ਸਿੱਖ ਬੀਬੀ ਦੇ ਕਤਲ ਮਾਮਲੇ ’ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਰਵਾਰ ਨਾਲ ਕੀਤਾ ਦੁੱਖ ਸਾਂਝਾ
ਸਿੱਖ ਬੀਬੀ ਦੇ ਕਾਤਲ ਤੁਰਤ ਗ੍ਰਿਫ਼ਤਾਰ ਕਰੇ ਪੰਜਾਬ ਸਰਕਾਰ : ਜਥੇਦਾਰ
ਤਰਨਤਾਰਨ (ਅਜੀਤ ਘਰਿਆਲਾ/ਚਰਨਜੀਤ ਸਿੰਘ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਰਨ ਤਾਰਨ ਜ਼ਿਲ੍ਹੇ ਦੇ ਕੰਗ ਪਿੰਡ ’ਚ ਉਸ ਪੀੜਤ ਸਿੱਖ ਪਰਵਾਰ ਦੇ ਘਰ ਪੁੱਜੇ ਜਿੱਥੇ ਬੀਤੇ ਦਿਨੀਂ ਨੌਜਵਾਨ ਸਿੱਖ ਬੀਬੀ ਗੁਰਪ੍ਰੀਤ ਕੌਰ ਦਾ ਗੁਰਬਾਣੀ ਦਾ ਪਾਠ ਕਰਦੇ ਹੋਏ ਦਿਨ ਦਿਹਾੜੇ ਬੜੀ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਸੀ।
ਜਥੇਦਾਰ ਗੜਗੱਜ ਨੇ ਸਿੱਖ ਬੀਬੀ ਦੇ ਪ੍ਰਵਾਰਕ ਮੈਂਬਰਾਂ ਅਤੇ ਬੱਚਿਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ। ਇਸ ਮੌਕੇ ਜਥੇਦਾਰ ਨੇ ਪਰਵਾਰ ਨਾਲ ਬੈਠ ਕੇ ਗੁਰਬਾਣੀ ਦਾ ਜਾਪ ਕਰ ਕੇ ਕਰਤਾ ਪੁਰਖ ਅੱਗੇ ਖੁਦ ਅਰਦਾਸ ਕੀਤੀ ਕਿ ਉਹ ਪਰਵਾਰ ਨੂੰ ਭਾਣਾ ਮੰਨਣ ਦਾ ਬਲ, ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿਚ ਨਿਵਾਸ ਤੇ ਪਰਵਾਰ ਨੂੰ ਚੜ੍ਹਦੀਕਲਾ ਬਖ਼ਸ਼ਣ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੀ ਤਰਫ਼ੋਂ ਪਰਵਾਰ ਨੂੰ ਇਨਸਾਫ਼ ਦਿਵਾਉਣ ਵਿਚ ਹਰ ਪੱਧਰ ਉੱਤੇ ਸਹਿਯੋਗ ਦਾ ਭਰੋਸਾ ਦਿਤਾ।
ਇਸ ਮੌਕੇ ਜਥੇਦਾਰ ਨੇ ਪੰਜਾਬ ’ਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਉੱਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਲੋਕਾਂ ਦੀ ਰਾਖੀ ਕਰਨ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਅਪਣੇ ਨਾਗਰਿਕਾਂ ਦੇ ਜਾਨ ਮਾਲ ਦੀ ਰਾਖੀ ਕਰੇ ਅਤੇ ਇਸ ਪ੍ਰਵਾਰ ਦਾ ਦੁੱਖ ਬਹੁਤ ਵੱਡਾ ਹੈ। ਉਨ੍ਹਾਂ ਸਮੂਹ ਅਮਨ ਪਸੰਦ ਲੋਕਾਂ ਨੂੰ ਇਸ ਪਰਵਾਰ ਦਾ ਨਿਆਂ ਦਿਵਾਉਣ ਵਿਚ ਸਾਥ ਦੇਣ ਲਈ ਵੀ ਆਖਿਆ। ਜਥੇਦਾਰ ਨੇ ਪੰਜਾਬ ਸਰਕਾਰ ਨੂੰ ਸਖ਼ਤੀ ਨਾਲ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਤੁਰਤ ਗ੍ਰਿਫ਼ਤਾਰ ਕਰ ਕੇ ਸਾਹਮਣੇ ਲਿਆਂਦਾ ਜਾਵੇ ਅਤੇ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾ ਦਿਵਾ ਕੇ ਪਰਵਾਰ ਨੂੰ ਇਨਸਾਫ਼ ਦਿਤਾ ਜਾਵੇ।