦ ਖ਼ਾਨ, ਬਟਾਲਾ ਦਾ ਸ਼ੇਖ਼ ਮੁਹੰਮਦ ਦਾਇਮ, ਹੈਬਤਪੁਰ ਪੱਟੀ ਦਾ ਸੱਯਦ ਹਾਫ਼ਿਜ਼ ਅਲੀ ਖ਼ਾਨ, ਧਰੁਵਦੇਵ ਜਸਰੋਤੀਆ ਦਾ ਪੁੱਤਰ ਹਰਦੇਵ ਵਗ਼ੈਰਾ ਸਾਰੇ ਰਾਜਵਾੜੇ ਬੰਦਾ ਬਹਾਦਰ ਦੇ ਵਿਰੋਧ ’ਚ ਲਾਹੌਰ ’ਚ ਇਕੱਠੇ ਹੋਏ। 19 ਮਾਰਚ 1715 ਸ਼ਾਹੀ ਫ਼ੌਜਾਂ ਨੂੰ ਸੂਹ ਮਿਲੀ ਕਿ ਬੰਦਾ ਬਹਾਦਰ ਦੀਆਂ ਫ਼ੌਜਾਂ ਲਾਹੌਰ ਤੋਂ 12 ਕੋਹ ਦੇ ਫ਼ਾਸਲੇ ’ਤੇ ਹਨ। ਬੰਦਾ ਬਹਾਦਰ ਨੂੰ ਮੁਗ਼ਲ-ਸ਼ਾਹੀ ਤੇ ਹੋਰ ਫ਼ੌਜਾਂ ਦੀ ਤਿਆਰੀਆਂ ਬਾਰੇ ਚੰਗੀ ਤਰ੍ਹਾਂ ਸੂਚਨਾ ਨਹੀਂ ਸੀ। ਉਨ੍ਹਾਂ ਨੇ ਬਟਾਲੇ ਤੇ ਕਲਾਨੌਰ ਦੇ ਦਰਮਿਆਨ ਪਿੰਡ ਮਿਰਜ਼ਾ ਖ਼ਾਨ, ਗੁਰਦਾਸ ਨੰਗਲ ’ਚ ਕੱਚੀ ਗੜ੍ਹੀ ਬਣਾਉਣੀ ਸ਼ੁਰੂ ਕਰ ਦਿਤੀ।

ਰਾਜ ਮਿਸਤਰੀ ਲਗਾ ਕੇ ਨਾਨਕਸ਼ਾਹੀ ਇੱਟਾਂ ਦੀ ਚਿਣਾਈ ਵੀ ਕੀਤੀ। ਕਿਲ੍ਹੇ ਦੀਆਂ ਕੰਧਾਂ  ਅਜੇ ਤਿਆਰ ਹੋ ਰਹੀਆਂ ਸਨ ਕਿ ਲਾਹੌਰ ਤੋਂ ਅਬਦੁਸ ਸਮੱਦ ਖ਼ਾਨ ਤੇ ਨਾਇਬ ਆਸਿਫ਼ ਬੇਗ਼ ਦੀ ਕਮਾਂਡ ਹੇਠ ਸ਼ਾਹੀ ਫ਼ੌਜਾਂ ਨੇ ਸਿੱਖਾਂ ’ਤੇ ਹੱਲਾ ਬੋਲ ਦਿਤਾ। ਅੱਧੇ ਬਣੇ ਕਿਲ੍ਹੇ ਦੇ ਅੰਦਰੋਂ ਬੰਦਾ ਬਹਾਦਰ ਦੀ ਫ਼ੌਜ ਬੜੀ ਦਲੇਰੀ ਤੇ ਬਹਾਦਰੀ ਨਾਲ ਲੜਦੀ ਰਹੀ ਪਰ ਉਨ੍ਹਾਂ ਦੇ ਤੋਪਖ਼ਾਨੇ ਤੇ ਗੋਲਿਆਂ ਨੇ ਬੰਦਾ ਬਹਾਦਰ ਆਰਮੀ ਨੂੰ ਬਾਹਰ ਮੈਦਾਨ ’ਚ ਆ ਕੇ ਲੜਨ ਲਈ ਮਜਬੂਰ ਕਰ ਦਿਤਾ। ਸਿੱਖਾਂ ਦੀ ਬਹਾਦਰੀ ਤੇ ਘਿਰ ਜਾਣ ਦੇ ਬਾਅਦ ਵੀ ਹਾਰ ਨਾ ਮੰਨਣ ਕਰ ਕੇ ਅਬਦੁਸ ਸਮੱਦ ਖ਼ਾਨ ਨੂੰ ਬੜਾ ਧੱਕਾ ਲੱਗਾ। ਮੁਗ਼ਲ ਫ਼ੌਜਾਂ ਦਾ ਬਹੁਤ ਨੁਕਸਾਨ ਹੋਇਆ। ਕਾਫ਼ੀ ਸਿੱਖ ਵੀ ਸ਼ਹੀਦੀਆਂ ਪਾ ਗਏ ਕਿਉਂਕਿ ਉਨ੍ਹਾਂ ਕੋਲ ਮੁਗ਼ਲ ਫ਼ੌਜਾਂ ਵਾਂਗ ਗੋਲੀ ਸਿੱਕਾ ਨਹੀਂ ਸੀ ਤੇ ਨਫ਼ਰੀ ਵੀ ਘੱਟ ਸੀ।

ਇਸ ਗੜ੍ਹੀ ਦੇ ਦੁਆਲੇ ਬਹੁਤ ਗਹਿਗੱਚ ਯੁੱਧ ਹੁੰਦਾ ਰਿਹਾ ਪਰ ਸਿੱਖਾਂ ਨੇ ਹਾਰ ਨਾ ਮੰਨੀ। ਮੁਗ਼ਲਾਂ ਤੇ ਉਨ੍ਹਾਂ ਦੀਆਂ ਸਹਿਯੋਗੀ ਫ਼ੌਜਾਂ ਨੇ 8 ਮਹੀਨੇ ਤਕ ਗੁਰਦਾਸ ਨੰਗਲ ਦੀ ਇਸ ਗੜ੍ਹੀ ਨੂੰ ਘੇਰਾ ਪਾਈ ਰਖਿਆ। ਇਸ ਲੰਮੀ ਜੱਦੋ-ਜਹਿਦ ਤੋਂ ਬਾਅਦ, 1715 ਵਿਚ ਗੁਰਦਾਸ ਨੰਗਲ ਦੇ ਕੋਟ (ਕਿਲ੍ਹੇ), ’ਚੋਂ ਮੁਗ਼ਲਾਂ ਨੇ ਸਮੇਤ ਬਾਬਾ ਬੰਦਾ ਬਹਾਦਰ ਸੈਂਕੜੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਨੂੰ ਪਹਿਲਾਂ ਲਾਹੌਰ ਤੇ ਬਾਅਦ ਵਿਚ ਉਥੋਂ ਦਿੱਲੀ ਲਿਆਂਦਾ ਗਿਆ ਜਿੱਥੇ, ਛੇ ਮਹੀਨੇ ਤਕ ਬੰਦਾ ਬਹਾਦਰ ਦੇ ਸਾਹਮਣੇ ਉਹਦੇ ਸਾਥੀਆਂ ਨੂੰ ਤਸੀਹੇ ਦੇ ਕੇ ਮਾਰਿਆ ਜਾਂਦਾ ਰਿਹਾ।

ਜਦ ਬੰਦੇ ਦੀ ਵਾਰੀ ਆਈ ਤਾਂ ਉਸ ਨੂੰ ਲੋਹੇ ਦੀਆਂ ਲਾਲ-ਗਰਮ ਛੜੀਆਂ ਨਾਲ ਬੇਹੱਦ ਅਣ-ਮਨੁੱਖੀ ਤਸੀਹੇ ਦੇ ਕੇ, 9 ਜੂਨ 1716 ਨੂੰ ਸ਼ਹੀਦ ਕਰ ਦਿਤਾ। ਬੰਦੇ ਦੀ ਸ਼ਹਾਦਤ ਤੋਂ ਤਕਰੀਬਨ 48 ਸਾਲ ਬਾਅਦ, ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੇ ਸਰਹਿੰਦ ’ਤੇ ਹਮਲਾ ਕੀਤਾ ਤੇ ਨੇੜਲੇ ਪਿੰਡ ਮਨਹੇੜਾ ਵਿਚ ਇਥੋਂ ਦੇ ਸੂਬੇਦਾਰ ਜ਼ੈਨ ਖ਼ਾਂ ਨੂੰ ਮਾਰ ਕੇ 14 ਜਨਵਰੀ 1764 ਨੂੰ ਇਕ ਵਾਰ ਫਿਰ ਸਰਹਿੰਦ ’ਤੇ ਕਬਜ਼ਾ ਕਰ ਲਿਆ ਸੀ। ਬੰਦਾ ਸਿੰਘ ਬਹਾਦਰ ਦੀ ਮੌਤ ਨੇ ਸਿੱਖਾਂ ਦੇ ਅੰਦਰ ਬਹਾਦਰੀ ਤੇ ਬਦਲਾ ਲੈਣ ਦੀ ਇਕ ਐਸੀ ਰੂਹ ਫੂਕੀ ਕਿ ਇਕ ਸਦੀ ਦੇ ਅੰਦਰ-ਅੰਦਰ ਹੀ ਮੁਗ਼ਲਾਂ ਤੇ ਅਫਗ਼ਾਨਾਂ ਨੂੰ ਹਰਾ ਕੇ ਸਿੱਖ ਰਾਜ ਦੀ ਸਥਾਪਨਾ ਹੋਈ। ਬੰਦਾ ਬਹਾਦਰ ਨੇ ਪੰਜਾਬ ਅੰਦਰ ਇਕ ਐਸੇ ਇਨਕਲਾਬ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਜਿਹਦੇ ਵਿਚ ਸਿੱਖਾਂ ਅਤੇ ਹਿੰਦੂਆਂ ਨੇ ਸ਼ਮੂਲੀਅਤ ਕੀਤੀ।

ਇਸ ਤੋਂ ਬਾਅਦ ਹੀ ਹਿੰਦੂ ਪ੍ਰਵਾਰਾਂ ਵਿਚ ਇਹ ਰੀਤ ਚੱਲੀ ਕਿ ਉਹ ਅਪਣੇ ਵੱਡੇ ਪੁੱਤਰ ਨੂੰ ਸਿੱਖ ਬਣਾ ਕੇ ਮੁਗ਼ਲਾਂ ਜਾਂ ਹੋਰ ਜਰਵਾਣਿਆਂ ਦੇ ਮੁਕਾਬਲੇ ਵਾਸਤੇ ਘੱਲਣ ਲੱਗੇ। ਇਹ ਜੱਦੋ-ਜਹਿਦ ਚਲਦੀ ਰਹੀ ਤੇ ਤਕਰੀਬਨ ਇਕ ਸਦੀ ਦੇ ਅਰਸੇ ਵਿਚ ਮਹਾਰਾਜਾ ਰਣਜੀਤ ਸਿੰਘ ਦਾ, ਸਰਕਾਰ ਖ਼ਾਲਸਾ ਰਾਜ ਕਾਇਮ ਹੋਇਆ।
ਬੰਦਾ ਬਹਾਦਰ ਨੇ ਊਚ-ਨੀਚ ਤੇ ਨਾ-ਬਰਾਬਰੀ ਦੂਰ ਕਰਨ ਲਈ ਤੇ ਸਭ ਨੂੰ ਇਕੋ ਜਿਹੇ ਜ਼ਮੀਨੀ ਹੱਕ ਦੇਣ ਦੇ ਅਪਣੇ ਟੀਚੇ ਨੂੰ ਪੂਰਾ ਕਰਨ ਲਈ ਇਕ ਬਹੁ-ਪੱਖੀ ਭੂਮਿਕਾ ਨਿਭਾਈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਧਰਤੀ ਨੇ ਜੋ ਮਹਾਨ ਸਪੂਤ ਪੈਦਾ ਕੀਤੇ ਹਨ, ਬੰਦਾ ਬਹਾਦਰ ਉਹਨਾਂ ਵਿਚੋਂ ਇਕ ਹੈ।

ਉਸ ਦਾ ਇਕੋ ਹੀ ਮਿਸ਼ਨ ਸੀ ਕਿ ਦੱਬੇ-ਕੁਚਲੇ ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕ ਦਿਵਾਉਣੇ ਤੇ ਅਮੀਰ, ਧਨਾਢ ਜ਼ਿਮੀਂਦਾਰਾਂ ਤੇ ਆਮ ਲੋਕਾਂ ਦੌਰਾਨ ਬਰਾਬਰਤਾ ਪੈਦਾ ਕਰਨਾ। ਬੇਇਨਸਾਫ਼ੀ, ਰਜਵਾੜਿਆਂ-ਅਮੀਰਾਂ-ਧਨਾਢਾਂ-ਜ਼ਿਮੀਦਾਰਾਂ ਦੀ ਧੌਂਸ ਤੇ ਸਮਾਜਕ ਨਾ-ਬਰਾਬਰੀ ਵਿਰੁਧ, ਉਹ ਅੰਤ ਤਕ ਲੜਦਾ ਰਿਹਾ ਤੇ ਆਖ਼ਰ ਮੁਗ਼ਲਾਂ ਦੇ ਤਸੀਹੇ ਸਹਿ ਕੇ ਸ਼ਹੀਦੀ ਪ੍ਰਾਪਤ ਕੀਤੀ। ਮੁਗ਼ਲਾਂ ਦੇ ਜ਼ਿਮੀਂਦਾਰੀ-ਤੰਤਰ ਨੂੰ ਖ਼ਤਮ ਕਰ ਕੇ, ਹਿੰਦੁਸਤਾਨ ਵਿਚ ਜ਼ਮੀਨੀ ਸੁਧਾਰ ਲਾਗੂ ਕਰਵਾਉਣ ਵਾਲਾ ਉਹ ਪਹਿਲਾ ਮਹਾਂਪੁਰਖ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਹੀ ਸੀ ਜਿਸ ਨੇ ਸਿੱਖਾਂ ਅੰਦਰ ਊਚ-ਨੀਚ ਤੇ ਜਾਤੀ ਭੇਦ ਦਾ ਅੰਤ ਕਰਨ ਦੀ ਪੂਰੀ ਵਾਹ ਲਾਈ ਤੇ ਸਿੱਖਾਂ ਨੂੰ ਬੇਇਨਸਾਫ਼ੀਆਂ ਅਤੇ ਨਾ-ਬਰਾਬਰਤਾ ਦੇ ਖ਼ਿਲਾਫ਼ ਜੂਝਣ ਦੀ ਜਾਚ ਸਿਖਾਈ। ਉਹ ਜਿਊਂਦਿਆ ਵੀ ਹੀਰੋ ਸੀ ਤੇ ਮਰਨ ਤੋਂ ਬਾਅਦ ਵੀ ਹੀਰੋ ਹੀ ਹੈ।

ਇਸ ਬੇਹਤਰੀਨ ਸ਼ਖ਼ਸ ਦਾ ਕੋਈ ਸਾਨੀ ਨਹੀਂ। ਉਹਦਾ ਜਜ਼ਬਾ, ਦ੍ਰਿੜਤਾ, ਨਿਡਰਤਾ, ਹੌਸਲਾ, ਵਿਸਵਾਸ਼-ਪਾਤਰਤਾ, ਦੇਸ਼ ਭਗਤੀ, ਕੁਰਬਾਨੀ ਤੇ ਜੁਰਅਤ ਵਾਲੇ ਗੁਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜਾਗਰੂਕ ਕਰਦੇ ਰਹਿਣਗੇ ਤੇ ਟੁੰਬਦੇ ਰਹਿਣਗੇ। ਜ਼ਿਲ੍ਹਾ ਗੁਰਦਾਸਪੁਰ ਵਿਚ ਦੀਨਾ ਨਗਰ ਰੇਲਵੇ ਸਟੇਸ਼ਨ ਤੋਂ ਗਿਆਰਾਂ ਤੇ ਬਟਾਲੇ ਤੋਂ ਤੇਰਾਂ ਕਿਲੋਮੀਟਰ ਦੀ ਦੂਰੀ ’ਤੇ, ਪਿੰਡ ਮਿਰਜ਼ਾ ਜਾਨ ਗੁਰਦਾਸ ਨੰਗਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਉਸਾਰਿਆ ਗਿਆ ਕਿਲ੍ਹਾ, ਸਿੱਖਾਂ ਦੇ ਇਤਿਹਾਸ ਤੇ ਵਿਰਾਸਤ ਨੂੰ ਦਰਸਾਉਂਦਾ ਹੈ।

ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਇਤਿਹਾਸਕ ਧਰੋਹਰ ਦੀ ਕੋਈ ਸਾਂਭ-ਸੰਭਾਲ ਜਾਂ ਰੱਖ-ਰਖਾਵ ਨਹੀਂ ਤੇ ਦਿਨੋਂ ਦਿਨ ਇਹ ਇਮਾਰਤ ਖ਼ਤਮ ਹੁੰਦੀ ਜਾ ਰਹੀ ਹੈ। ਸਿੱਖ ਇਤਿਹਾਸ ਤੇ ਬਹਾਦਰੀ ਤੇ ਫਲਸਫ਼ੇ ਨੁੂੰ ਜ਼ਿੰਦਾ ਰੱਖਣ ਵਾਸਤੇ, ਮੋਹਾਲੀ ਦੇ ਕੋਲ ਚੱਪੜ-ਚਿੜੀ-ਯੁੱਧ ਦੀ ਯਾਦਗਾਰ ਬਣਾਈ ਗਈ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗ਼ਲ ਫ਼ੌਜਾਂ ਨੂੰ ਹਰਾ ਕੇ ਖ਼ਾਲਸਈ ਝੰਡੇ ਲਹਿਰਾਏ ਸਨ। ਇਸ ਯਾਦ ਨੂੰ ਸਪਰਪਿਤ, 328 ਫੁੱਟ ਉੱਚਾ ਬੁਰਜ ਬਣਾਇਆ ਗਿਆ ਹੈ ਇਸ ਦੇ ਸਿਖ਼ਰ ’ਤੇ ਖੰਡਾ ਲਗਾਇਆ ਗਿਆ ਹੈ। ਇਹ ਬੁਰਜ ਦਿੱਲੀ ਦੇ ਕੁਤੁਬ ਮੀਨਾਰ ਤੋਂ ਵੀ ਉੱਚਾ ਹੈ। ਬਾਬਾ ਬੰਦਾ ਦੀ ਬਹਾਦਰੀ ਤੇ ਕੁਰਬਾਨੀ ਨੂੰ ਦਰਸਾਉਂਦੀਆਂ ਕੁਝ ਫ਼ਿਲਮਾਂ ਵੀ ਬਣੀਆਂ ਹਨ ਜਿਵੇਂ: 
‘ਸਰਬੰਸਦਾਨੀ ਗੁਰੂ ਗੋਬਿੰਦ ਸਿੰਘ’ (1998)
ਐਨੀਮੇਟਡ ਫ਼ਿਲਮ ਚਾਰ ਸਾਹਿਬਜ਼ਾਦੇ ਦੇ ਨਾਲ ‘ਰਾਈਜ਼ ਆਫ਼ ਬਾਬਾ ਬੰਦਾ ਸਿੰਘ ਬਾਹਾਦਰ’ (2016)
ਐਨੀਮੇਟਡ ਫ਼ਿਲਮ ‘ਗੁਰੂ ਦਾ ਬੰਦਾ’ (2018)

ਮੋਬਾਈਲ : 
98728-43491