ਰਾਜਸਥਾਨ 'ਚ ਪ੍ਰਤੀਯੋਗਤਾ ਵਿਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਜਾ ਰਿਹੈ ਪੜ੍ਹਾਇਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰਾਜਸਥਾਨ ਵਿਚ ਮੁਕਾਬਲਾ ਪ੍ਰਤੀਯੋਗਤਾ ਵਿਚ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੜ੍ਹਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਰਾਜਸਥਾਨ ਦੇ ਸਿੱਖਾਂ ਵਿਚ ਰੋਸ ਹੈ। 

file image

ਤਰਨਤਾਰਨ, 11 ਅਗੱਸਤ (ਚਰਨਜੀਤ ਸਿੰਘ): ਰਾਜਸਥਾਨ ਵਿਚ ਮੁਕਾਬਲਾ ਪ੍ਰਤੀਯੋਗਤਾ ਵਿਚ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੜ੍ਹਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਰਾਜਸਥਾਨ ਦੇ ਸਿੱਖਾਂ ਵਿਚ ਰੋਸ ਹੈ। ਆਰੀਆ ਕੰਪੀਟੀਸ਼ਨ ਟਾਈਮ ਦੁਆਰਾ ਪ੍ਰਕਾਸ਼ਤ ਭਾਰਤੀ ਇਤਿਹਾਸ ਜਿਸ ਨੂੰ ਪੜ੍ਹ ਕੇ ਵਿਦਿਆਰਥੀ ਆਈ ਪੀ ਐਸ ਤੇ ਪੀ ਸੀ ਐਸ ਦੀ ਤਿਆਰੀ ਕਰਦੇ ਹਨ, ਵਿਚ ਦਰਜ ਸਿੱਖ ਇਤਿਹਾਸ ਗ਼ਲਤੀਆਂ ਦਾ ਖ਼ਜ਼ਾਨਾ ਹੈ। ਇਸ ਦੇ ਲਿਖਾਰੀ ਡਾਕਟਰ ਪ੍ਰੇਮ ਪ੍ਰਕਾਸ਼ ਓਲਾ ਤੇ ਨਿਰਮਲ ਕੁਮਾਰ ਆਰੀਆ ਦੋਵੇਂ ਹੀ ਇਤਿਹਾਸ ਦੀ ਐਮ ਏ ਹਨ।

ਪਰ ਇਨ੍ਹਾਂ ਵਲੋਂ ਲਿਖਿਆ ਇਤਿਹਾਸ ਪੜ੍ਹ ਕੇ ਵਿਦਿਆਰਥੀ ਕੀ ਸੇਧ ਲੈਣਗੇ ਇਹ ਸਮਝ ਤੋਂ ਪਰੇ ਹੈ। ਕਿਤਾਬ ਦੇ ਲੇਖਕ ਨੂੰ ਪੰਚਮ ਗੁਰੂ , ਗੁਰੂ ਅਰਜਨ ਸਾਹਿਬ ਨੂੰ ਸਾਈ ਮੀਆਂ ਮੀਰ ਦਾ ਚੇਲਾ ਦਸ ਕੇ ਜਾਣਕਾਰੀ ਦਿਤੀ ਹੈ ਕਿ ਗੁਰੂ ਅਰਜਨ ਸਾਹਿਬ ਸਾਈ ਮੀਆਂ ਮੀਰ ਦੇ ਸਿਸ਼ ਸਨ ਤੇ ਸਾਈ ਮੀਆਂ ਮੀਰ ਨੇ ਹੀ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਰੱਖੀ ਸੀ। ਲੇਖਕ ਮੁਤਾਬਕ ਖੁਸਰੋ ਨੂੰ ਆਸ਼ੀਰਵਾਦ ਦੇਣ ਦੇ ਕਾਰਨ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ 1606 ਵਿਚ ਰਾਜਧ੍ਰੋਹ ਦੇ ਦੋਸ਼ 'ਤੇ ਫਾਂਸੀ ਦੇ ਦਿਤੀ। ਉਨ੍ਹਾਂ ਅਪਣੇ ਪੁੱਤਰ ਹਰਗੋਬਿੰਦ ਨੂੰ ਸ਼ਸਤਰ ਧਾਰਨ ਕਰਨ ਤੇ ਸੈਨਾ ਗਠਨ ਕਰਨ ਦਾ ਆਦੇਸ਼ ਦਿਤਾ। 


ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸੈਨਿਕ ਸੰਪਰਦਾ ਬਣਾਇਆ ਤੇ ਸਿੱਖਾਂ ਨੂੰ ਮਾਸ ਖਾਣ ਦੀ ਇਜਾਜ਼ਤ ਦਿਤੀ। ਜਹਾਂਗੀਰ ਨੇ ਉਨ੍ਹਾਂ ਨੂੰ 2 ਸਾਲ ਤਕ ਕੈਦ ਵਿਚ ਰਖਿਆ, ਸ਼ਾਹਜਾਹ ਨਾਲ ਬਾਜ਼ ਨੂੰ ਲੈ ਕੇ ਸੰਘਰਸ਼ ਹੋਇਆ, ਸੁਰੱਖਿਆ ਕਾਰਨ ਗੁਰੂ ਜੀ ਕਸ਼ਮੀਰ ਦੀਆਂ ਪਹਾੜੀਆਂ ਵਿਚ ਕੀਰਤਪੁਰ ਨਾਮਕ ਸਥਾਨ 'ਤੇ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਿਆ ਹੈ ਕਿ 1708 ਵਿਚ ਗੁਰੂ ਸਾਹਿਬ ਨੂੰ ਨਾਂਦੇੜ ਵਿਚ ਜਾਮਸ਼ੇਦ ਖ਼ਾਨ ਨੇ ਛੁਰਾ ਮਾਰ ਕੇ ਜ਼ਖ਼ਮੀ ਕਰ ਦਿਤਾ। ਕੁੱਝ ਸਮੇਂ ਬਾਅਦ ਮੌਤ ਨਿਸ਼ਚਤ ਮਨ ਕੇ ਗੁਰੂ ਜੀ ਨੇ ਆਤਮਦਾਹ ਕਰ ਲਿਆ। ਇਸ ਸਬੰਧੀ ਰਾਜਸਥਾਨ ਦੇ ਸਿੱਖ ਆਗੂ ਪ੍ਰੋਫ਼ੈਸਰ ਬਲਜਿੰਦਰ ਸਿੰਘ ਮੋਰਜੰਡ ਨੇ ਕਿਹਾ ਕਿ ਉਹ ਲੇਖਕ, ਪ੍ਰਕਾਸ਼ਕ ਵਿਰੁਧ ਮਾਮਲਾ ਦਰਜ ਕਰਵਾ ਰਹੇ ਹਨ।