ਉੜੀਸਾ ਚ ਮੰਗੂ ਮੱਠ ਬਚਾਉਣ ਲਈ ਪਹੁੰਚੇ ਸਿੱਖ, UNITED SIKHS ਦੇ ਰਹੀ ਹੈ ਡਟ ਕੇ ਪਹਿਰਾ...

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

UNITED SIKHS ਗਰਾਊਂਡ ਜ਼ੀਰੋ 'ਤੇ ਪਹੁੰਚ ਕਰ ਰਹੀ ਉਪਰਾਲੇ

Mangu Mutt

ਸ੍ਰੀ ਜਗਨਨਾਥ ਪੁਰੀ (ਉੜੀਸਾ):  ਉੜੀਸਾ ਵਿਚ ਮੰਗੂ ਮੱਠ ਨੂੰ ਢਾਹੁਣ ਦੇ ਮਾਮਲੇ ਨੂੰ ਲੈ ਕੇ ਯੂਨਾਇਟਡ ਸਿੱਖ ਦੀ ਟੀਮ ਉੱਥੇ ਡਟ ਕੇ ਪਹਿਰਾ ਦੇ ਰਹੀ ਹੈ ਇਸ ਮੈਕੇ ਸਪੋਕਸਮੈਨ ਟੀਵੀ ਵੱਲੋਂ ਪੁੱਛੇ ਗਏ ਸਵਾਲਂ ਤੇ ਟੀਮ ਨੇ ਕਿਹਾ ਕਿ ਮੰਗੂ ਮੱਠ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਜੀ ਦਾ ਪ੍ਰਕਾਸ਼ ਸ਼ੁਰੂ ਕੀਤਾ ਹੋਇਆ ਸੀ ਅਤੇ ਇਹ ਪ੍ਰਕਾਸ਼ ਇੱਕ ਸਿੱਖ ਨੇ ਆਪਣੇ ਬਚਪਨ ਵਿਚ ਖੁਦ ਆਪਣੇ ਹੱਥਾਂ ਨਾਲ ਕੀਤਾ ਸੀ।

ਦੱਸ ਦਈਏ ਕਿ ਉੜੀਸਾ ਦੇ ਸ੍ਰੀ ਜਗਨਨਾਥ ਪੁਰੀ ਵਿਚ ਬਾਬੇ ਨਾਨਕ ਨਾਲ ਸਬੰਧਤ ਇਤਿਹਾਸਕ ਮੰਗੂ ਮੱਠ ਦਾ ਵਪਾਰਕ ਹਿੱਸਾ ਢਾਹੇ ਜਾਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਸਿੱਖਾਂ ਨੂੰ ਵਾਰ-ਵਾਰ ਪੂਰਾ ਭਰੋਸਾ ਦੇ ਰਿਹਾ ਹੈ ਕਿ ਮੰਗੂ ਮੱਠ ਦਾ 'ਪੂਜਾ ਸਥਲੀ' ਹਿੱਸਾ ਮੂਲ ਰੂਪ ਵਿਚ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਜਾਵੇਗਾ ਪਰ ਸਿੱਖ ਅੱਜ ਜ਼ਿਲ੍ਹਾ ਕੁਲੈਕਟਰ ਬਲਵੰਤ ਸਿੰਘ ਰਾਠੌੜ ਨੂੰ ਮਿਲ ਕੇ ਦੋ ਟੁਕ ਕੇ ਆਏ ਹਨ ਕਿ ਮੰਗੂ ਮੱਠ ਵਿਚ ਪਹਿਲਾਂ ਦੀ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਮੁੜ ਪ੍ਰਕਾਸ਼ ਕੀਤਾ ਜਾਵੇ।

ਜ਼ਿਲ੍ਹਾ ਕੁਲੈਕਟਰ ਨੇ ਇਸ ਨੂੰ ਅਪਣੇ ਅਧਿਕਾਰ ਖੇਤਰ ਦਾ ਵਿਸ਼ਾ ਨਾ ਦਸਦੇ ਹੋਏ ਹਾਲ ਦੀ ਘੜੀ ਇਸ ਬਾਰੇ ਕੋਈ ਠੋਸ ਭਰੋਸਾ ਤਾਂ ਨਹੀਂ ਦਿਤਾ ਪਰ ਉਹ ਇਸ ਗੱਲ 'ਤੇ ਵੀ ਨਹੀਂ ਆਏ ਕਿ ਉਹ ਸਿੱਖਾਂ ਦੀ ਇਸ ਮੰਗ ਨੂੰ ਸਰਕਾਰ ਦੇ ਪੱਧਰ ਉਤੇ ਘੱਟੋ ਘੱਟ ਇਕ ਵਾਰ ਵਿਚਾਰਨਗੇ ਜਿਸ ਕਰ ਕੇ ਸੁਪਰੀਮ ਕੋਰਟ ਵਿਚ ਇਹ ਕੇਸ ਲੜ ਰਹੀ ਗ਼ੈਰ ਸਰਕਾਰੀ ਸੰਸਥਾ ਯੂਨਾਈਟਿਡ ਸਿੱਖਜ਼ ਦੇ ਨੁਮਾਇੰਦੇ ਜਸਮੀਤ ਸਿੰਘ ਅਤੇ ਸਥਾਨਕ ਸਿੱਖ ਨਿਰਾਸ਼ਾ ਦੇ ਮਾਹੌਲ ਵਿਚ ਜ਼ਿਲ੍ਹਾ ਕੁਲੈਕਟਰ ਨੂੰ ਮਿਲ ਕੇ ਵਾਪਸ ਪਰਤ ਆਏ।

ਇਸ ਤੋਂ ਪਹਿਲਾਂ ਅੱਜ ਸਵੇਰੇ ਜਿਉਂ ਹੀ ਸਿੱਖ ਮੰਗੂ ਮੱਠ ਕੋਲ ਇਕੱਤਰ ਹੋਣੇ ਸ਼ੁਰੂ ਹੋਏ ਤਾਂ ਪੁਲਿਸ ਪ੍ਰਸ਼ਾਸਨ ਇਕਦਮ ਹਰਕਤ ਵਿਚ ਆ ਗਿਆ। 'ਸਪੋਕਸਮੈਨ ਵੈੱਬ ਟੀ ਵੀ' ਦੀ ਟੀਮ ਵੀ ਇਸ ਪੱਤਰਕਾਰ ਸਣੇ ਮੌਕੇ 'ਤੇ ਪਹੁੰਚੀ। ਜਿਉਂ ਹੀ ਟੀਵੀ ਦੀ ਟੀਮ ਨੇ ਸਿੱਖਾਂ ਦਾ ਪੱਖ ਜਾਣਨਾ ਚਾਹਿਆ ਤਾਂ ਉੱਚ ਪੁਲਿਸ ਅਧਿਕਾਰੀਆਂ ਨੇ ਟੀਵੀ ਟੀਮ ਅਤੇ ਟੀਮ ਨੂੰ ਇੰਟਰਵਿਊ ਦੇ ਰਹੇ ਸਿੱਖਾਂ ਨੂੰ ਮੌਕੇ ਤੋਂ ਪਰ੍ਹੇ ਜਾਣ ਲਈ ਕਹਿ ਦਿਤਾ ਜਿਸ ਮਗਰੋਂ ਇਕ ਤਰ੍ਹਾਂ ਨਾਲ ਪੂਰਾ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਤੇ ਸਿੱਖਾਂ ਦੇ ਟੀਵੀ ਟੀਮ ਦੀ ਹਰ ਹਰਕਤ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿਤੀ ਗਈ।

ਸਿੱਖਾਂ ਦਾ ਵਫ਼ਦ ਫੌਰੀ ਜ਼ਿਲ੍ਹਾ ਕੁਲੈਕਟਰ ਨੂੰ ਮਿਲਿਆ, ਕਰੀਬ ਅੱਧਾ ਘੰਟਾ ਗੱਲਬਾਤ ਹੋਈ ਜਿਸ ਦੌਰਾਨ ਸਥਾਨਕ ਸਿੱਖਾਂ ਐਡਵੋਕੇਟ ਸੁਖਵਿੰਦਰ ਕੌਰ, ਗੁਰਦੁਆਰਾ ਆਰਤੀ ਸਾਹਿਬ ਤੋਂ ਜਗਦੀਪ ਸਿੰਘ, ਪ੍ਰਿਤਪਾਲ ਸਿੰਘ ਭੁਵਨੇਸ਼ਵਰ ਸਣੇ ਅੱਧੀ ਦਰਜਨ ਦੇ ਕਰੀਬ ਇਸ ਬੈਠਕ ਵਿਚ ਸ਼ਾਮਲ ਹੋਏ। ਸਿੱਖਾਂ ਨੇ ਜ਼ੋਰ ਦੇ ਕੇ ਮੁੱਦਾ ਚੁਕਿਆ ਕਿ ਮੰਗੂ ਮੱਠ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਮੁੜ ਪ੍ਰਕਾਸ਼ ਹਰ ਹਾਲ ਯਕੀਨੀ ਬਣਾਇਆ ਜਾਵੇ। ਭੁਵਨੇਸ਼ਵਰ ਤੋਂ ਆਏ ਸਿੱਖਾਂ ਨੇ ਦਸਿਆ ਕਿ ਉਹ ਬਚਪਨ ਤੋਂ ਇਥੇ ਆ ਰਹੇ ਹਨ ਤੇ ਸਾਲ 1987 ਤਕ ਉਨ੍ਹਾਂ ਖ਼ੁਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਥੇ ਵੇਖਿਆ ਹੈ।

ਜਗਦੀਪ ਸਿੰਘ ਨੇ ਕਿਹਾ ਕਿ ਸਾਲ 87 ਤੋਂ ਬਾਅਦ ਬੜੀ ਹੀ ਸਾਜ਼ਸ਼ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲਾਂ ਇਥੋਂ ਹਟਾਇਆ ਗਿਆ ਫਿਰ ਇਥੇ ਬਿਹਾਰ ਤੋਂ ਆਏ ਇਕ ਮਹੰਤ ਨੂੰ ਇਹ ਗੱਦੀ ਦਿਤੀ ਗਈ ਜਿਸ ਤੋਂ ਬਾਅਦ ਇਥੇ ਮੂਰਤੀ ਪੂਜਾ ਸ਼ੁਰੂ ਕਰ ਦਿਤੀ ਗਈ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਣ ਮੰਗੂ ਮੱਠ ਦੇ ਜਿਹੜੇ ਵਪਾਰਕ ਹਿੱਸੇ ਨੂੰ ਅਣਅਧਿਕਾਰਤ ਕਹਿ ਕੇ ਢਾਹ ਰਿਹਾ ਹੈ ਉਹ ਮਹੰਤ ਵਲੋਂ ਹੀ ਪੈਸੇ ਦੇ ਨਾਲ ਅੱਗੇ ਲੀਜ਼ ਦਰ ਲੀਜ਼ ਚੜ੍ਹਾਇਆ ਜਾਂਦਾ ਰਿਹਾ ਹੈ ਪਰ ਇਸ ਦਾ ਮਤਲਬ ਹਰਗਿਜ਼ ਇਹ ਨਹੀਂ ਹੈ ਕਿ ਇਹ ਜ਼ਮੀਨ ਮੰਗੂ ਮੱਠ ਨਾਲ ਸਬੰਧਤ ਨਹੀਂ ਹੈ।

ਸਥਾਨਕ ਸਿੱਖਾਂ ਨੇ ਕਿਹਾ ਕਿ 'ਪੂਜਾ ਸਥਲੀ' ਦੇ ਨਾਂ ਤੇ ਜਿਹੜੀ ਨਿੱਕੀ ਜਿੰਨੀ ਥਾਂ ਦੀ ਵਿਰਾਸਤੀ ਸਥਿਤੀ ਬਰਕਰਾਰ ਰੱਖਣ ਦਾ ਭਰੋਸਾ ਦਿਤਾ ਜਾ ਰਿਹਾ ਹੈ ਉਹ ਮਹਿਜ਼ ਇਕ ਖ਼ਾਨਾਪੂਰਤੀ ਹੋਵੇਗੀ ਜਦਕਿ ਮੰਗੂ ਮੱਠ ਦੇ ਨਾਂਅ 'ਤੇ ਅੱਧੇ ਏਕੜ ਤੋਂ ਵੱਧ ਜ਼ਮੀਨ ਹੈ। ਭੁਵਨੇਸ਼ਵਰ ਤੋਂ ਆਈ ਐਡਵੋਕੇਟ ਸੁਖਵਿੰਦਰ ਕੌਰ ਨੇ ਜ਼ਿਲ੍ਹਾ ਕੁਲੈਕਟਰ ਨਾਲ ਬੈਠਕ ਵਿਚ ਸਵਾਲ ਚੁਕਿਆ ਕਿ ਜਦੋਂ ਸੁਪਰੀਮ ਕੋਰਟ ਨੇ ਹਾਲ ਦੀ ਘੜੀ ਸਥਿਤੀ ਜਿਉਂ ਦੀ ਤਿਉਂ ਰੱਖਣ ਲਈ ਕਿਹਾ ਹੋਇਆ ਹੈ ਤਾਂ ਪ੍ਰਸ਼ਾਸਨ ਨੇ ਅੱਧ ਵਿਚਾਲੇ ਹੀ ਕਿਉਂ ਵਪਾਰਕ ਅਣ-ਅਧਿਕਾਰਤ ਇਮਾਰਤਾਂ ਢਾਹੁਣ ਦੇ ਨਾਂਅ 'ਤੇ ਢਾਹ ਢੁਆਈ ਸ਼ੁਰੂ ਕੀਤੀ ਹੈ

ਜਿਸ ਉਤੇ ਜ਼ਿਲ੍ਹਾ ਕੁਲੈਕਟਰ ਨੇ ਵਾਰ ਵਾਰ ਦੁਹਰਾਇਆ ਕਿ ਸਰਕਾਰ ਦਾ ਮਕਸਦ ਜਗਨਨਾਥ ਪੁਰੀ ਮੰਦਰ ਖੇਤਰ ਨੂੰ ਸਾਫ਼ ਸੁਥਰਾ ਅਤੇ ਕਬਜ਼ਿਆਂ ਮੁਕਤ ਕਰਨਾ ਹੈ ਜਿਸ ਤਹਿਤ ਹੀ ਇਹ ਢਾਹ ਢੁਆਈ ਕੀਤੀ ਜਾ ਰਹੀ ਹੈ ਤੇ ਆਖ਼ਰਕਾਰ ਮੰਗੂ ਮੱਠ ਦਾ ਮੂਲ ਹਿੱਸਾ ਵਿਰਾਸਤੀ ਰੂਪ ਵਿਚ ਬਰਕਰਾਰ ਰੱਖਿਆ ਜਾਵੇਗਾ ਜਿਸ ਉੱਤੇ ਸਿੱਖਾਂ ਨੇ ਇਕ ਵਾਰ ਫਿਰ ਜ਼ੋਰ ਦੇ ਕੇ ਕਿਹਾ ਕਿ ਜੇਕਰ ਮੰਗੂ ਮੱਠ ਦੀ ਅਸਲ ਵਿਰਾਸਤੀ ਸਥਿਤੀ ਬਰਕਰਾਰ ਰੱਖਣੀ ਹੈ ਤਾਂ ਤਿੰਨ ਦਹਾਕੇ ਪਹਿਲਾਂ ਵਾਂਗ ਇਕ ਵਾਰ ਫਿਰ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਪ੍ਰਕਾਸ਼ ਕਰਨ ਦਿਤਾ ਜਾਵੇ।

ਜਗਦੀਪ ਸਿੰਘ ਨੇ ਇਸ ਬਾਰੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਜਿਸ ਮਹੰਤ ਦਾ ਇਸ ਗੱਦੀ ਉੱਤੇ ਹੁਣ ਤਕ ਕਬਜ਼ਾ ਰਿਹਾ ਹੈ ਉਸ ਨੂੰ ਪ੍ਰਸ਼ਾਸਨ ਨੇ ਸਮਝਾ ਬੁਝਾ ਲਿਆ ਹੈ ਤੇ ਉਸ ਨੂੰ ਕਿਸੇ ਹੋਰ ਥਾਂ 'ਤੇ ਜ਼ਮੀਨ ਦਿਤੀ ਗਈ ਹੈ। ਸਥਾਨਕ ਸਿੱਖਾਂਂ ਨੂੰ ਖਦਸ਼ਾ ਹੈ ਕਿ ਜੇਕਰ ਪ੍ਰਸ਼ਾਸਨ ਦੇ ਕਹੇ ਮੁਤਾਬਕ ਮੰਗੂ ਮੱਠ ਦੀ ਚੰਦ ਕੁ ਗਜ ਜਗ੍ਹਾ ਬਰਕਰਾਰ ਵੀ ਰੱਖੀ ਜਾਂਦੀ ਹੈ ਤਾਂ ਵੀ ਇਸ ਨੂੰ ਮਹੰਤ ਜਾਂ ਮੂਰਤੀ ਪੂਜਾ ਤੋਂ ਅਭਿੱਜ ਨਹੀਂ ਰੱਖਿਆ ਜਾਵੇਗਾ ਜਦਕਿ ਸਿੱਖ ਬਾਲੀ ਮੱਠ ਤੇ ਆੜ੍ਹਤੀ ਮੱਠ ਦੇ ਵਾਂਗ ਹੀ ਇਥੇ ਗੁਰੂ ਗ੍ਰੰਥ ਸਾਹਿਬ ਦਾ ਮਰਿਆਦਾ ਮੁਤਾਬਕ ਪ੍ਰਕਾਸ਼ ਚਾਹੁੰਦੇ ਹਨ।

ਸਪੋਕਸਮੈਨ ਟੀਮ ਵਲੋਂ ਜਗਨਨਾਥ ਪੁਰੀ ਜਾ ਕੇ ਭੇਜੀ ਰੀਪੋਰਟ ਸਪੋਕਸਮੈਨ ਦੀ ਟੀਮ ਨੂੰ ਨੇੜੇ ਜਾਣੋਂ ਰੋਕਿਆ

ਸ਼੍ਰੋਮਣੀ ਕਮੇਟੀ ਦੇ ਵਤੀਰੇ ਤੋਂ ਨਿਰਾਸ਼ ਸਥਾਨਕ ਸਿੱਖ ਕੌਮਾਂਤਰੀ ਸਿੱਖ ਭਾਈਚਾਰੇ ਤੋਂ ਮਦਦ ਦੀ ਉਡੀਕ ਵਿਚ

ਉਧਰ ਸਥਾਨਕ ਸਿੱਖਾਂ ਨੇ ਇਸ ਮੁੱਦੇ 'ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੀ ਨਿੰਦਾ ਕੀਤੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਇਕ ਵਫ਼ਦ ਤਿੰਨ ਮਹੀਨੇ ਪਹਿਲਾਂ ਇਥੇ ਆ ਕੇ ਇਹ ਪ੍ਰਭਾਵ ਦੇ ਚੁੱਕਾ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਮੰਗੂ ਮੱਠ ਵਿਚ ਆਮਦ ਬਾਰੇ ਨਿਸ਼ਚਿਤ ਨਹੀਂ ਹਨ। ਜਦਕਿ ਸਥਾਨਕ ਸਿੱਖਾਂ ਦਾ ਕਹਿਣਾ ਹੈ

ਕਿ ਹਿੰਦੂਆਂ ਦੀਆਂ ਇਥੇ ਮੌਜੂਦ ਪਾਂਡੂਲਿਪੀਆਂ ਅਤੇ ਇਤਿਹਾਸਕਾਰਾਂ ਮੁਤਾਬਕ ਗੁਰੂ ਨਾਨਕ ਦੇਵ ਜੀ ਘੱਟੋ ਘੱਟ 22 ਦਿਨ ਇਕੱਲੇ ਮੰਗੂ ਮੱਠ ਵਿਚ ਹੀ ਰਹੇ ਸਨ ਤੇ ਜਗਨਨਾਥ ਮੰਦਰ ਦੇ ਕੋਲ ਹੀ ਉਨ੍ਹਾਂ ਨੇ ਆਰਤੀ ਦੀ ਮਹਾਨ ਰਚਨਾ ਕੀਤੀ ਸੀ। ਉਧਰ ਦੂਜੇ ਪਾਸੇ ਸਥਾਨਕ ਸਿੱਖਾਂ ਦੀ ਤ੍ਰਾਸਦੀ ਇਹ ਵੀ ਹੈ ਕਿ ਜਗਨਨਾਥਪੁਰੀ ਵਿਚ ਸਿੱਖਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਸਥਾਨਕ ਸਿੱਖ ਪੰਜਾਬ ਅਤੇ ਕੌਮਾਂਤਰੀ ਸਿੱਖਾਂ ਤੋਂ ਇਸ ਮਾਮਲੇ ਵਿਚ ਮਦਦ ਦੀ ਕਾਫ਼ੀ ਉਡੀਕ ਕਰ ਰਹੇ ਹਨ।