ਗੁਰਦੁਆਰਾ ਸਾਹਿਬ ਵਿਚ ਸ਼ਾਰਟ ਸਰਕਟ ਕਾਰਨ ਪਾਵਨ ਸਰੂਪ ਅਗਨ ਭੇਂਟ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿੰਡ ਮਦੋਕੇ 'ਚ ਗੁਰਦੁਆਰਾ ਸਾਹਿਬ ਦੀ ਘਟਨਾ

Short circuit in Gurdwara Sahib

ਮੋਗਾ : ਜ਼ਿਲ੍ਹੇ ਦੇ ਪਿੰਡ ਮਦੋਕੇ 'ਚ ਗੁਰਦੁਆਰਾ ਸਾਹਿਬ ਵਿਚ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਂਟ ਹੋ ਗਏ ਹਨ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਅਜੀਤਵਾਲ ਦੇ ਅਧਿਕਾਰੀ ਕਰਮਜੀਤ ਸਿੰਘ ਗਰੇਵਾਲ ਨੇ ਦਸਿਆ ਕਿ ਅੱਜ ਬਾਅਦ ਦੁਪਿਹਰ ਪਿੰਡ ਮਦੋਕੇ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੱਗ ਦੀ ਲਪੇਟ ਵਿਚ ਆ ਗਏ।

ਉਨ੍ਹਾਂ ਦਸਿਆ ਕਿ ਗੁਰਦੁਆਰਾ ਸਾਹਿਬ ਵਿਚ ਦੋ ਗ੍ਰੰਥੀ ਸਿੰਘ ਹਨ ਜਿਨਾਂ 'ਚੋ ਇਕ ਗੁਰਦੁਆਰਾ ਸਾਹਿਬ ਜੀ ਵਿਚ ਲੱਗੇ ਨਿਸ਼ਾਨ ਸਾਹਿਬ ਦੇ ਵਸਤਰ ਲੈਣ ਲਈ ਅੰਮ੍ਰਿਤਸਰ ਸਾਹਿਬ ਗਏ ਹੋਏ ਸਨ, ਦੂਜਾ ਦਰਵਾਜ਼ੇ ਨੂੰ ਤਾਲਾ ਲਗਾ ਕੇ ਕਿਤੇ ਗਿਆ ਹੋਇਆ ਸੀ। ਗੁਰਦੁਆਰਾ ਸਾਹਿਬ ਦੇ ਸਾਹਮਣੇ ਘਰ ਵਿਚ ਮਿਸਤਰੀ ਲੱਗੇ ਹੋਏ ਸਨ। ਜਦ ਬਾਅਦ ਦੁਪਿਹਰ ਉਨ੍ਹਾਂ ਗੁਰਦੁਆਰਾ ਸਾਹਿਬ ਅੰਦਰੋ ਧੂੰਆ ਨਿਕਲਦਾ ਵੇਖਿਆ ਤਾਂ ਉਨ੍ਹਾਂ ਰੌਲਾ ਪਾਇਆ।

ਗ੍ਰੰਥੀ ਸਿੰਘ ਨੇ ਆ ਕੇ ਜਦ ਤਾਲਾ ਖੋਲ੍ਹਿਆ ਤਾਂ ਜਿਸ ਕਮਰੇ ਵਿਚ ਗੁਰੂ ਸਾਹਿਬ ਪ੍ਰਕਾਸ਼ ਸਨ, ਉਹ ਕਮਰਾ ਤਾਂ ਅੱਗ ਦੀ ਲਪੇਟ ਵਿਚ ਆਉਣ ਕਾਰਨ ਸੜ ਚੁਕਿਆ ਸੀ ਪਰ ਤਿੰਨ ਸਰੂਪ ਸੱਚਖੰਡ ਵਿਖੇ ਵਿਰਾਜਮਾਨ ਸਨ। ਉਹ ਅੱਗ ਦੀ ਲਪੇਟ ਤੋਂ ਬਚ ਗਏ ਜਿਨ੍ਹਾਂ ਨੂੰ ਤੁਰਤ ਦੂਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਾ ਦਿਤਾ ਗਿਆ। ਥਾਣਾ ਅਜੀਤਵਾਲ ਦੇ ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਨੇ ਦਸਿਆ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।