ਜਪ ਤਪ ਤੇ ਸਿਮਰਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੰਤਰ ਜਾਪ ਨਾਲ ਰਿਧੀਆਂ ਸਿਧੀਆਂ, ਮਨੋਕਾਮਨਾਵਾਂ ਪੂਰੀਆਂ, ਤੰਦਰੁਸਤੀਆਂ, ਧਨ ਦੌਲਤ ਮਿਲਣੀ, ਰਾਜੇ ਮਹਾਰਾਜੇ ਬਣ ਜਾਣਾ।

simran

ਸਾਡੇ ਭਾਰਤ ਦੇਸ਼ ਵਿਚ ਕਈ ਹਜ਼ਾਰ ਸਾਲ ਪਹਿਲਾਂ ਇਰਾਨ ਆਦਿ ਕਿਸੇ ਦੇਸ਼ ਤੋਂ ਉਠ ਕੇ ਆਏ ਹਥਿਆਰਬੰਦ ਧਾੜਵੀ ਕਬੀਲੇ ਹਮਲਾਵਰ ਹੋਏ। ਇਥੋਂ ਦੇ ਦ੍ਰਾਵੜ ਲੋਕ ਸਿੱਧੇ ਸਾਧੇ ਭੋਲੇ ਲੋਕ ਸਨ। ਕੋਈ ਰਣਨੀਤੀ ਤਿਆਰ ਨਾ ਕਰ ਸਕੇ। ਏਕਤਾ ਕਰ ਕੇ ਸਾਂਝੀ ਜੰਗ ਨਾ ਲੜ ਸਕੇ। ਜਿਹੜੇ ਮੈਦਾਨ ਵਿਚ ਨਿਤਰੇ ਉਹ ਜਿੱਤ ਨਾ ਸਕੇ। ਅਫ਼ਗਾਨਸਤਾਨ ਤੋਂ ਲੈ ਕੇ ਉਤਰ ਪ੍ਰਦੇਸ਼ ਤਕ ਆਰੀਅਨ ਲੋਕਾਂ ਦਾ ਕਬਜ਼ਾ ਹੋ ਗਿਆ।

ਜੇਤੂ ਆਰੀਅਨਾਂ ਨੇ ਫਿਰ ਭੋਜ ਪੱਤਰਾਂ ਤੇ ਅਪਣਾ ਧਰਮ ਤੇ ਇਤਿਹਾਸ ਲਿਖਣਾ ਸ਼ੁਰੂ ਕੀਤਾ। ਤਿਆਰ ਕੀਤੇ ਮੰਤਰਾਂ ਨੂੰ ਜ਼ੁਬਾਨੀ ਯਾਦ ਵੀ ਕੀਤਾ ਗਿਆ ਕਿਉਂਕਿ ਉਨ੍ਹਾਂ ਸਮਿਆਂ ਵਿਚ ਕਾਗ਼ਜ਼ ਕਲਮ ਹਾਲੀ ਨਾਂਹ ਦੇ ਬਰਾਬਰ ਸੀ। ਲਿਖੇ ਜਾਂ ਤਿਆਰ ਕੀਤੇ ਗਏ ਮੰਤਰਾਂ ਨੂੰ ਯਾਦ ਕਰਨ ਵਾਸਤੇ ਨੌਜੁਆਨ ਤਿਆਰ ਕੀਤੇ ਗਏ। ਏਕਾਂਤ ਵਿਚ ਰਹਿ ਕੇ ਉਨ੍ਹਾਂ ਮੰਤਰਾਂ ਦਾ ਬਾਰ-ਬਾਰ ਜਾਪ ਕੀਤਾ ਗਿਆ। ਸਮਾਂ ਬੀਤਣ ਨਾਲ ਕਾਗ਼ਜ਼ ਦੀ ਕਾਢ ਨਿਕਲੀ। ਵੇਦ ਬਾਣੀ ਕਾਗ਼ਜ਼ਾਂ ਤੇ ਲਿਖੀ ਗਈ ਪਰ ਏਕਾਂਤ ਵਿਚ, ਭੋਰੇ ਵਿਚ, ਜੰਗਲ ਵਿਚ ਜਾ ਕੇ ਮੰਤਰ ਪੜ੍ਹਨੇ ਰੱਟੇ ਲਗਾਉਣੇ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਸੀ।

ਇਨ੍ਹਾਂ ਮੰਤਰ ਜਾਪਾਂ ਨਾਲ ਕਈ ਤਰ੍ਹਾਂ ਦੀਆਂ ਕਰਾਮਾਤੀ ਸ਼ਕਤੀਆਂ ਜੋੜ ਦਿਤੀਆਂ। ਮੰਤਰ ਜਾਪ ਨਾਲ ਰਿਧੀਆਂ ਸਿਧੀਆਂ, ਮਨੋਕਾਮਨਾਵਾਂ ਪੂਰੀਆਂ, ਤੰਦਰੁਸਤੀਆਂ, ਧਨ ਦੌਲਤ ਮਿਲਣੀ, ਰਾਜੇ ਮਹਾਰਾਜੇ ਬਣ ਜਾਣਾ। ਅਗਲੇ ਜਨਮ ਵਿਚ ਸੁਰਗ ਜਾਂ ਮੁਕਤੀ ਮਿਲਣ ਦੇ ਦਾਅਵੇ ਕੀਤੇ ਜਾਂਦੇ। ਪੁਜਾਰੀਆਂ ਦੀਆਂ ਮੋਮੋਠਗਣੀਆਂ ਵਿਚ ਅਗਿਆਨੀ ਲੋਕ ਫਸਦੇ ਗਏ। ਪੁਜਾਰੀ ਮੌਜ ਮਸਤੀ ਕਰਦੇ ਰਹੇ।

ਬ੍ਰਾਹਮਣ ਤੇ ਖਤਰੀ ਮਦਰਾ (ਸ਼ਰਾਬ) ਪੀ ਕੇ ਮਦਹੋਸ਼ ਹੋਣ ਲੱਗ ਪਏ। ਰੂਪਵਤੀਆਂ ਦੇ ਨਾਚ ਗਾਣੇ ਵਿਚ ਮਦ ਮਸਤ ਹੁੰਦੇ ਗਏ। ਕਾਮ ਕ੍ਰੀੜਾ ਵਿਚ ਲਿਪਤ ਹੋ ਗਏ। ਦੇਸ਼ ਦੀ ਰਾਖੀ ਵਲ ਧਿਆਨ ਹੀ ਨਾ ਰਿਹਾ। ਆਮ ਲੋਕੀਂ ਜ਼ੁਲਮ ਜਬਰ ਦੀ ਚੱਕੀ ਵਿਚ ਪਿਸਦੇ ਰਹੇ ਵਿਲਕਦੇ ਰਹੇ। ਤਰਸ ਕਰਨ ਵਾਲਾ ਮਦਦ ਕਰਨ ਵਾਲਾ ਕੋਈ ਨਹੀਂ ਸੀ। ਅਜਿਹੀ ਮਾਯੂਸੀ ਦੇ ਆਲਮ ਵਿਚ ਮੁਹੰਮਦ ਬਿਨ ਕਾਸਮ ਨੇ (712 ਈ:)  ਭਾਰਤ ਉਤੇ ਹਮਲਾ ਕੀਤਾ। ਸੱਭ ਕੁੱਝ ਲੁੱਟ ਕੇ ਵਾਪਸ ਚਲਾ ਗਿਆ, ਰਾਹ ਰੋਕਣ ਵਾਲਾ ਕੋਈ ਨਹੀਂ ਸੀ। ਫਿਰ ਮੁਹੰਮਦ ਗੌਰੀ ਆਉਂਦਾ ਰਿਹਾ।

ਦੇਸ਼ ਵਾਸੀਆਂ ਨੂੰ ਪੈਰਾਂ ਹੇਠ ਲਿਤਾੜਦਾ ਰਿਹਾ। ਉਪਰੰਤ ਮਹਿਮੂਦ ਗਜ਼ਨਵੀ ਨੇ ਹਮਲੇ ਕੀਤੇ, ਲਾਸ਼ਾਂ ਦੇ ਸੱਥਰ ਵਿਛਾਏ। ਉਸ ਦੇ ਸਨਮੁੱਖ ਹਿੱਕ ਡਾਹ ਕੇ ਲੜਨ ਵਾਲਾ ਕੋਈ ਨਹੀਂ ਸੀ। ਫਿਰ ਲੋਧੀ ਖ਼ਾਨਦਾਨ ਕਾਬਜ਼ ਹੋਇਆ। ਸੰਨ 1526 ਵਿਚ ਬਾਬਰ ਨੇ ਭਾਰਤ ਤੇ ਕਬਜ਼ਾ ਕਰ ਲਿਆ। ਇਸ ਦੇਸ਼ ਦੇ ਸਾਧ ਸਨਿਆਸੀ ਸੰਤ ਮਹਾਤਮਾ, ਪੰਡਿਤ ਪੁਜਾਰੀ, ਰਾਜੇ ਚੌਧਰੀ ਮਾਲਾ ਫੇਰਦੇ ਰਹੇ। ਮੰਤਰ ਪੜ੍ਹਦੇ ਰਹੇ, ਚਲੀਹੇ ਕਟਦੇ ਰਹੇ। ਤਪ ਕਰਦੇ ਰਹੇ। ਜੰਗਲਾਂ ਵਿਚ ਭੋਰਿਆਂ ਵਿਚ ਲੁਕ ਕੇ ਦਿਨ ਕਟੀ ਕਰਦੇ ਰਹੇ। ਇਸ ਜਨਮ ਨੂੰ ਘੱਟੇ ਵਿਚ ਰੁਲਦਾ ਵੇਖਦੇ ਰਹੇ।

ਅਗਲੇ ਜਨਮ ਵਿਚ ਸੁਰਗ ਰੂਪੀ ਖਿਡਾਉਣੇ ਦੀ ਪ੍ਰਾਪਤੀ ਵਾਸਤੇ ਰਾਲਾਂ ਸੁਟਦੇ ਰਹੇ। ਭਾਰਤ ਦੇ ਗ਼ੁਲਾਮ ਸ਼ੂਦਰਾਂ ਨੂੰ ਪੰਜ ਹਜ਼ਾਰ ਸਾਲ ਤੋਂ ਖਤਰੀ ਤੇ ਬ੍ਰਾਹਮਣ ਨੇ ਗ਼ੁਲਾਮ ਬਣਾਇਆ ਹੋਇਆ ਹੈ। ਇਨ੍ਹਾਂ ਨੂੰ ਮੰਤਰਾਂ ਨਾਲ ਗ਼ੁਲਾਮੀ ਤੋਂ ਛੁਟਕਾਰਾ ਨਹੀਂ ਮਿਲਿਆ ਨਾ ਮਿਲਣਾ ਹੈ। ਆਜ਼ਾਦੀ ਵਾਸਤੇ ਹੋਰ ਸਾਰਥਕ ਰਾਹ ਲੱਭਣੇ ਪੈਣਗੇ। ਇਸ ਦੇਸ਼ ਵਿਚ ਅੰਗ੍ਰੇਜ਼ ਆਏ, ਬਿਨਾਂ ਕਿਸੇ ਕਤਲੋ ਗਾਰਤ ਤੋਂ ਬੜੇ ਆਰਾਮ ਨਾਲ ਸਾਰੇ ਦੇਸ਼ ਤੇ ਕਾਬਜ਼ ਹੋ ਗਏ। ਉਨ੍ਹਾਂ ਦੀ ਕਾਮਯਾਬੀ ਦਾ ਮੁੱਖ ਕਾਰਨ ਸੀ ਇਥੋਂ ਦੇ ਰਾਜਿਆਂ ਨਾਲੋਂ ਵਧੀਆ ਰਾਜ ਪ੍ਰਬੰਧ ਕਰਨਾ, ਸਾਰੇ ਇਨਸਾਨਾਂ ਨੂੰ ਬਰਾਬਰ ਮੰਨਣਾ।

ਲੋਕਾਂ ਨੂੰ ਸੁੱਖ ਸਹੂਲਤਾਂ ਦੇਣੀਆਂ। ਨਹਿਰਾਂ, ਸੜਕਾਂ, ਸਕੂਲ, ਡਾਕਖਾਨੇ, ਹਸਪਤਾਲ, ਬੈਂਕਾਂ, ਰੇਲਾਂ ਆਦਿ ਚਲਾਉਣੀਆਂ। ਗੋਰਿਆਂ ਨੇ ਭਾਰਤ ਵਿਚ ਆ ਕੇ ਮੰਤਰ ਨਹੀਂ ਜਪੇ, ਭਗਤੀ ਜਾਂ ਸਿਮਰਨ ਨਹੀਂ ਕੀਤਾ ਤੇ ਲੋਕ ਭਲਾਈ ਦੇ ਕੰਮ ਕਰ ਕੇ ਵਿਖਾਏ। ਮੰਤਰ ਪੜ੍ਹਨ ਵਾਲੇ, ਭਗਤੀ ਕਰਨ ਵਾਲੇ ਦੇਸ਼ ਦੇ ਵਾਸੀ ਅੰਗ੍ਰੇਜ਼ਾਂ ਦੇ ਪੈਰੀਂ ਪੈ ਗਏ। ਉਨ੍ਹਾਂ ਨੂੰ ਅਪਣੇ ਮਾਲਕ ਮੰਨ ਲਿਆ। ਸਿੱਖਾਂ ਦੇ ਪ੍ਰਚਾਰਕਾਂ ਨੇ ਤੇ ਲੇਖਾਰੀਆਂ ਨੇ ਗੁਰੂ ਸਾਹਿਬ ਜੀ ਦੇ ਪਰਉਪਕਾਰ ਭੁਲਾ ਦਿਤੇ। ਲੋਕਾਂ ਵਿਚ ਵੰਡਿਆ ਗਿਆਨ ਭੁੱਲ ਗਿਆ। ਉਨ੍ਹਾਂ ਵਲੋਂ ਕੀਤੇ ਸੂਰਮਗਤੀ ਵਾਲੇ ਬੇਅੰਤ ਕਾਰਨਾਮੇ ਵਿਸਾਰ ਦਿਤੇ।

ਉਨ੍ਹਾਂ ਦੀਆਂ ਰੌਂਗਟੇ ਖੜੇ ਕਰਨ ਵਾਲੀਆਂ ਸ਼ਹੀਦੀਆਂ ਚੇਤੇ ਨਾ ਰਹੀਆਂ। ਜੋ ਸਿਆਣਪ ਤੇ ਹਿੰਮਤ ਉਨ੍ਹਾਂ ਵਲੋਂ ਸਮਾਜ ਨੂੰ ਦਿਤੀ ਗਈ, ਉਹ ਵੀ ਯਾਦ ਨਾ ਰਹੀ। ਜੇ ਯਾਦ ਰਿਹਾ ਤਾਂ ਸਿਮਰਨ, ਭਗਤੀ, ਭੋਰੇ ਵਿਚ ਬੈਠ ਕੇ ਤਪੱਸਿਆ ਜਾਂ ਫਿਰ ਹਿਮਾਲਿਆ ਪਰਬਤ (ਹੇਮਕੁੰਡ) ਤੇ ਪਿਛਲੇ ਜਨਮ ਵਿਚ ਕੀਤੀ ਗਈ ਭਗਤੀ। ਗੁਰੂ ਤੇਗ ਬਹਾਦਰ ਜੀ ਨੂੰ ਮੂਰਖ ਪ੍ਰਚਾਰਕਾਂ ਨੇ 26 ਸਾਲ ਭੋਰੇ ਵਿਚ ਬਿਠਾ ਦਿਤਾ। ਜਪ ਤਪ ਬਾਰੇ ਕੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਬਾਣੀ ਦਾ ਕੋਈ ਗਿਆਨ ਨਹੀਂ ਸੀ? ਕੀ ਭੋਰੇ ਵਿਚ ਲੁਕੇ ਹੋਏ ਇਨਸਾਨ ਨੂੰ ਗੁਰੂ ਹਰਿਕ੍ਰਿਸ਼ਨ ਜੀ ਨੇ ਗੁਰਤਾਗੱਦੀ ਦਿਤੀ? ਕੀ ਭੋਰੇ ਵਿਚ ਲੁੱਕ ਕੇ ਭਗਤੀ ਕਰਨ ਵਾਲੇ ਤੋਂ ਬਾਦਸ਼ਾਹ ਔਰੰਗਜ਼ੇਬ ਨੂੰ ਕੋਈ ਖ਼ਤਰਾ ਹੋ ਸਕਦਾ ਸੀ? ਭਗਤੀ ਤਪੱਸਿਆ ਬਾਰੇ ਆਉ ਗੁਰਬਾਣੀ ਵਿਚੋਂ ਆਦੇਸ਼ ਪੜ੍ਹ ਲਈਏ :

ਜਪੁ ਤਪੁ ਸੰਜਮੁ ਸਾਧੀਐ, ਤੀਰਥਿ ਕੀਚੈ ਵਾਸੁ
ਪੁੰਨ ਦਾਨ ਚੰਗਿਆਈਆਂ, ਬਿਨੁ ਸਾਚੇ ਕਿਆ ਤਾਸੁ
ਜੇਹਾ ਰਾਧੇ ਤੇਹਾ ਲੂਣੈ, ਬਿਨੁ ਗੁਣ ਜਨਮੁ ਵਿਣਾਸੁ£ (56)

ਹੇ ਭਾਈ! ਜਪ ਤਪ ਸੰਜਮ ਵਾਲੀਆਂ ਕਿਰਿਆਵਾਂ, ਤੀਰਥਾਂ ਤੇ ਵਾਸਾ ਕਰਨਾ ਕਿਸੇ ਲੇਖੇ ਵਿਚ ਨਹੀਂ। ਪੁੰਨਦਾਨ ਕਰਨੇ ਚੰਗੇ ਹੋਣ ਦਾ ਝੂਠਾ ਵਿਖਾਵਾ ਕਰਨਾ, ਸੱਚੇ ਨਿਰੰਕਾਰ ਦੀ ਯਾਦ ਤੋਂ ਬਿਨਾਂ ਕਿਸੇ ਕੰਮ ਦੇ ਨਹੀਂ। ਮਨੁੱਖ ਜਿਹੋ ਜਿਹੇ ਕੰਮ ਕਰੇਗਾ, ਉਹੋ ਜਿਹਾ ਨਤੀਜਾ ਭੁਗਤੇਗਾ। ਜੇਕਰ ਇਨਸਾਨ ਗੁਣਵਾਨ ਨਹੀਂ ਬਣਿਆ ਤਾਂ ਉਸ ਦਾ ਮਨੁੱਖਾ ਜਨਮ ਵਿਅਰਥ ਚਲਾ ਗਿਆ।
 

ਜਪ ਤਪ ਸੰਜਮ ਕਰਮ ਨ ਜਾਨਾ, ਨਾਮੁ ਜਪੀ ਪ੍ਰਭ ਤੇਰਾ
ਗੁਰ ਪਰਮੇਸ਼ਰੁ ਨਾਨਕ ਭੇਟਿਓ, ਸਾਚੈ ਸਬਦਿ ਨਿਬੇਰਾ (878)

ਹੇ ਭਾਈ! ਮੈਂ (ਨਾਨਕ) ਜਪ ਤਪ ਤੇ ਸੰਜਮ ਬਾਰੇ, ਇਨ੍ਹਾਂ ਕਰਮਕਾਡਾਂ ਬਾਰੇ ਕੁੱਝ ਨਹੀਂ ਜਾਣਦਾ, ਬਸ ਤੈਨੂੰ (ਪਰਮੇਸ਼ਰ ਨੂੰ) ਹਿਰਦੇ ਵਿਚ ਵਸਾ ਕੇ ਰਖਦਾ ਹਾਂ। ਮੈਨੂੰ ਗੁਰੂ ਨਿਰੰਕਾਰ ਮਿਲ ਗਿਆ ਹੈ। ਉਸ ਦਾ ਗਿਆਨ ਹਾਸਲ ਕਰ ਕੇ ਸਾਰੇ ਡਰ ਤੇ ਭਰਮ ਖ਼ਤਮ ਕਰ ਦਿਤੇ ਹਨ।
ਸੇਵਾ ਸੁਰਤਿ ਸ਼ਬਦਿ ਵੀਚਾਰਿ ਜਪੁ ਤਪੁ ਸੰਜਮੁ ਹਉਮੈ ਮਾਰਿ
ਜੀਵਨ ਮੁਕਤੁ ਜਾ ਸਬਦੁ ਸੁਣਾਏ ਸਚੀ ਰਹਤ ਸਚਾ ਸੁਖੁ ਪਾਏ (1343)

ਹੇ ਭਾਈ! ਸੇਵਾ ਕਿਵੇਂ ਕਰਨੀ ਹੈ, ਇਹ ਤਦੋਂ ਸਮਝ ਆਵੇਗੀ ਜਦੋਂ ਸ਼ਬਦ ਗਿਆਨ ਹਾਸਲ ਕਰ ਕੇ ਮਨੁੱਖ ਅਕਲਮੰਦ ਬਣ ਗਿਆ। ਜਪ-ਤਪ ਤੇ ਸੰਜਮ ਹੈ ਹਉਮੈ ਹੰਕਾਰ ਨੂੰ ਕਾਬੂ ਹੇਠ ਰਖਣਾ। ਸ਼ਬਦ ਦੇ ਗਿਆਨ ਨਾਲ ਜੀਵਨ ਦੀਆਂ ਰੁਕਾਵਟਾਂ ਦੇ ਬੰਧਨ ਤੋੜ ਕੇ ਮਨੁੱਖ ਆਜ਼ਾਦ ਹੋ ਸਕਦਾ ਹੈ। ਇਹ ਸੱਭ ਕੇਵਲ ਗੱਲਾਂ ਨਾਲ ਨਹੀਂ ਹੋਣਾ, ਅਪਣੇ ਜੀਵਨ ਨੂੰ ਸ਼ੁੱਧ ਵਿਕਾਰ ਰਹਿਤ ਬਣਾਉਣਾ ਹੋਵੇਗਾ।

ਕਿਆ ਜਪੁ ਕਿਆ ਤਪੁ ਸੰਜਮੋ, ਕਿਆ ਬਰਤੁ ਕਿਆ ਇਸਨਾਨੁ
ਜਬ ਲਗੁ ਜੁਗਤਿ ਨਾ ਜਾਨੀਐ, ਭਾਉ ਭਗਤਿ ਭਗਵਾਨ (337)

ਹੇ ਭਾਈ! ਜਪ ਕਰਨਾ ਤਪ ਕਰਨਾ, ਇੰਦਰੀਆਂ ਨੂੰ ਰੋਕ ਕੇ ਰੱਖਣਾ, ਵਰਤ ਰੱਖਣੇ, ਤੀਰਥਾਂ ਤੇ ਇਸ਼ਨਾਨ ਕਰਨੇ ਕਿਸੇ ਲੇਖੇ ਵਿਚ ਨਹੀਂ ਹਨ। ਜਿੰਨੀ ਦੇਰ ਨਿਰੰਕਾਰ ਦਾ ਸੱਚਾ ਪ੍ਰੇਮ ਹਿਰਦੇ ਵਿਚ ਨਾ ਵੱਸ ਜਾਵੇ, ਇਹ ਸੱਭ ਕੂੜ ਕਿਰਿਆਵਾਂ ਹਨ। ਗੁਰਬਾਣੀ ਪੜ੍ਹਨੀ ਸਮਝਣੀ ਸਿੱਖਾਂ ਨੇ ਤਿਆਗ ਦਿਤੀ। ਮੰਤਰ ਜਾਪਾਂ ਵਾਲੀ ਮੂਰਖਤਾ ਭਾਰੂ ਹੋ ਗਈ। ਅਪਣੀ ਭੁੱਲ ਨੂੰ ਲੁਕਾਉਣ ਵਾਸਤੇ ਅਜਿਹੇ ਨਾਸਮਝ ਸਾਧਾਂ ਤੇ ਸਿੱਖਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ 26 ਸਾਲ ਭੋਰੇ ਵਿਚ ਬਿਠਾ ਕੇ ਗੁਰਬਾਣੀ ਅਸੂਲਾਂ ਤੋਂ ਉਲਟ ਜਪ ਕਰਨ ਵਾਸਤੇ ਬਿਠਾ ਦਿਤਾ।

ਗੁਰੂ ਸਾਹਿਬ ਜੀ ਅਪਣੇ ਜੀਵਨ ਦਾ ਹਰ ਪਲ ਲੋਕ ਭਲਾਈ ਹਿਤ ਲੇਖੇ ਲਗਾ ਰਹੇ ਸਨ। ਖ਼ੁਦ ਵਿਹਲੜ ਸਾਧਾਂ ਨੇ ਕੰਮ ਕੋਈ ਕਰਨਾ ਨਹੀਂ, ਸਿਮਰਨ ਦਾ ਨਾਟਕ ਕਰਨਾ ਹੈ। ਖ਼ੁਦ ਨੂੰ ਠੀਕ ਸਿੱਧ ਕਰਨ ਲਈ ਇਸ ਮਨਮੁਖਤਾ ਵਿਚ ਗੁਰੂ ਜੀ ਨੂੰ ਵੀ ਸ਼ਾਮਲ ਕਰ ਲਿਆ। ਇਸ ਤੋਂ ਮਗਰੋਂ ਹੋਰ ਵੱਡਾ ਕੁਫ਼ਰ ਸਿੱਖਾਂ ਦੇ ਸਿਰ ਮੜ੍ਹਿਆ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ਵਿਚ ਹਿਮਾਲਿਆ ਪਰਬਤ ਤੇ ਬੈਠ ਕੇ ਭਗਤੀ ਸਿਮਰਨ ਕੀਤਾ। ਰਾਮ ਤੇ ਸ਼ਿਆਮ ਕਵੀਆਂ ਦੀਆਂ ਗਪੌੜਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਦਿਤਾ। ਉਸੇ ਹਿਮਾਲਿਆ ਪਰਬਤ ਤੇ ਪਿਛਲੇ ਜਨਮ ਵਿਚ ਔਰੰਗਜ਼ੇਬ ਵੀ ਤਪੱਸਿਆ ਕਰਦਾ ਸੀ। .... ਵਗੈਰਾ ਵਗੈਰਾ।

ਇਨ੍ਹਾਂ ਅਕਲ ਦੇ ਅੰਨ੍ਹਿਆਂ ਨੂੰ ਇਹ ਵੀ ਪਤਾ ਨਹੀਂ ਕਿ ਹਿਮਾਲਿਆ ਪਰਬਤ ਤੇ ਅੱਜ ਤਾਈ ਕੋਈ ਮਨੁੱਖ ਨਹੀਂ ਰਹਿ ਸਕਦਾ। ਹੇਮਕੁੰਟ ਲਈ ਜੂਨ ਤੋਂ ਅਕਤੂਬਰ ਤਕ ਰਸਤਾ ਚਾਲੂ ਕੀਤਾ ਜਾਂਦਾ ਹੈ। ਬਾਕੀ ਸਾਰਾ ਸਾਲ ਬਰਫ਼ਾਂ ਨਾਲ ਰਸਤਾ ਵੀ ਬੰਦ ਤੇ ਹੇਮਕੁੰਟ ਗੁਰਦਵਾਰਾ (ਮਿੱਥ) ਵੀ ਬੰਦ ਰਹਿੰਦਾ ਹੈ। ਪਰ ਨਾਮ ਸਿਮਰਨ ਵਾਲੇ ਗਿਆਨਹੀਣ ਲੋਕਾਂ ਨੇ ਇਸ ਦੀ ਵਡਿਆਈ ਕਰ ਕੇ ਖ਼ੂਬ ਹਵਾ ਦਿਤੀ ਹੈ। ਇਸ ਬਹਾਨੇ ਅਪਣੇ ਸਿਮਰਨ ਤੇ ਜਪ ਤਪ ਨੂੰ ਸਹੀ ਸਿੱਧ ਕਰਨ ਦੀ ਨਖਿੱਧ ਕੋਸ਼ਿਸ਼ ਕੀਤੀ ਹੈ। ਇਹ ਕਾਰਵਾਈ ਗੁਰਬਾਣੀ ਦੇ ਪਾਵਨ ਅਸੂਲਾਂ ਤੋਂ ਉਲਟ ਹੈ।

ਗੁਰੂ ਸਾਹਿਬ ਦੀਆਂ ਨਕਲੀ ਫ਼ੋਟੋਆਂ ਵਿਚ ਮਾਲਾ ਪਹਿਨਾ ਦਿਤੀ। ਅੱਖਾਂ ਬੰਦ ਕਰਵਾ ਦਿਤੀਆਂ, ਸਮਾਧੀ ਵਿਚ ਲੀਨ ਕਰ ਦਿਤਾ। ਮਹਾਨ ਸੂਰਬੀਰ ਭਾਈ ਬੰਦਾ ਸਿੰਘ ਦਾ ਇਨ੍ਹਾਂ ਸਾਜ਼ਸ਼ੀ ਲੇਖਾਰੀਆਂ ਨੇ ਅਪਮਾਨਤ ਕੀਤਾ। ਸ਼ੇਰ-ਏ-ਪੰਜਾਬ ਜਾਂਬਾਜ਼ ਯੋਧੇ ਮਹਾਰਾਜਾ ਰਣਜੀਤ ਸਿੰਘ ਵਿਰੁਧ ਬੇਅੰਤ ਕੁਫ਼ਰ ਲਿਖਿਆ। ਭਾਈ ਜੱਸਾ ਸਿੰਘ, ਭਾਈ ਕਪੂਰ ਸਿੰਘ, ਭਾਈ ਦੀਪ ਸਿੰਘ ਦੇ ਬਹਾਦਰੀ ਵਾਲੇ ਕਾਰਜ ਗੁੱਠੇ ਲਗਾ ਦਿਤੇ। ਕਰਾਮਾਤੀ ਕਹਾਣੀਆਂ ਉਭਾਰ ਦਿਤੀਆਂ। ਭਾਈ ਦੀਪ ਸਿੰਘ ਦੇ ਹੱਥੋਂ ਖੰਡਾ ਖੋਹ ਕੇ ਪੋਥੀ ਅੱਗੇ ਰਖਵਾ ਦਿਤੀ। ਮਾਲਾ ਗਲ ਵਿਚ ਪਹਿਨਾ ਦਿਤੀ। ਦੁਸ਼ਮਣਾਂ ਦੇ ਆਹੂ ਲਾਹੁਣ ਵਾਲੇ ਯੋਧੇ ਬਰਫ਼ ਦੀਆਂ ਸਿਲਾਂ ਬਣਾ ਕੇ ਰੱਖ ਦਿਤੇ। ਅਪਣੇ ਮੁਖੀਆਂ ਨੂੰ ਭਗਤੀ ਕਰਦੇ ਸਿਮਰਨ ਵਿਚ ਲੀਨ ਹੋਏ ਵੇਖ ਸੁਣ ਕੇ ਸੇਵਕ ਸਿੱਖਾਂ ਨੇ ਭਗਤੀ ਤੇ ਸਿਮਰਨ ਹੀ ਕਰਨਾ ਹੋਇਆ। ਉਨ੍ਹਾਂ ਨੂੰ ਸੁਣਾਇਆ ਤੇ ਪੜ੍ਹਾਇਆ ਹੀ ਇਹੋ ਕੁੱਝ ਗਿਆ ਹੈ।

ਸਾਰੀ ਦੁਨੀਆਂ ਦੇ ਧਰਮ ਮੁਖੀ ਕ੍ਰਾਂਤੀਕਾਰੀ ਯੋਧੇ ਸਨ। ਸਾਰਿਆਂ ਨੇ ਸਮੇਂ ਦੀਆਂ ਜ਼ਾਲਮ ਹਕੂਮਤਾਂ ਵਿਰੁਧ ਬਗ਼ਾਵਤਾਂ ਕੀਤੀਆਂ। ਖੂੰਖਾਰ ਜੰਗ ਲੜੇ, ਲੋਕਾਂ ਨੂੰ ਹੌਸਲਾ ਦੇ ਕੇ ਜ਼ੁਲਮ ਵਿਰੁਧ ਲੜਨ ਵਾਸਤੇ ਤਿਆਰ ਕੀਤਾ। ਕਈ ਥਾਂਈ ਰਾਜ ਬਦਲੇ। ਕਈ ਸਾਰੇ ਧਰਮ ਮੁਖੀਆਂ ਤੇ ਸੇਵਕਾਂ ਨੂੰ ਸ਼ਹੀਦ ਹੋਣਾ ਪਿਆ। ਸਮਾਂ ਬੀਤਣ ਨਾਲ ਧਰਮ ਦੇ ਨਾਮ ਦੀ ਵਰਤੋਂ ਕਰ ਕੇ ਪੁਜਾਰੀ ਤਬਕਾ ਪੈਦਾ ਹੁੰਦਾ ਗਿਆ। ਕ੍ਰਾਂਤੀਕਾਰ ਰਾਹ ਤਿਆਗ ਕੇ, ਧਰਮ ਮੁਖੀ ਨੂੰ ਪੂਜਣਯੋਗ ਬਣਾ ਕੇ ਪੇਸ਼ ਕੀਤਾ ਗਿਆ। ਧਰਮ ਸਥਾਨਾਂ ਦੀ ਉਸਾਰੀ ਕੀਤੀ ਗਈ। ਮਾਇਆ ਆਉਣੀ ਸ਼ੁਰੂ ਹੋ ਗਈ। ਪੁਜਾਰੀ ਦੀ ਗੋਗੜ ਫੁਲਦੀ ਗਈ, ਜਾਇਦਾਦ ਵਧਦੀ ਗਈ, ਪੂਜਾ ਹੁੰਦੀ ਗਈ। ਕ੍ਰਾਂਤੀਕਾਰੀ ਯੋਧੇ ਹੌਲੀ-ਹੌਲੀ ਵਿਸਰਦੇ ਗਏ, ਪੁਜਾਰੀਆਂ ਨੇ ਜੋ ਕਿਹਾ ਸੱਚ ਜਾਣ ਕੇ ਮੰਨ ਲਿਆ।

ਦੂਜੇ ਧਰਮਾਂ ਦੇ ਲੋਕਾਂ ਕੋਲ ਅਪਣੇ ਪੈਗ਼ੰਬਰ ਦੀ ਲਿਖਤ ਕੋਈ ਨਹੀਂ। ਪੈਗੰਬਰ ਦੇ ਉਪਦੇਸ਼ਾਂ ਨੂੰ ਉਨ੍ਹਾਂ ਦੇ ਸੇਵਕਾਂ ਨੇ ਲਿਖਤ ਰੂਪ ਦਿਤਾ ਹੈ। ਕਿੰਨਾ ਸਹੀ ਹੈ, ਕਿੰਨਾ ਗ਼ਲਤ ਹੈ, ਕੋਈ ਪਰਖ ਪੈਮਾਨਾ ਨਹੀਂ। ਪਰ ਸਿੱਖਾਂ ਕੋਲ ਗੁਰੂ ਸਾਹਿਬ ਦੀ ਅਪਣੇ ਹੱਥੀਂ ਲਿਖੀ ਗੁਰਬਾਣੀ ਮੌਜੂਦ ਹੈ। ਉਸ ਨੂੰ ਸੌਖਿਆ ਹੀ ਪੜ੍ਹਿਆ ਤੇ ਸਮਝਿਆ ਜਾ ਸਕਦਾ ਹੈ ਪਰ ਸਿੱਖ ਸਮਾਜ ਅੱਜ ਤਕ ਗੁਰਬਾਣੀ ਸਮਝ ਕੇ ਖ਼ੁਦ ਪੜ੍ਹਨ ਲਈ ਤਿਆਰ ਨਹੀਂ। ਕਿਰਾਏ ਦੇ ਪਾਠ, ਕਿਰਾਏ ਦੇ ਕੀਰਤਨ ਜਾਂ ਫਿਰ ਗਿਆਨ ਰਹਿਤ ਸਿਮਰਨ। ਲੁੱਟਣ ਵਾਸਤੇ ਤਿਆਰ ਬੇਅੰਤ ਸਿੱਖ ਸਕਲਾਂ ਵਾਲੇ ਤਾਕ ਲਗਾਈ ਬੈਠੇ ਹਨ।

ਅੰਮ੍ਰਿਤ ਕਾਇਆ ਰਹੈ ਸੁਖਾਲੀ, ਬਾਜੀ ਇਹੁ ਸੰਸਾਰੋ
ਲਬੁ ਲੋਭੁ ਮੁਚੁ ਕੂੜੁ ਕਮਾਵਹਿ, ਬਹੁਤੁ ਉਠਾਵਹਿ ਭਾਰੋ
ਤੂੰ ਕਾਇਆ ਮੈ ਰੁਲਦੀ ਦੇਖੀ, ਜਿਉ ਧਰ ਉਪਰਿ ਛਾਰੋ
ਸੁਣਿ ਸੁਣਿ ਸਿਖ ਹਮਾਰੀ ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ਰਹਾਉ (154)

ਸੰਪਰਕ :  98551-51699

ਪ੍ਰੋ. ਇੰਦਰ ਸਿੰਘ ਘੱਗਾ