ਡੇਰਿਆਂ ਵਿਚ ਕਰਵਾਈ ਜਾਵੇਗੀ ਅਕਾਲ ਤਖ਼ਤ ਦੀ ਸਿੱਖ ਰਹਿਤ ਮਰਿਆਦਾ ਲਾਗੂ : ਗਿਆਨੀ ਰਘਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਪੰਥ ਪ੍ਰਵਾਨਤ ਹੈ....

Bhai Raghubir Singh

ਸ੍ਰੀ ਅਨੰਦਪੁਰ ਸਾਹਿਬ: ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਪੰਥ ਪ੍ਰਵਾਨਤ ਹੈ ਤੇ ਡੇਰਿਆਂ ਵਿਚ ਵੀ ਇਹ ਮਰਿਆਦਾ ਲਾਗੂ ਕਰਾਉਣ ਲਈ ਯਤਨ ਕੀਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤਾ। ਪੱਤਰਕਾਰ ਸੰਮੇਲਨ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ 'ਜਥੇਦਾਰ' ਨੇ ਕਿਹਾ ਕਿ ਕਈ ਥਾਵਾਂ 'ਤੇ ਨਿਜੀ ਡੇਰਿਆਂ ਵਿਚ ਹੋ ਰਹੇ ਲੜਾਈ ਝਗੜੇ ਪੰਥ ਨੂੰ ਨੁਕਸਾਨ ਪਹੁੰਚਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਤਿਹਾਸਕ ਗੁਰਦਵਾਰਾ ਸਾਹਿਬਾਨ ਦੇ ਨੇੜੇ ਬਣਾਏ ਗਏ ਨਿਜੀ ਡੇਰਿਆਂ ਵਲੋਂ ਗੁਰਦਵਾਰਿਆਂ ਦੇ ਨਾਮ ਵਰਤਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਕੁੱਝ ਰਾਜਸੀ ਨੇਤਾਵਾਂ ਵਲੋਂ ਮਾਸਕ ਬਣਾਉਣ ਲਈ ਦਸਤਾਰਾਂ ਦੇਣ ਦੀ ਸਖ਼ਤ ਨਿੰਦਾ ਕਰਦਿਆਂ 'ਜਥੇਦਾਰ' ਨੇ ਕਿਹਾ ਕਿ ਇਹ ਸਿੱਧੇ ਤੌਰ 'ਤੇ ਦਸਤਾਰ ਦੀ ਬੇਅਦਬੀ ਹੈ ਜੋ ਸਹਿਣਯੋਗ ਨਹੀਂ। ਉਨ੍ਹਾਂ ਕਿਹਾ ਦਸਤਾਰ ਦੇ ਕਪੜੇ ਨਾਲ ਮਾਸਕ ਨਹੀਂ ਬਣਾਏ ਜਾਂਦੇ ਤੇ ਮਾਸਕਾਂ ਲਈ ਕਈ ਤਰ੍ਹਾਂ ਦਾ ਕਪੜਾ ਮਾਰਕੀਟ ਵਿਚ ਮਿਲਦਾ ਹੈ।

ਪਰ ਕੁੱਝ ਰਾਜਸੀ ਲੋਕ ਜਾਣ-ਬੁਝ ਕੇ ਮਾਸਕਾਂ ਲਈ ਦਸਤਾਰਾਂ ਦੇ ਰਹੇ ਹਨ ਜੋ ਦਸਤਾਰ ਦਾ ਨਿਰਾਦਰ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਕਰਫ਼ਿਊ ਤੇ ਲਾਕਡਾਊਨ ਮੌਕੇ ਬਹੁਤ ਸੁਚੱਜੀ ਸੇਵਾ ਨਿਭਾਈ ਗਈ ਹੈ। ਉਨ੍ਹਾਂ ਦਸਿਆ ਕਿ ਸਾਡੇ ਇਲਾਕੇ ਵਿਚ ਗੁਰਸਿੱਖਾਂ ਨੇ ਇਕੱਤਰ ਹੋ ਕੇ ਜਿਥੇ ਲੋੜਵੰਦਾਂ ਤਕ ਗੁਰੂ ਕਾ ਲੰਗਰ ਪਹੁੰਚਾਇਆ

ਉਥੇ ਕੌਮ ਦੇ ਰਾਗੀ, ਪ੍ਰਚਾਰਕ, ਗ੍ਰੰਥੀ, ਪਾਠੀ, ਢਾਡੀ, ਸੇਵਾਦਾਰਾਂ ਆਦਿ ਦੀ ਲੋੜ ਮੁਤਾਬਕ ਵਿੱਤੀ ਸਹਾਇਤਾ ਵੀ ਕੀਤੀ। ਉਨ੍ਹਾਂ ਦਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਲਈ ਵੀ 252 ਕੁਇੰਟਲ ਕਣਕ, ਖੰਡ, ਘਿਉ, ਦਾਲਾਂ ਆਦਿ ਵੀ ਭੇਜੀਆਂ ਗਈਆਂ। ਗੁਰਦਵਾਰਿਆਂ ਵਿਚ ਲਗਾਤਾਰ ਵਧ ਰਹੇ ਰੁਮਾਲਿਆਂ ਬਾਰੇ ਪੁੱਛਣ 'ਤੇ ਭਾਈ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਛਾਪੀ ਗਈ ਅਤੇ ਅਕਾਲ ਤਖ਼ਤ ਤੋਂ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਵਿਚ ਸਪੱਸ਼ਟ ਤੌਰ 'ਤੇ ਲਿਖਿਆ ਹੈ ਕਿ ਭੋਗ ਜਾਂ ਹੋਰ ਕਾਰਜ ਸਮੇਂ ਲੋੜ ਅਨੁਸਾਰ ਸਮਾਨ ਦਿਤਾ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਗੁਰੂ ਘਰ ਵਿਚ ਦਰੀ, ਚੌਰ, ਲਾਈਟਾਂ, ਪੱਖੇ, ਬਰਤਨ ਆਦਿ ਕਿਸੇ ਕਿਸਮ ਦੇ ਸਮਾਨ ਦੀ ਜ਼ਰੂਰਤ ਹੈ ਤਾਂ ਉਹ ਵੀ ਦਿਤੀ ਜਾ ਸਕਦੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਲਾਜ਼ਮਾਂ ਨੂੰ ਭਾਨ ਦੇ ਰੂਪ ਵਿਚ ਪਿਛਲੇ ਦੋ ਮਹੀਨਿਆਂ ਤੋਂ ਮਿਲ ਰਹੀ ਭਾਨ ਬਾਰੇ ਪੁਛਣ 'ਤੇ ਭਾਈ ਖ਼ਾਲਸਾ ਨੇ ਕਿਹਾ ਕਿ ਇਸ ਸਬੰਧੀ ਸਬੰਧਤ ਅਧਿਕਾਰੀ ਨਾਲ ਗੱਲ ਕਰਨਗੇ ਤੇ ਮੁਲਾਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿਤੀ ਜਾਵੇਗੀ।

ਇਸ ਤੋਂ ਪਹਿਲਾਂ 'ਜਥੇਦਾਰ' ਨੇ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਣੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਉ ਨਾਲ ਸਨਮਾਨਤ ਕੀਤਾ। ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਭਾਈ ਬਲਰਾਜ ਸਿੰਘ ਖ਼ਾਲਸਾ, ਹਰਦੀਪ ਸਿੰਘ, ਸੁਖਜੀਤ ਸਿੰਘ ਆਦਿ ਹਾਜ਼ਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।