ਸੁਖਰਾਜ ਸਿੰਘ ਨਿਆਮੀਵਾਲਾ ਦੇ ਮਰਨ ਵਰਤ ਦੇ ਫ਼ੈਸਲੇ ਦੇ ਮੁਲਤਵੀ ਹੋਣ 'ਤੇ ਪ੍ਰਸ਼ਾਸਨ ਨੇ ਲਿਆ ਸੁੱਖ ਦਾ ਸਾਹ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਹੁਣ ਨਿਆਮੀਵਾਲਾ ਵਲੋਂ 14 ਅਕਤੂਬਰ ਦੇ ਪੋ੍ਰਗਰਾਮ ਮੌਕੇ ਲਿਆ ਜਾਵੇਗਾ ਫ਼ੈਸਲਾ

image

ਕੋਟਕਪੂਰਾ, 10 ਅਕਤੂਬਰ (ਗੁਰਿੰਦਰ ਸਿੰਘ) : ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਲੱਗੇ ਬਹਿਬਲ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਵਲੋਂ ਲਗਾਤਾਰ 8 ਸਾਲ ਤੋਂ ਇਨਸਾਫ਼ ਨਾ ਮਿਲਣ ਤੋਂ ਦੁਖੀ ਮਰਨ ਵਰਤ 'ਤੇ 12 ਅਕਤੂਬਰ ਤੋਂ ਬੈਠਣ ਦੇ ਕੀਤੇ ਐਲਾਨ ਦੇ ਅੱਜ ਪੋ੍ਰਗਰਾਮ ਮੁਲਤਵੀ ਕਰਨ ਦੇ ਫ਼ੈਸਲੇ ਤੋਂ ਬਾਅਦ ਪ੍ਰਸ਼ਾਸਨ ਦੇ ਸਾਹ ਵਿਚ ਸਾਹ ਆਇਆ ਹੈ | ਬੇਸ਼ੱਕ ਸੁਖਰਾਜ ਸਿੰਘ ਨਿਆਮੀਵਾਲਾ ਦੇ ਉਕਤ ਫ਼ੈਸਲੇ ਤੋਂ ਸਿੱਖ ਚਿੰਤਕ, ਪੰਥਕ ਵਿਦਵਾਨ ਅਤੇ ਪੰਥਦਰਦੀ ਵੀ ਚਿੰਤਤ ਸਨ ਪਰ ਅੱਜ ਬਹਿਬਲ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਵਲੋਂ ਚਲਾਨ ਰਿਪੋਰਟ ਜਲਦ ਪੇਸ਼ ਕਰਨ ਦੇ ਦਿਤੇ ਵਿਸ਼ਵਾਸ ਤੋਂ ਬਾਅਦ ਸੁਖਰਾਜ ਸਿੰਘ ਨੇ ਮਰਨ ਵਰਤ 'ਤੇ ਬੈਠਣ ਦਾ ਪੋ੍ਰਗਰਾਮ ਮੁਲਤਵੀ ਕਰ ਦਿਤਾ |
ਅੱਜ ਐਸਆਈਟੀ ਵਲੋਂ ਐਸਐਸਪੀ ਸਤਿੰਦਰਪਾਲ ਸਿੰਘ, ਐਸਐਸਪੀ ਸਵਰਨਦੀਪ ਸਿੰਘ ਨੇ ਸੁਖਰਾਜ ਸਿੰਘ ਨਾਲ ਕਰੀਬ ਅੱਧਾ ਘੰਟਾ ਗੱਲਬਾਤ ਕੀਤੀ ਤਾਂ ਉਸ ਸਮੇਂ ਆਈ.ਜੀ. ਪ੍ਰਦੀਪ ਯਾਦਵ ਅਤੇ ਹਰਜੀਤ ਸਿੰਘ ਐਸਐਸਪੀ ਫ਼ਰੀਦਕੋਟ ਵੀ ਹਾਜ਼ਰ ਸਨ | ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਆਈਟੀ ਦੇ ਮੈਂਬਰ ਐਸਐਸਪੀ ਸਤਿੰਦਰਪਾਲ ਸਿੰਘ ਨੇ ਆਖਿਆ ਕਿ ਟੀਮ ਵਲੋਂ ਬਹਿਬਲ ਗੋਲੀਕਾਂਡ ਦੀ ਚਲਾਨ ਰਿਪੋਰਟ ਅਦਾਲਤ ਵਿਚ ਪੇਸ਼ ਕਰਨ ਲਈ ਭਾਵੇਂ ਚਾਰਾਜੋਈ ਜਾਰੀ ਹੈ ਅਤੇ ਇਸ ਸਬੰਧੀ ਹਰ ਤਰ੍ਹਾਂ ਦੇ ਸਬੂਤ ਇਕੱਤਰ ਕਰਨ ਲਈ ਬਕਾਇਦਾ ਗਵਾਹਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਪਰ ਐਸਆਈਟੀ ਵਲੋਂ ਇਸ ਮਾਮਲੇ ਵਿਚ ਕਾਹਲੀ ਵਿਚ ਕੋਈ ਅਣਗਹਿਲੀ ਜਾਂ ਲਾਪ੍ਰਵਾਹੀ ਕਰਨ ਦੀ ਗੁੰਜਾਇਸ਼ ਨਹੀਂ ਛੱਡੀ ਜਾ ਰਹੀ | ਦੂਜੇ ਪਾਸੇ ਵੱਖ ਵੱਖ ਪਿ੍ੰਟ ਅਤੇ ਇਲੈਕਟ੍ਰੋਨਿਕ ਮੀਡੀਏ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਰਾਜ ਸਿੰਘ ਨਿਆਮੀਵਾਲਾ ਨੇ ਦਸਿਆ ਕਿ ਪਿਛਲੇ 8 ਸਾਲਾਂ ਤੋਂ ਉਹ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਤੋਂ ਬਾਅਦ ਮੌਜੂਦਾ ਸੱਤਾਧਾਰੀ ਧਿਰ ਵਲੋਂ ਵੀ ਮਾਮਲੇ ਨੂੰ  ਲਟਕਾਉਣ ਅਤੇ ਟਾਲ ਮਟੋਲ ਦੀ ਨੀਤੀ ਅਪਣਾਉਣ ਵਾਲੇ ਫ਼ੈਸਲੇ ਤੋਂ ਦੁਖੀ ਅਤੇ ਪ੍ਰੇਸ਼ਾਨ ਸਨ ਜਿਸ ਕਰ ਕੇ ਉਸ ਨੂੰ  ਮਰਨ ਵਰਤ 'ਤੇ ਬੈਠਣ ਦਾ ਫ਼ੈਸਲਾ ਲੈਣਾ ਪਿਆ |
ਸੁਖਰਾਜ ਸਿੰਘ ਨੇ ਸਪੱਸ਼ਟ ਕੀਤਾ ਕਿ 14 ਅਕਤੂਬਰ ਨੂੰ  ਸ਼ਹੀਦ ਕਿਸ਼ਨ ਸਿੰਘ ਨਿਆਮੀਵਾਲਾ ਅਤੇ ਸ਼ਹੀਦ ਗੁਰਜੀਤ ਸਿੰਘ ਬਿੱਟੂ ਦੇ ਸ਼ਰਧਾਂਜਲੀ ਸਮਾਗਮ ਮੌਕੇ ਦੁਨੀਆਂ ਭਰ ਵਿਚੋਂ ਇਕੱਤਰ ਹੋਣ ਵਾਲੇ ਪੰਥਦਰਦੀਆਂ ਵਲੋਂ ਜੋ ਫ਼ੈਸਲਾ ਲਿਆ ਜਾਵੇਗਾ, ਉਸ ਮੁਤਾਬਕ ਅਗਲੇਰੀ ਰਣਨੀਤੀ ਤਿਆਰ ਕੀਤੀ ਜਾਵੇਗੀ | ਉਂਝ ਉਨ੍ਹਾਂ ਦੁਹਰਾਇਆ ਕਿ ਬਹਿਬਲ ਗੋਲੀਕਾਂਡ ਮਾਮਲੇ ਦੀ ਚਲਾਨ ਰਿਪੋਰਟ ਪੇਸ਼ ਕਰਨ ਤਕ ਬਹਿਬਲ ਮੋਰਚਾ ਜਾਰੀ ਰਹੇਗ |