Panthak News: ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਢੰਗ ਨਾਲ ਸੇਵਾਮੁਕਤ ਕੀਤਾ ਗਿਆ ਉਹ ਨਿੰਦਣਯੋਗ-ਗਿਆਨੀ ਰਾਮ ਸਿੰਘ
Panthak News: 'ਸ਼੍ਰੋਮਣੀ ਕਮੇਟੀ ਜਦੋਂ-ਜਦੋਂ ਵੀ ਜਥੇਦਾਰਾਂ ਨੂੰ ਆਪਣੇ ਅਹੁਦੇ ਤੋਂ ਲਾਂਭੇ ਕਰਦੀ ਰਹੀ ਉਦੋਂ-ਉਦੋਂ ਜਥੇਦਾਰਾਂ ਨੂੰ ਬੇਇੱਜ਼ਤ ਕਰ ਕੇ ਘਰਾਂ ਨੂੰ ਤੋਰਿਆ'
Singh Sahib Gyani Ram Singh Damdami Taksal Wale Panthak News: ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੇ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਦੀ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸਿੱਖ ਸ਼ਖ਼ਸੀਅਤਾਂ ਵੱਲੋਂ ਆਲੋਚਨਾ ਕੀਤੀ ਗਈ ਹੈ। ਇਸ ਦੇ ਨਾਲ ਹੁਣ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਨੇ ਵੀ ਇਸ ਫ਼ੈਸਲੇ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਜਗਤ ਵਿਚ ਅਕਾਲ ਤਖ਼ਤ ਦੀ ਪਦਵੀ ਬਹੁਤ ਵੱਡੀ ਹੈ। ਸੰਸਾਰ ਭਰ ਵਿਚ ਇਸ ਪਦਵੀ ਦਾ ਸਤਿਕਾਰ ਹੈ ਪਰ ਜੋ ਮੈਂ ਸਾਰੀ ਜ਼ਿੰਦਗੀ ਵਿਚ ਵੇਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ-ਜਦੋਂ ਵੀ ਜਥੇਦਾਰਾਂ ਨੂੰ ਆਪਣੇ ਅਹੁਦੇ ਤੋਂ ਲਾਂਭੇ ਕਰਦੀ ਰਹੀ ਉਦੋਂ-ਉਦੋਂ ਜਥੇਦਾਰਾਂ ਨੂੰ ਬੇਇੱਜ਼ਤ ਕਰ ਕੇ ਘਰਾਂ ਨੂੰ ਤੋਰਿਆ ਹੈ। ਇਸ ਦਾ ਕਾਰਨ ਇਕ ਹੀ ਹੈ ਕਿ ਇਸ 'ਤੇ ਇਕੋ ਪ੍ਰਵਾਰ ਦਾ ਰਾਜ ਹੈ।
ਕਮੇਟੀ ਦੇ ਪ੍ਰਧਾਨ ਤੋਂ ਲੈ ਕੇ ਮੈਂਬਰਾਂ ਤੱਕ ਸਾਰੇ ਜੀ ਹਜ਼ੂਰੀ ਕਰ ਕੇ ਆਪਣਾ ਸਮਾਂ ਲੰਘਾ ਰਹੇ ਹਨ ਕਿ ਸਾਡੀ ਚੌਧਰ ਬਣੀ ਰਹੇ। ਇਥੋਂ ਨਿਆਂ ਦੀ ਆਸ ਰੱਖਣਾ ਮੂਰਖਤਾ ਵਾਲੀ ਗੱਲ ਹੈ। ਜਿੰਨੇ ਵੀ ਜਥੇਦਾਰ ਜਾਂ ਹੁਣ ਜਿਹੜਾ ਵੀ ਜਥੇਦਾਰ ਆਵੇਗਾ ਉਸ ਨੂੰ ਬਾਦਲ ਪ੍ਰਵਾਰ ਨੇ ਵਰਤਣਾ ਹੈ।
ਗਿਆਨੀ ਰਾਮ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਪਦਵੀ 'ਤੇ ਸਨ ਤਾਂ ਸਾਰੇ ਸਤਿਕਾਰ ਕਰਦੇ ਸਨ, ਪੈਰੀ ਹੱਥ ਲਾਉਂਦੇ ਸਨ ਪਰ ਅੱਜ ਕੋਈ ਸੰਤ ਨਹੀਂ ਬੋਲੇਗਾ। ਪਦਵੀ ਦਾ ਸਤਿਕਾਰ ਹੋਣਾ ਚਾਹੀਦਾ ਹੈ। ਬਾਦਲ ਪ੍ਰਵਾਰ ਦੀ ਜਿਹੜਾ ਜੀ ਹਜ਼ੂਰੀ ਨਹੀਂ ਕਰਦਾ ਉਸ ਨੂੰ ਇਹ ਅਕਾਲ ਤਖ਼ਤ ਤਾਂ ਕੀ, ਉਸ ਨੂੰ ਇਹ ਕਿਸੇ ਵੀ ਪਦਵੀ 'ਤੇ ਰਹਿਣ ਨਹੀਂ ਦਿੰਦੇ। ਜੇ ਕਿਸੇ ਨੂੰ ਬਰਖ਼ਾਸਤ ਕਰਨਾ ਹੈ ਤਾਂ ਉਸ ਦੀ ਵੀ ਕੋਈ ਮਰਿਯਾਦਾ ਹੁੰਦੀ ਹੈ।