ਪੰਜਾਬ ਦਾ ਹਰ ਵਸਨੀਕ ਅਪਣੇ ਘਰ ਅੱਗੇ ਕਾਲੇ ਝੰਡੇ ਲਾਵੇ : ਭਾਈ ਮੰਡ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਬੇਅਦਬੀ ਦੇ ਦੋਸ਼ੀਆਂ ਨੂੰ 19 ਮਈ ਨੂੰ ਖਿਲਾਰ ਕੇ ਰੱਖ ਦੇਣ

Bhai Dhyan Singh Mandal interacting with journalists.

ਮਾਲੇਰਕੋਟਲਾ : ਪੰਜਾਬ ਦੀਆਂ ਦੁਸ਼ਮਣ ਪਾਰਟੀਆਂ ਕਾਂਗਰਸ ਅਤੇ ਬਾਦਲਾਂ ਨੂੰ ਹਰਾਉਣ ਲਈ ਪੰਥਕ ਪਿਛੋਕੜ ਵਾਲੇ ਚੰਗੇ ਉਮੀਦਵਾਰ ਦਾ ਪੰਜਾਬ ਦੇ ਲੋਕਾਂ ਨੂੰ ਡਟ ਕੇ ਸਾਥ ਦੇਣ ਅਤੇ ਬਰਗਾੜੀ ਮੋਰਚੇ ਵਲੋਂ ਚਾਰ ਉਮੀਦਵਾਰ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ, ਬਠਿੰਡਾ ਤੋਂ ਗੁਰਸੇਵਕ ਸਿੰਘ ਜਵਾਹਰਕੇ, ਫ਼ਰੀਦਕੋਟ ਤੋਂਂ ਸਵਰਨ ਸਿੰਘ, ਫ਼ਿਰੋਜ਼ਪੁਰ ਤੋਂ ਜਤਿੰਦਰ ਸਿੰਘ ਥਿੰਦ ਨੂੰ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉਪਰ ਉਠ ਭਾਰੀ ਬਹੁਮਤ ਨਾਲ ਜਿਤਾ ਕੇ ਪਾਰਲੀਮੈਂਟ ਵਿਚ ਭੇਜਣ ਤਾਕਿ ਬੇਅਦਬੀ ਕਰਵਾਉਣ ਵਾਲੇ ਜਿਹੜੇ ਕਿ ਫਿਰ ਰਾਜਸੱਤਾ ਨੂੰ ਹਾਸਲ ਕਰਨ ਲਈ ਚੋਣਾਂ ਲੜ ਰਹੇ ਹਨ, ਨੂੰ ਹਰਾਇਆ ਜਾ ਸਕੇ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਧਿਆਨ ਸਿੰਘ ਮੰਡ ਨੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਦੋਸ਼ੀਆਂ ਦੀ ਜਗ੍ਹਾ ਹੁਣ ਕੁਰਸੀਆਂ ਤੇ ਰਾਜਭਾਗ ਨਹੀਂ। ਇਨ੍ਹਾਂ ਦੀ ਜਗ੍ਹਾ ਜੇਲ ਦੀਆਂ ਸਲਾਖ਼ਾਂ ਪਿੱਛੇ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਵਿਖੇ ਇਨਸਾਫ਼ ਮੋਰਚਾ ਨੂੰ ਖਦੇੜਣ ਲਈ ਅਕਾਲੀਆਂ ਨੇ ਕੈਪਟਨ ਦੇ ਹਲਕੇ ਵਿਚ ਅਤੇ ਕਾਂਗਰਸ ਨੇ ਬਾਦਲ ਦੇ ਹਲਕੇ ਵਿਚ ਰੈਲੀਆਂ ਰੱਖ ਲਈਆਂ ਸਨ ਪਰ ਪੰਜਾਬ ਦੇ ਲੱਖਾਂ ਇਨਸਾਫ਼ ਪਸੰਦ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਰੈਲੀਆਂ ਵਿਚ ਨਾ ਜਾਣਾ ਅਤੇ ਬਰਗਾੜੀ ਜਾਣਾ ਪਸੰਦ ਕੀਤਾ।

ਉਨ੍ਹਾਂ ਕਿਹਾ ਬਰਗਾੜੀ ਮੋਰਚੇ ਕਰ ਕੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜਿਆ ਗਿਆ ਅਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਅਕਸ਼ੇ ਕੁਮਾਰ, ਸੁਮੇਧ ਸਿੰਘ ਸੈਣੀ, ਮਨਤਾਰ ਸਿੰਘ ਬਰਾੜ ਦੀ ਪੁਛਗਿਛ ਹੋਈ ਅਤੇ ਸੌਦਾ ਸਾਧ ਦੀ ਪੁਛਗਿਛ ਲਈ ਹਾਈ ਕੋਰਟ ਨੇ ਆਡਰ ਦਿਤਾ। 
ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਸਨੀਕ ਅਪਣੇ ਘਰ ਅੱਗੇ ਕਾਲੇ ਝੰਡੇ ਲਾਵੇ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ 19 ਮਈ ਨੂੰ ਖਿਲਾਰ ਕੇ ਰੱਖ ਦੇਣ।

ਇਸ ਮੌਕੇ ਹਲਕਾ ਇੰਚਾਰਜ ਬਲਜਿੰਦਰ ਸਿੰਘ ਸੰਗਾਲੀ, ਜਥੇਦਾਰ ਹਰਦੇਵ ਸਿੰਘ ਪੱਪੂ, ਮਾਸਟਰ ਕਰਨੈਲ ਸਿੰਘ ਨਾਰੀਕੇ, ਮੁਹੰਮਦ ਫ਼ਾਰੂਕ, ਅਵਤਾਰ ਸਿੰਘ ਚੱਕ, ਸਿੰਗਾਰਾ ਸਿੰਘ ਬਡਲਾ, ਧਰਮ ਸਿੰਘ ਕਲੋੜ, ਮੁਹੰਮਦ ਅਖ਼ਤਰ, ਕ੍ਰਿਸ਼ਨ ਸਿੰਘ ਸਲਾਣਾ ਆਦਿ ਵੀ ਮੌਜੂਦ ਸਨ।