ਸਿੱਖੀ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿਚ ਡੋਬਿਆ ਜਾ ਰਿਹਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਇਕ ਵਖਰੀ ਕੌਮ ਹੈ, ਇਸ ਦੇ ਧਰਮ ਗ੍ਰੰਥ ਵਖਰੇ ਹਨ, ਇਸ ਦੀ ਸੋਚ, ਦਿੱਖ, ਸਰੂਪ ਵਖਰਾ ਹੈ ਅਤੇ ਸਭਿਆਚਾਰ ਰੀਤੀ ਰਿਵਾਜ ਵਖਰੇ ਹਨ।

Sikhism

ਸਿੱਖ ਧਰਮ, ਧਰਮਾਂ ਦੀ ਦੁਨੀਆਂ ਅੰਦਰ ਵਿਦਵਾਨਾਂ ਦੀ ਨਜ਼ਰ ਵਿਚ ਨਵੇਂ ਯੁਗ ਦਾ ਧਰਮ ਹੈ। ਸਿੱਖ ਇਕ ਵਖਰੀ ਕੌਮ ਹੈ, ਇਸ ਦੇ ਧਰਮ ਗ੍ਰੰਥ ਵਖਰੇ ਹਨ, ਇਸ ਦੀ ਸੋਚ, ਦਿੱਖ, ਸਰੂਪ ਵਖਰਾ ਹੈ ਅਤੇ ਸਭਿਆਚਾਰ ਰੀਤੀ ਰਿਵਾਜ ਵਖਰੇ ਹਨ। ਇਥੋਂ ਤਕ ਕਿ ਅਕਾਲ ਪੁਰਖ ਪ੍ਰਮਾਤਮਾ ਦੀ ਇਬਾਦਤ ਕਰਨ ਦਾ ਢੰਗ ਤਰੀਕਾ ਵੀ ਵਖਰਾ ਹੈ। ਸਿੱਖ ਮਜ਼ਹਬ ਦੇ ਫ਼ਲਸਫ਼ੇ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸ ਦਾ ਬੀਜ ਅਕਾਲ ਪੁਰਖ ਵਾਹਿਗੁਰੂ ਵਿਚ ਯਕੀਨ ਰਖਣਾ, ਜਿਸ ਨੂੰ ਇਕ ਓਅੰਕਾਰ (ਇਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਸਿੱਖਾਂ ਦਾ ਸੱਭ ਤੋਂ ਪਵਿੱਤਰ ਗ੍ਰੰਥ ਅਤੇ ਇਕੋ-ਇਕ ਸਦੀਵੀ ਸ਼ਬਦ ਰੂਪੀ ਗੁਰੂ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਭਗਤਾਂ ਦੀਆਂ ਸਿਖਿਆਵਾਂ ਦਾ ਅੰਬਾਰ ਹੈ, ਬਲਕਿ ਇਕੋ ਇਕ ਦੁਨੀਆਂ ਦਾ ਮਹਾਨ ਗ੍ਰੰਥ ਜੋ ਸਮੁੱਚੀ ਮਾਨਵਤਾ ਨੂੰ ਅਪਣੇ ਕਲਾਵੇ ਵਿਚ ਲੈਂਦਾ ਹੈ ਜਿਸ ਨੂੰ ਅਸੀ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਾਂ।

ਸਿੱਖ ਕੌਮ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ 1708 ਈ ਵਿਚ ਦੇਹਧਾਰੀ ਗੁਰੂ ਦੀ ਪ੍ਰੰਪਰਾ ਨੂੰ ਸਦਾ ਵਾਸਤੇ ਖ਼ਤਮ ਕਰ ਕੇ, ਸ੍ਰੀ ਗੁਰੂ ‘ਗ੍ਰੰਥ ਸਾਹਿਬ’ ਨੂੰ ਗੁਰਤਾ ਦੀ ਗੱਦੀ ਬਖ਼ਸ਼ ‘ਗੁਰੂ ਮਾਨਿਉ ਗ੍ਰੰਥ’ ਦਾ ਸਦੀਵੀ ਆਦੇਸ਼ ਦਿਤਾ। ਹਰ ਸਿੱਖ ਅਤੇ ਸਿੱਖ ਸੰਸਥਾਵਾਂ ਦਾ ਇਹ ਧਾਰਮਕ ਫ਼ਰਜ਼ ਬਣਦਾ ਹੈ ਕਿ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਗੁਰਬਾਣੀ ਵਿਚੋਂ ਪੜ੍ਹੋ, ਸਮਝੇ, ਵਿਚਾਰੇ, ਫਿਰ ਕਿਤੇ ਸੰਗਤਾਂ ਤਕ ਪਹੁੰਚਾਉਣ ਦਾ ਉਦਮ ਕਰੋ ਬਲਕਿ ਸਿੱਖੀ ਸਿਧਾਂਤਾਂ ਉਤੇ ਦਿ੍ੜ੍ਹਤਾ ਨਾਲ ਪਹਿਰਾ ਦੇਵੇ।  ਸਿੱਖ ਕੌਮ ਵਿਚੋਂ ਸਾਰੇ ਕਰਮ ਕਾਂਡਾਂ ਦੇ ਖ਼ਾਤਮੇ ਲਈ, ਕੌਮ ਵਿਚ ਏਕਤਾ ਬਣਾਈ ਰੱਖਣ ਲਈ ਅਤੇ ਅਕਾਲ ਪੁਰਖ ਦੇ ਉਪਦੇਸ਼ ਨੂੰ ਦਿ੍ਰੜ ਕਰਵਾਉਣ ਲਈ ਸ਼ਬਦ ਗੁਰੂ, ਇਲਾਹੀ ਬਾਣੀ ਨੂੰ ਗੁਰੂ ਦੀ ਗੱਦੀ ਉਪਰ ਬਿਰਾਜਮਾਨ ਕਰ, ਸਿੱਖ ਨੂੰ ਸਿਰਫ਼ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਲੜ ਲਗਾਇਆ ਗਿਆ ਹੈ।

ਅਫ਼ਸੋਸ ਹੈ ਕਿ ਗੁਰਦਵਾਰੇ ਜਾ ਕੇ ਅਸੀ ਇਕ ਨਹੀਂ ਅਨੇਕਾਂ ਹੀ ਮਨਮਤਾਂ ਹੁੰਦੀਆਂ ਜਿਵੇਂ ਕਿ ਪੈਰਾਂ ਦਾ ਧੋਣ ਅੰਮ੍ਰਿਤ ਸਮਝ ਕੇ ਪੀਣਾ ਬਲਕਿ ਧੂਫ਼, ਜੋਤ ਅਤੇ ਨਿਸ਼ਾਨ ਸਾਹਿਬ ਦੀ ਪੂਜਾ ਹੁੰਦੀ, ਅਸੀ ਅਕਸਰ ਦੇਖਦੇ ਰਹਿੰਦੇ ਹਾਂ ਅਤੇ ਰਹਿੰਦੀ-ਖੂਹੰਦੀ ਕਸਰ ਪੂਰੀ ਕਰਨ ਲਈ ਅਖੌਤੀ ਦਸਮ ਗ੍ਰੰਥ ਵੀ ਘਸੋੜਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਹ ਸੱਭ ਕੁੱਝ ਸਿੱਖਾਂ ਦੀ ਸਰਬਉੱਚ ਧਾਰਮਕ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨੱਕ ਥੱਲੇ ਇਹ ਅਵੱਗਿਆ (ਮਨਮਤ) ਧੜੱਲੇ ਨਾਲ ਹੋ ਰਹੀ ਹੈ ਪਰ ਉਨ੍ਹਾਂ ਭੱਦਰਪੁਰਸ਼ਾਂ ਨੇ ਕਦੇ ਵੀ ਏ.ਸੀ. ਕਮਰਿਆਂ ਵਿਚੋਂ ਬਾਹਰ ਨਿਕਲਣ ਦੀ ਕਦੇ ਜ਼ਹਿਮਤ ਹੀ ਨਹੀਂ ਕੀਤੀ। ਇਸ ਗੱਲ ਦਾ ਅੰਦਾਜ਼ਾ ਇਸੇ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਸਿੱਖਾਂ ਦੀ ਸਰਬਉੱਚ ਮੰਨੀ ਜਾਣ ਵਾਲੀ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸਿੱਖੀ ਸਿਧਾਂਤਾਂ ਉਤੇ ਦਿ੍ੜ੍ਹਤਾ ਨਾਲ ਪਹਿਰਾ ਕਿੰਨਾਂ ਕੁ ਦੇ ਰਹੀ ਹੈ। ਕੀ ਅਜਿਹਾ ਕਰਨਾ “ਸ਼ਬਦ ਗੁਰੂ” ਦੀ ਤੌਹੀਨ ਨਹੀਂ? ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਕਿਹੜੀ ਦਿਸ਼ਾ ਦਿਖਾਈ, ਅੱਜ ਅਸੀ ਕਿਹੜੀ ਦਿਸ਼ਾ ਵਿਚ ਜਾ ਰਹੇ ਹਾਂ।

ਗੁਰੂ ਸਾਹਿਬ ਨੇ ਸਾਨੂੰ ਕੀ ਆਦੇਸ਼ ਦਿਤਾ ਤੇ ਅਸੀ ਉਨ੍ਹਾਂ ਦੇ ਆਦੇਸ਼ਾਂ ਦੀ ਕਿੰਨੀ ਕੁ ਪਾਲਣਾ ਕਰ ਰਹੇ ਹਾਂ। ਗੁਰੂ ਜੀ ਤਾਂ ਉਸ ਸਮੇਂ ਦੇ ਰਾਜੇ ਨੂੰ ਜਨਤਾ ਨਾਲ ਅਨਿਆ ਕਰਦੇ ਵੇਖ ਕੇ ਚੁੱਪ ਨਹੀਂ ਰਹੇ ਸਨ ਅਤੇ ਕਿਹਾ ਸੀ, ਰਾਜੇ ਸ਼ੀਂਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ ॥ (ਪੰਨਾ ਨੰਬਰ: 1288) ਪਰ ਪਤਾ ਨਹੀਂ ਉਹ ਸਮਾਂ ਕਦੋਂ ਆਵੇਗਾ ਜਦ ਸਿੱਖ ਧਰਮ ਦੇ ਨਾਂਅ ਉਤੇ ਅਜਿਹੇ ਕਰਮ ਕਾਂਡ ਤੇ ਵਹਿਮ-ਭਰਮ ਫੈਲਾਉਣ ਵਾਲਿਆਂ ਨੂੰ ਸਿੱਖ ਪੁੱਛਣ ਦੀ ਹਿੰਮਤ ਕਰਨਗੇ? ਬਲਕਿ ਇਹ ਸੱਭ ਕੁੱਝ ਸਿੱਖ ਕੌਮ ਦੇ ਰਹਿਨੁਮਾ ਅਖਵਾਉਣ ਵਾਲੇ ਅਪਣੇ ਪੰਥ ਦੇ ਆਗੂਆਂ ਅੱਗੇ ਪਰੋਸ ਕੇ ਮੈਂ ਇਕੋ ਹੀ ਸਵਾਲ ਪੁੱਛਣ ਦਾ ਚਾਹਵਾਨ ਹਾਂ ਕਿ ਕੀ ਕਿਸੇ ਨੁਕਤੇ ਉਤੇ ਆ ਕੇ ਅਪਣੇ ਚੁੱਪੀ ਤੋੜਨ ਦੀ ਕੋਈ ਸੰਭਾਵਨਾ ਹੈ? 

ਯਾਦ ਰਹੇ ਕਿ ਪੂਰੀ ਦੁਨੀਆਂ ਵਿਚ ਸੱਭ ਤੋਂ ਵੱਧ ਕੁਰਬਾਨੀਆਂ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀਆਂ ਹਨ। ਅਜਿਹੀ ਕੌਮ ਵੀ ਦੁਨੀਆਂ ਨੂੰ ਅਪਣੀ ਪਹਿਚਾਣ ਦੱਸਣ ਵਿਚ ਨਾਕਾਮ ਰਹਿ ਜਾਵੇ ਤਾਂ ਸਮਝਣਾ ਹੋਵੇਗਾ ਕਿ ਜ਼ਰੂਰ ਸਾਡੀ ਕੌਮ ਦੇ ਆਗੂ ਅਪਣੇ ਅਸਲੇ ਨਾਲੋਂ ਟੁੱਟ ਕੇ ਕਿਸੇ ਦੁਨਿਆਵੀ ਲਾਲਚ ਵਸ ਗ਼ੈਰ ਹੱਥਾਂ ਵਿਚ ਚਲੇ ਗਏ ਹਨ। ਬਲਕਿ ਮੋਹ ਮਾਇਆ ਅਤੇ ਹਕੂਮਤ ਦੀ ਲਾਲਸਾ ਨੇ ਉਨ੍ਹਾਂ ਦੀ ਆਤਮਾ ਨੂੰ ਮਾਰ ਹੀ ਦਿਤਾ ਹੋਇਆ ਹੈ। ਸਗੋਂ ਇਹ ਦੇਖ ਕੇ ਇਹ ਮਹਿਸੂਸ ਹੋ ਰਿਹਾ ਹੈ ਕਿ ਵਾਕਿਆ ਹੀ ਸਿੱਖ ਹੀ ਸਿੱਖੀ ਦੇ ਅਸਲ ਦੁਸ਼ਮਣ ਹਨ ਕਿਉਂਕਿ ਗੁਰੂ ਸਾਹਿਬ ਨੇ ਸਾਡੇ ਨਾਂ “ਗੁਰੂ ਗ੍ਰੰਥ ਸਾਹਿਬ ਜੀ’’ ਰੂਪੀ ਵਸੀਅਤ ਕੀਤੀ ਪਰ ਅਸੀ ਵਸੀਅਤ ਧਿਆਨ ਨਾਲ ਪੜ੍ਹਨ ਦੀ ਥਾਂ ਰੁਮਾਲਿਆਂ ਵਿਚ ਲਪੇਟਣ ਕਰ ਕੇ ਅਸਲ ਮਾਲਕ ਨਾ ਬਣ ਸਕੇ। ਵੈਸੇ ਸਿੱਖ ਕੌਮ ਦੀ ਬਦਕਿਸਮਤੀ ਇਹ ਹੈ ਕਿ ਅਸੀ ਅਪਣੇ ਆਗੂ ਹੀ ਉਨ੍ਹਾਂ ਲੋਕਾਂ ਨੂੰ ਬਣਾਇਆ ਹੋਇਆ ਹੈ ਜਿਹੜੇ ਪੈਰ-ਪੈਰ ਉਤੇ ਪੰਜਾਬ ਨਾਲ, ਪੰਜਾਬੀਆਂ ਨਾਲ ਅਤੇ ਖਾਸਕਰ ਸਿੱਖ ਕੌਮ ਨਾਲ ਗ਼ਦਾਰੀ ਕਰਦੇ ਬਲਕਿ ਸਿੱਖ ਕੌਮ ਦੇ ਜੜ੍ਹੀਂ ਤੇਲ ਦਿੰਦੇ ਆਏ ਹਨ ਅਤੇ ਦੇ ਰਹੇ ਹਨ।

ਮੌਜੂਦਾ ਹਾਲਾਤ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਉਪਰੋਂ ਸਿੱਖ ਦਿਖਾਈ ਦਿੰਦੇ ਇਹ ਲੋਕ ਅਸਲ ਵਿਚ ਸਿੱਖ ਰਹੇ ਹੀ ਨਹੀਂ ਬਲਕਿ ਸਿੱਖੀ ਵਰਗੇ ਗੁਣ ਇਨ੍ਹਾਂ ਦੇ ਨੇੜੇ-ਤੇੜੇ ਵੀ ਦਿਖਾਈ ਨਹੀਂ ਦੇ ਰਹੇ। ਕੌਮ ਦੇ ਭਲੇ ਦੀ ਆਸ ਵੀ ਉਨ੍ਹਾਂ ਲੋਕਾਂ ਤੋਂ ਕਿਵੇਂ ਕੀਤੀ ਜਾ ਸਕਦੀ ਹੈ? ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗੁਰਦਵਾਰਾ ਲਹਿਰ ਵਿਚੋਂ ਇਸ ਕਰ ਕੇ ਹੋਂਦ ਵਿਚ ਆਈ ਤਾਕਿ ਗੁਰਦਵਾਰਾ ਪ੍ਰਬੰਧ ਅਤੇ ਸਿੱਖੀ ਸਿਧਾਂਤਾਂ ਤੇ ਹੋ ਰਹੇ ਬਾਹਰੀ ਹਮਲਿਆਂ ਨੂੰ ਹਮੇਸ਼ਾ ਲਈ ਨੱਥ ਪਾਈ ਜਾ ਸਕੇ। ਅਕਾਲੀ ਦਲ ਸਿੱਖ ਕੌਮ ਦੇ ਰਾਜਨੀਤਕ ਭਵਿੱਖ ਨੂੰ ਚੰਗੇਰਾ ਬਣਾਉਣ ਲਈ ਹੋਂਦ ਵਿਚ ਆਇਆ। ਅਫ਼ਸੋਸ ਹੈ ਕਿ ਸਿੱਖੀ ਨੂੰ ਇਸ ਦੇ ਅਪਣੇ ਮਲਾਹ ਹੀ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿਚ ਡੋਬਣ ਉਤੇ ਤੁਲੇ ਹੋਏ ਹਨ। ਦੋਵੇਂ ਹੀ ਸੰਸਥਾਵਾਂ ਸਿੱਖੀ ਸਿਧਾਂਤ ਅਤੇ ਸਿੱਖ ਕੌਮ ਦੀ ਹੋਂਦ ਨੂੰ ਖ਼ਤਮ ਕਰਨ ਵਾਲਿਆਂ ਨਾਲ ਰਲ ਗਈਆਂ। ਸਾਡੇ ਤਖ਼ਤ ਸਾਹਿਬਾਨ ਦੇ ਜਥੇਦਾਰ ਵੀ ਮਿੱਟੀ ਦੇ ਮਾਧੋ ਹੀ ਸਾਬਤ ਹੋਏ ਹਨ ਜੋ ਚੰਦ ਛਿੱਲੜਾਂ ਦੀ ਖ਼ਾਤਰ ਕੌਮ ਅਤੇ ਗੁਰੂ ਨਾਲ ਧ੍ਰੋਹ ਕਮਾਉਣ ਲੱਗੇ ਹੋਏ ਹਨ। ਜੇ ਇਹ ਕਹਿ ਲਿਆ ਜਾਵੇ ਕਿ ਸੱਭ ਤੋਂ ਵੱਧ ਕੌਮ ਨੂੰ ਢਾਹ ਸ਼੍ਰੋਮਣੀ ਕਮੇਟੀ ਲਾ ਰਹੀ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।                     

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਿੱਖਾਂ ਦੇ ਅਸਲ ਦੁਸ਼ਮਣ ਹੀ ਜਥੇਦਾਰ, ਸੰਤ ਅਤੇ ਲੀਡਰ ਹਨ। ਇਸ ਲਈ ਇਹ ਜਮਾਤਾਂ ਮਿਲ ਕੇ ਕੰਮ ਕਰਦੀਆਂ ਨੇ ਹਮੇਸ਼ਾ। ਇਹ ਧਾਰਮਕ ਅਤੇ ਸਿਆਸੀ ਭੰਡ ਖ਼ੁਦ ਚਾਹੁੰਦੇ ਹਨ ਕਿ ਲੋਕ ਕੁਰਾਹੇ ਪਏ ਰਹਿਣ ਤਾਂ ਜੋ ਉਨ੍ਹਾਂ ਨੂੰ ਵੋਟਾਂ ਮਿਲਦੀਆਂ ਰਹਿਣ ਅਤੇ ਉਨ੍ਹਾਂ ਦੀ ਕੁਰਸੀ/ਗੱਦੀ ਸਲਾਮਤ ਰਹਿਣੀ ਚਾਹੀਦੀ ਏ ਬਸ। ਹਰ ਕੋਈ ਆਪੋ-ਅਪਣੀ ਦੁਕਾਨਦਾਰੀ ਚਲਾਈ ਜਾ ਰਿਹਾ ਹੈ। ਅਜਿਹੇ ਸਿੱਖ ਆਗੂਆਂ ਦਾ ਕਿਰਦਾਰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਸਿੱਖੀ ਭੇਸ ਵਿਚ ਆਏ ਉਹ ਅਕਿ੍ਤਘਣ ਲੋਕ ਨੇ ਜਿਹੜੇ ਨਾ ਪਹਿਲਾਂ ਗੁਰੂ ਦੇ ਸਿੱਖ ਸਨ, ਨਾ ਹੁਣ ਇਨ੍ਹਾਂ ਦਾ ਸਿੱਖੀ ਨਾਲ ਕੋਈ ਵਾਸਤਾ ਹੈ ਬਲਕਿ ਬਾਹਰੋਂ ਬੀਬੇ ਰਾਣੇ ਬਣ ਕੇ, ਅੰਦਰੋਂ ਮਾਇਆ ਨੂੰ ਜ਼ਰਬਾਂ ਦੇ ਰਹੇ ਹਨ। ਇਹ ਲੋਕ ਸਿੱਖੀ ਦੇ ਮੱਥੇ ਉਤੇ ਕਾਲਾ ਧੱਬਾ ਹਨ, ਜਿਹੜੇ ਸਿੱਖ ਸਿਧਾਂਤਾਂ ਨੂੰ ਖੋਰਾ ਲਗਦਾ ਵੇਖ ਜ਼ੁਬਾਨ ਉਤੇ ਹੀ ਤਾਲਾ ਲਗਾ ਕੇ ਬੈਠੇ ਹਨ। ਸੋ, ਗੁਰੂ ਪਿਆਰਿਉ, ਇਕੱਲੀ ਪੱਗ ਦੇਖ ਕੇ ਸਿੱਖ ਨਾ ਸਮਝ ਲਿਆ ਕਰੋ, ਪੜਤਾਲ ਕਰੋ, ਕਿਉਂਕਿ ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲਗਦਾ ਹੈ ਅਤੇ ਫਟਕੜੀ ਵੀ ਮਿਸ਼ਰੀ ਵਰਗੀ ਲਗਦੀ ਹੈ।  

ਕਿਸੇ ਦੇਸ਼, ਕੌਮ ਦੀ ਬੁਨਿਆਦ ਉਸ ਦੇ ਬਾਨੀਆਂ ਦੀ ਸੋਚ ਉਤੇ ਖੜੀ ਹੁੰਦੀ ਹੈ। ਖੰਡਰ ਹੋਈ ਸੋਚ ਉਤੇ ਬਣੀ ਇਮਾਰਤ ਨੂੰ ਖੰਡਰ ਬਣਨ ਲਗਿਆਂ ਬਹੁਤੀ ਦੇਰ ਨਹੀਂ ਲਗਦੀ। ਜੇ ਸਿੱਖੀ ਨੂੰ ਬ੍ਰਾਹਮਣਵਾਦ ਦੇ ਜੂਲੇ ਤੋਂ ਆਜ਼ਾਦ ਕਰਾਉਣਾ ਹੈ ਤਾਂ ਕੇਵਲ ਗੁਰਬਾਣੀ ਪੜ੍ਹ ਲੈਣੀ ਹੀ ਕਾਫ਼ੀ ਹੈ। ਸਿੱਖ ਕੌਮ ਨੂੰ ਪੰਜਾਬੀਅਤ ਅਤੇ ਪੰਥ ਦੀ ਬਿਹਤਰੀ ਲਈ ਪੰਥ ਦੁਸ਼ਮਣ ਤਾਕਤਾਂ  ਪੰਜਾਬ ਨੂੰ ਬਰਬਾਦੀ ਵਲ ਲੈ ਕੇ ਜਾਣ ਵਾਲੇ ਮਨਸੂਬਿਆਂ ਨੂੰ ਚੇਤਾਵਨੀ ਵਜੋਂ ਲੈਣਾ ਹੋਵੇਗਾ ਜਿਸ ਤੋਂ ਵਕਤ ਰਹਿੰਦੇ ਹੀ ਸਾਵਧਾਨ ਹੋਣ ਦੀ ਜ਼ਰੂਰਤ ਹੈ। ਸਿੱਖੀ ਉਤੇ ਆਏ ਦਿਨ ਹੋ ਰਹੇ ਹਮਲਿਆਂ ਦੇ ਪਿੱਛੇ ਦੀ ਸਿੱਖ ਦੁਸ਼ਮਣ ਮਾਨਸਿਕਤਾ ਨੂੰ ਸਮਝਣ ਅਤੇ ਸੁਲਝਾਉਣ ਵਲ ਸਿੱਖ ਕੌਮ ਨੇ ਉਚੇਚਾ ਧਿਆਨ ਨਾ ਦਿਤਾ ਤਾਂ ਯਾਦ ਰੱਖਿਉ ਕਿ ਇਸ ਸਚਾਈ ਤੋਂ ਮੁਨਕਰ ਹੋਣਾ ਅਪਣੇ ਵਿਨਾਸ਼ ਵਲ ਵਧਣ ਵਰਗੀ ਗੁਸਤਾਖ਼ੀ ਹੋਵੇਗੀ। ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਬਾਣੀ ਨੂੰ ਵਿਸਾਰ ਕੇ ਕਿਸੇ ਹੋਰ ਗ੍ਰੰਥ ਦੀ ਰਚਨਾ ਨੂੰ ਅਪਨਾਅ ਕੇ (ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ।। ਪੰਨਾ ਨੰਬਰ: 470) ਇਕ ਦਿਨ ਖੱਖੜੀਆਂ ਕਰੇਲੇ ਅਤੇ ਨੇਸਤੋ ਨਾਬੂਦ ਹੋ ਜਾਉਗੇ ਅਤੇ ਰੱਬ ਨਾ ਕਰੇ ਅਗਰ ਕੋਈ ਅਣਹੋਣੀ ਘਟਨਾ ਵਾਪਰ ਜਾਵੇ ਤਾਂ ਫਿਰ ਕਿਸੇ ਨੇ ਤੁਹਾਡੀ ਬਾਂਹ ਨਹੀਂ ਫੜਨੀ।

ਅਮਰਜੀਤ ਸਿੰਘ ਢਿੱਲੋਂ

ਸੰਪਰਕ: 98883-47068