ਕੈਨੇਡਾ ਤੋਂ ਚਲੀ ਮੋਟਰਸਾਈਕਲ ਯਾਤਰਾ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਟਾਰੀ ਸਰਹੱਦ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਭਰਵਾਂ ਸਵਾਗਤ

Welcoming a visit to Canada from Chali motorcycle, SGPC official

ਅੰਮ੍ਰਿਤਸਰ : ਅਟਾਰੀ ਸਰਹੱਦ ਤੇ ਜੈਕਾਰਿਆਂ ਦੀ ਗੂੰਜ ਵਿਚ ਕੈਨੇਡਾ ਤੋਂ ਚਲੀ ਮੋਟਰਸਾਈਕਲ ਯਾਤਰਾ ਦਾ ਭਰਵਾਂ ਸੁਆਗਤ ਕੀਤਾ ਗਿਆ। ਪਹਿਲੇ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਦੇ ਛੇ ਸਿੱਖ ਨੌਜੁਆਨਾਂ ਵਲੋਂ ਸਰੀ (ਕੈਨੇਡਾ) ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤਕ ਸ਼ੁਰੂ ਕੀਤੀ ਗਈ ਮੋਟਰਸਾਈਕਲ ਯਾਤਰਾ ਅੱਜ ਅਟਾਰੀ ਸਰਹੱਦ ਤੇ ਪੁੱਜੀ ਤਾਂ ਨੋਜਵਾਨਾਂ ਦਾ ਸੁਆਗਤ ਫੁਲਾਂ ਦੇ ਗੁਲਦਸਤਿਆਂ, ਸਿਹਰਿਆਂ ਤੇ ਸਿਰੋਪਾਉ ਪਾ ਕੇ ਕੀਤਾ ਗਿਆ। ਇਹ ਯਾਤਰਾਂ ਦੇਰ ਸ਼ਾਮ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੀ, ਜਿਥੇ ਉਸ ਦਾ ਸ਼੍ਰੋਮਣੀ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ। 

ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ ਨੇ ਅਟਾਰੀ ਸਰਹੱਦ ਵਿਖੇ ਪੁੱਜ ਕੇ ਮੋਟਰਸਾਈਕਲ ਯਾਤਰਾ ਕਰਨ ਵਾਲੇ ਨੌਜੁਆਨਾਂ ਦਾ ਸਿਰੋਪਾਉ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਇਸੇ ਦੌਰਾਨ ਯਾਤਰਾ ਕਰ ਰਹੇ ਸਿੱਖ ਨੌਜੁਆਨਾਂ ਨੇ ਸਿੱਖ ਕੌਮ ਦੇ ਕੇਂਦਰੀ ਧਾਰਮਕ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕੀਤਾ 

ਜਿਸ ਮਗਰੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਗੁਰੂ ਬਖ਼ਸ਼ਿਸ਼ ਸਿਰੋਪਾਉ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਅਤੇ ਧਾਰਮਕ ਪੁਸਤਕਾਂ ਦੇ ਸਨਮਾਨਤ ਕੀਤਾ ਗਿਆ। ਇਸ ਦੌਰਾਨ ਮੋਟਰਸਾਈਕਲ ਯਾਤਰਾ ਕਰਨ ਵਾਲੇ ਨੌਜੁਆਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਇਤਿਹਾਸਕ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਯਾਤਰਾ ਕਰ ਕੇ ਬੇਹੱਦ ਖ਼ੁਸ਼ੀ ਹੋਈ ਹੈ। 

ਉਨ੍ਹਾਂ ਅਪਣੇ ਅਨੁਭਵ ਸਾਂਝੇ ਕਰਦਿਆਂ ਦਸਿਆ ਕਿ ਇਸ ਯਾਤਰਾ ਦੌਰਾਨ ਜਿਥੇ ਉਨ੍ਹਾਂ ਦਾ ਵੱਖ-ਵੱਖ ਦੇਸ਼ਾਂ ਅੰਦਰ ਭਰਵਾਂ ਸਵਾਗਤ ਅਤੇ ਸਨਮਾਨ ਹੋਇਆ ਹੈ, ਉਥੇ ਹੀ ਵੱਖ-ਵੱਖ ਦੇਸ਼ਾਂ ਅੰਦਰ ਲੋਕਾਂ ਨੇ ਗੁਰੂ ਸਾਹਿਬ ਦੇ ਮੂਲਵਾਨ ਸਿਧਾਂਤ ਦੇ ਪ੍ਰਚਾਰ ਪ੍ਰਤੀ ਭਰਵਾਂ ਹੁੰਗਾਰਾ ਦਿਤਾ ਹੈ। ਉਨ੍ਹਾਂ ਵੱਖ-ਵੱਖ ਦੇਸ਼ਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਗਏ ਭਰਵੇਂ ਸਵਾਗਤ ਅਤੇ ਸਨਮਾਨ ਲਈ ਧਨਵਾਦ ਵੀ ਕੀਤਾ। ਦਸਣਯੋਗ ਹੈ ਕਿ ਇਹ ਯਾਤਰਾ ਭਲਕੇ 12 ਮਈ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗੀ, ਜਿਥੇ ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਨੌਜੁਆਨਾਂ ਦਾ ਸਨਮਾਨ ਕੀਤਾ ਜਾਵੇਗਾ।