ਖ਼ਾਲਸਾ ਸਾਜਨਾ ਦਿਵਸ ਮੌਕੇ ਯੂਨਾਈਟਿਡ ਸਿੱਖ ਸੰਸਥਾ ਕੇਸਗੜ੍ਹ ਸਾਹਿਬ ਵਿਖੇ ਕਰ ਰਹੀ ਹੈ ਸੇਵਾ
13 ਤਰੀਕ ਨੂੰ ਵਿਸਾਖੀ ਵਾਲੇ ਦਿਨ ਲਗਾਇਆ ਜਾਵੇਗਾ ਦਸਤਾਰ ਸਿਖਲਾਈ ਕੈਂਪ
ਅਨੰਦਪੁਰ ਸਾਹਿਬ (ਸੰਦੀਪ ਸ਼ਰਮਾ) - ਯੂਨਾਈਟਿਡ ਸਿੱਖ ਸੰਸਥਾ ਵੱਲੋਂ ਸੇਵਾ ਦੇ ਨਾਲ ਖ਼ਾਲਸਾ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕੰਪਲੈਕਸ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ਨੂੰ ਸੈਨੇਟਾਈਜ਼ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਗੁਰੂ ਚਰਨਾਂ ਵਿਚ ਅਰਦਾਸ ਕਰਕੇ ਇਸ ਸਮੁੱਚੀ ਸੇਵਾ ਦਾ ਆਗਾਜ਼ ਕੀਤਾ ਗਿਆ। ਉਧਰ ਇਸ ਸੇਵਾ ਬਾਰੇ ਗੱਲਬਾਤ ਕਰਦਿਆਂ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਸੰਬੰਧਿਤ ਸੇਵਾਦਾਰਾਂ ਵੱਲੋਂ ਦੱਸਿਆ ਗਿਆ ਕਿ ਖ਼ਾਲਸਾ ਸਾਜਨਾ ਦਿਵਸ ਮੌਕੇ ਤੇ ਉਨ੍ਹਾਂ ਦੀ ਟੀਮ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੀ ਹੈ।
ਜਿੱਥੇ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਅਤੇ ਕੰਪਲੈਕਸ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਅਤੇ ਸੰਗਤ ਨੂੰ ਮਾਸਕ ਵੰਡੇ ਜਾ ਰਹੇ ਹਨ ਉਥੇ ਹੀ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਫੌਗਿੰਗ ਵੀ ਕੀਤੀ ਜਾਵੇਗੀ ਤਾਂ ਜੋ ਮੱਖੀਆਂ ਮੱਛਰਾਂ ਤੋਂ ਸੰਗਤਾਂ ਅਤੇ ਸ਼ਹਿਰ ਵਾਸੀਆਂ ਦਾ ਬਚਾਅ ਹੋ ਸਕੇ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਵਾਲੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਇੱਕ ਦਸਤਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਤਕਰੀਬਨ ਤੀਹ ਪ੍ਰਕਾਰ ਦੀਆਂ ਦਸਤਾਰਾਂ ਸਜਾਉਣ ਦੀ ਟ੍ਰੇਨਿੰਗ ਫ੍ਰੀ ਦਿੱਤੀ ਜਾਵੇਗੀ।