Panthak News: ਬਾਦਲ ਦਲ ਤੋਂ ਨਾਰਾਜ਼ ਧੜੇ ਵਲੋਂ 15 ਜੁਲਾਈ ਨੂੰ ਪੰਥਕ ਹਲਕਿਆਂ ’ਚ ਧਮਾਕਾ ਕਰਨ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Panthak News: ਨਾਰਾਜ਼ ਧੜੇ ਦੇ 15 ਜੁਲਾਈ ਅਤੇ 24 ਸਤੰਬਰ ਦੇ ਵੱਡੇ ਪ੍ਰੋਗਰਾਮ ਬਾਦਲ ਦਲ ਲਈ ਬਣਨਗੇ ਪ੍ਰੇਸ਼ਾਨੀ ਦਾ ਸਬੱਬ

The faction angry with the Badal Dal is preparing to explode in panthak circles on July 15 Panthak News

The faction angry with the Badal Dal is preparing to explode in panthak circles on July 15 Panthak News: ਬਾਦਲ ਦਲ ਤੋਂ ਨਾਰਾਜ਼ ਹੋਏ ਬਾਗ਼ੀ ਧੜੇ ਦੇ 1 ਜੁਲਾਈ ਦਿਨ ਸੋਮਵਾਰ ਨੂੰ ਅਕਾਲ ਤਖ਼ਤ ’ਤੇ ਭੁੱਲਾਂ ਬਖ਼ਸ਼ਾਉਣ ਦੇ ਕੀਤੇ ਐਲਾਨ ਤੋਂ ਪਹਿਲਾਂ ‘ਰੋਜ਼ਾਨਾ ਸਪੋਕਸਮੈਨ’ ਦੇ ਇਨ੍ਹਾਂ ਕਾਲਮਾਂ ਵਿਚ ਸ. ਜੋਗਿੰਦਰ ਸਿੰਘ ਵਲੋਂ ‘ਆਟੋ ਮੇ ਘਾਟੋ ਅਤੇ ਮੈਦੋ ਮੇ ਫੈਦੋ’ ਵਾਲੀ ਵਪਾਰਕ ਨੀਤੀ ਅਨੁਸਾਰ ਅਕਾਲ ਤਖ਼ਤ ’ਤੇ ਮਾਫ਼ੀ ਨਾ ਮੰਗਣ ਸਬੰਧੀ ਸੁਚੇਤ ਅਤੇ ਸਾਵਧਾਨ ਕੀਤਾ ਗਿਆ ਸੀ ਅਤੇ ਬਾਦਲ ਸਰਕਾਰ ਵਲੋਂ ‘ਰੋਜ਼ਾਨਾ ਸਪੋਕਸਮੈਨ’ ਨਾਲ ਕੀਤੀ ਧੱਕੇਸ਼ਾਹੀ ਦੀਆਂ ਸੰਕੇਤਮਾਤਰ ਕੱੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਸਨ ਪਰ ਨਾਰਾਜ਼ ਧੜੇ ਨੇ ਅਕਾਲ ਤਖ਼ਤ ਤੋਂ ਮਾਫ਼ੀ ਮੰਗਣ ਮੌਕੇ ਸਿਰਫ਼ ਚਾਰ ਭੁੱਲਾਂ ਦਾ ਹੀ ਜ਼ਿਕਰ ਕੀਤਾ, ਜਿਨ੍ਹਾਂ ਵਿਚੋਂ ਤਿੰਨ ਦਾ ਸਬੰਧ ਸੌਦਾ ਸਾਧ ਨਾਲ ਜਦਕਿ ਇਕ ਦਾ ਸਬੰਧ ਸੁਮੇਧ ਸੈਣੀ ਨਾਲ ਸੀ।

ਉਸ ਸਮੇਂ ਵੀ ‘ਰੋਜ਼ਾਨਾ ਸਪੋਕਸਮੈਨ’ ਦੇ ਇਨ੍ਹਾਂ ਕਾਲਮਾਂ ਰਾਹੀਂ ਸ. ਜੋਗਿੰਦਰ ਸਿੰਘ ਵਲੋਂ ਮੁੱਖ ਪੰਨੇ ’ਤੇ 13 ਉਨ੍ਹਾਂ ਭੁੱਲਾਂ ਦਾ ਸੰਕੇਤਮਾਤਰ ਜ਼ਿਕਰ ਕੀਤਾ, ਜਿਨ੍ਹਾਂ ’ਤੇ ਪਛਤਾਵਾ ਕਰਨਾ ਜ਼ਰੂਰੀ ਸੀ, ਭਾਵੇਂ ਨਾਰਾਜ਼ ਧੜੇ ਨੇ ਚੁੱਪ ਵੱਟ ਲਈ ਅਤੇ ਹੋਰ ਵੀ ਕਿਸੇ ਪਾਸੋਂ ਕੋਈ ਖ਼ਾਸ ਪ੍ਰਤੀਕਰਮ ਪੜ੍ਹਨ ਸੁਣਨ ਨੂੰ ਨਾ ਮਿਲਿਆ ਪਰ ਹੁਣ ਨਾਰਾਜ਼ ਧੜੇ ਨੇ ਦੁਬਾਰਾ ਫਿਰ 15 ਜੁਲਾਈ ਨੂੰ ਅਤੀਤ ਵਿਚ ਵਾਪਰੀਆਂ ਗ਼ਲਤੀਆਂ, ਅਣਗਹਿਲੀਆਂ, ਲਾਪ੍ਰਵਾਹੀਆਂ ਅਤੇ ਭੁੱਲਾਂ ਦਾ ਕੱਚਾ ਚਿੱਠਾ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਵਿਚ ਵਿਸਥਾਰ ਨਾਲ ਇਕ ਇਕ ਗੱਲ ਸੰਗਤ ਦੀ ਕਚਹਿਰੀ ਵਿਚ ਰੱਖੀ ਜਾਵੇਗੀ। ਭਾਵੇਂ ਨਰਾਜ਼ ਧੜੇ ਦੇ ਇਕ ਪ੍ਰਮੁੱਖ ਆਗੂ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ ਪਰ ਨਰਾਜ਼ ਧੜੇ ਵਲੋਂ ਬਾਦਲਾਂ ਦੀ ਸਰਪ੍ਰਸਤੀ ਹੇਠ ਕੀਤੀਆਂ ਗਈਆਂ ਧੱਕੇਸ਼ਾਹੀਆਂ ਅਤੇ ਜ਼ਿਆਦਤੀਆਂ ਦਾ ਸੰਗਤ ਦੀ ਕਚਹਿਰੀ ਵਿਚ ਵਿਸਥਾਰ ਆ ਜਾਣ ਵਾਲੀ ਘਟਨਾ ਬਾਦਲ ਦਲ ਅਤੇ ਇਸ ਨਾਲ ਜੁੜੇ ਆਗੂਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ। 

ਪਿਛਲੇ ਸਮੇਂ ਵਿਚ ਸੱਤਾ ਦੇ ਨਸ਼ੇ ਵਿਚ ਅਕਾਲ ਤਖ਼ਤ ਨੂੰ ਕਚਹਿਰੀ ਬਣਾਉਣ ਅਤੇ ਪਵਿੱਤਰ ਸਰਾਵਾਂ ਨੂੰ ਆਯਾਸ਼ੀ ਦੇ ਅੱਡੇ ਬਣਾਉਣ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਖ਼ਬਰਾਂ ਜਨਤਕ ਹੋਣ ਨਾਲ ਪੰਥਕ ਹਲਕਿਆਂ ਨੂੰ ਵੀ ਦੁਬਾਰਾ ਫਿਰ ਬੇਚੈਨ ਅਤੇ ਸ਼ਰਮਸਾਰ ਹੋਣਾ ਪੈ ਸਕਦਾ ਹੈ। ਨਰਾਜ਼ ਧੜੇ ਵਲੋਂ 15 ਜੁਲਾਈ ਨੂੰ ਪਹਿਲਾਂ ਅਤੀਤ ਵਿਚ ਹੋਈਆਂ ਗ਼ਲਤੀਆਂ ਦਾ ਪ੍ਰਗਟਾਵਾ ਕੀਤਾ ਜਾਵੇਗਾ ਤੇ ਫਿਰ 24 ਸਤੰਬਰ ਨੂੰ ਸ਼੍ਰੋਮਣੀ  ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਵੱਡੀ ਪੱਧਰ ’ਤੇ ਜਨਮ ਦਿਨ ਮਨਾਇਆ ਜਾਵੇਗਾ।

ਨਰਾਜ਼ ਧੜੇ ਨੇ ਹੁਣ ਬਾਦਲ ਦਲ ਨਾਲ ਵਾਪਸ ਸੁਲਾਹ ਕਰਨ ਦੀ ਬਜਾਇ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਲਿਆ ਹੈ ਤੇ ਭਾਵੇਂ ਨਰਾਜ਼ ਧੜੇ ਵਲੋਂ 1 ਜੁਲਾਈ ਨੂੰ ਅਕਾਲ ਤਖ਼ਤ ਤੋਂ ਅਕਾਲੀ ਦਲ ਬਚਾਉ ਯਾਤਰਾ ਦੀ ਸ਼ੁਰੂਆਤ ਕਰਨ ਦਾ ਐਲਾਨ ਨਹੀਂ ਹੋ ਸਕਿਆ ਪਰ ਹੁਣ ਨਰਾਜ਼ ਧੜੇ ਵਲੋਂ ਦੇਸ਼-ਵਿਦੇਸ਼ ਦੇ ਸਿੱਖ ਚਿੰਤਕਾਂ, ਪੰਥਕ ਵਿਦਵਾਨਾਂ, ਪ੍ਰਚਾਰਕਾਂ, ਪੰਥਦਰਦੀਆਂ ਅਤੇ ਇਤਿਹਾਸਕਾਰਾਂ ਨਾਲ ਰਾਬਤਾ ਬਣਾ ਕੇ 15 ਜੁਲਾਈ ਨੂੰ ਜਨਤਕ ਕੀਤੇ ਜਾਣ ਵਾਲੇ ਕੱਚੇ ਚਿੱਠੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

ਪੰਥਕ ਹਲਕਿਆਂ ਮੁਤਾਬਕ ਜੇਕਰ ਨਰਾਜ਼ ਧੜਾ ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਸਮੇਤ ਪੰਥ ਦੀਆਂ ਸਿਰਮੌਰ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਰਾਜਨੀਤਕ ਪ੍ਰਭਾਵ ਤੋਂ ਮੁਕਤ ਕਰਵਾਉਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਦਾ ਮਾਣ ਸਤਿਕਾਰ ਸੰਗਤਾਂ ਵਿਚ ਬਾਦਲ ਦਲ ਨਾਲੋਂ ਵਧਣਾ ਸੁਭਾਵਕ ਹੈ ਪਰ ਜੇਕਰ ਨਰਾਜ਼ ਧੜਾ 1 ਜੁਲਾਈ ਦੀ ਤਰ੍ਹਾਂ 15 ਜੁਲਾਈ ਨੂੰ ਵੀ ਅਪਣੀ ਗੱਲ ਪ੍ਰਮੁੱਖਤਾ ਨਾਲ ਰੱਖਣ ਅਤੇ ਬਾਦਲ ਦਲ ਦੀਆਂ ਜ਼ਿਆਦਤੀਆਂ ਤੇ ਧੱਕੇਸ਼ਾਹੀਆਂ ਦੇ ਸ਼ਿਕਾਰ ਪ੍ਰਵਾਰਾਂ ਨੂੰ ਸੰਤੁਸ਼ਟ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਇਸ ਦਾ ਨੁਕਸਾਨ ਵੀ ਬਾਦਲ ਦਲ ਨੂੰ ਹੋਣਾ ਲਾਜ਼ਮੀ ਹੈ।