ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ 'ਤੇ ਲੱਖਾਂ ਸੰਗਤਾਂ ਦੇਸ਼-ਵਿਦੇਸ਼ ਤੋਂ ਪੁੱਜਣਗੀਆਂ : ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ

sarna brother


ਅੰਮ੍ਰਿਤਸਰ, 11 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਅਗਲੇ ਸਾਲ ਬਾਬੇ ਨਾਨਕ ਦੇ 550 ਸਾਲਾ ਦੇ ਸਮਾਗਮਾਂ ਵਿਚ ਦੇਸ਼ ਵਿਦੇਸ਼ ਤੋਂ ਨਨਕਾਣਾ ਸਾਹਿਬ ਵਿਖੇ ਪੁੱਜਣ ਵਾਲੀਆਂ ਸਿੱਖ ਸੰਗਤਾਂ ਨੂੰ ਵੀਜ਼ਾ ਦੇਣ ਦੇਣ ਲਈ ਪਾਕਿਸਤਾਨ ਦੇ ਅਧਿਕਾਰੀਆਂ ਨੇ ਹਾਂ-ਪੱਖੀ ਹੁੰਗਾਰਾ ਭਰਿਆ  ਹੈ। 


ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਗੁਰਦਵਾਰਾ ਡੇਹਰਾ ਸਾਹਿਬ ਦੀ ਕਾਰ ਸੇਵਾ ਕਰਦਿਆਂ ਅੱਜ ਮੁੱਖ ਹਾਲ ਦਾ ਲੈਂਟਰ ਪਾਉਣ ਉਪਰੰਤ ਤਿੰਨ ਦਿਨਾਂ ਪਾਕਿਸਤਾਨ ਦੌਰੇ 'ਤੇ ਵਾਪਸ ਪਰਤਦਿਆਂ ਸ. ਪਰਮਜੀਤ ਸਿੰਘ ਸਰਨਾ ਤੇ ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਗੁਰਦਵਾਰੇ ਦੇ ਅੰਦਰੂਨੀ ਭਾਗ ਦੀ ਸੇਵਾ ਲਗਭਗ ਮੁਕੁੰਮਲ ਹੋ ਚੁਕੀ ਤੇ ਨਵੰਬਰ ਵਿਚ ਨਵੀਂ ਇਮਾਰਤ ਵਿਚ ਪ੍ਰਕਾਸ਼ ਕਰ ਦਿਤਾ ਜਾਵੇਗਾ। 100 ਕਮਰਿਆਂ ਵਾਲੀ ਸਰਾਂ ਤੇ ਲੰਗਰ ਹਾਲ ਵੀ ਅਗਲੇ ਸਾਲ ਪਹਿਲੇ ਪਾਤਸ਼ਾਹ ਦੇ ਪੁਰਬ ਤੋਂ ਪਹਿਲਾਂ ਪਹਿਲਾਂ ਤਿਆਰ ਕਰ ਲਏ ਜਾਣਗੇ ਤਾਂ ਕਿ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ।

ਬਾਬਾ ਜਗਤਾਰ ਸਿੰਘ ਤਰਨ-ਤਾਰਨ ਵਾਲਿਆਂ ਦੀ ਅਗਵਾਈ ਹੇਠ ਕਾਰ ਸੇਵਾ ਜੰਗੀ ਪੱਧਰ 'ਤੇ ਚਲ ਰਹੀ ਹੈ। ਉਨ੍ਹਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਔਕਾਫ਼ ਬੋਰਡ ਤੇ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਇਹ ਮੁੱਦਾ ਉਠਾਇਆ ਕਿ ਅਗਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ ਤੇ ਇਸ ਮੌਕੇ ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸੰਗਤਾਂ ਦੇ ਨਨਕਾਣਾ ਸਾਹਿਬ ਵਿਖੇ ਪੁੱਜਣ ਦੀ ਉਮੀਦ ਹੈ |

ਜਿਸ ਨੂੰ ਮੁੱਖ ਰੱਖ ਕੇ ਸਰਕਾਰ ਤਿੰਨ ਮਹੀਨੇ ਦਾ ਸਮਾਂ ਉਤਸਵ ਲਈ ਨਿਰਧਾਰਤ ਕਰੇ ਤਾਂ ਕਿ ਇਨ੍ਹਾਂ ਤਿੰਨਾਂ ਮਹੀਨਿਆਂ ਵਿਚ ਸੰਗਤਾਂ ਵਾਰੀ ਵਾਰੀ ਦਰਸ਼ਨ ਕਰ ਸਕਣ ਕਿਉਂਕਿ ਇਕੋ ਵਾਰੀ ਦਰਸ਼ਨ ਕਰਨਾ ਔਖਾ ਹੋ ਜਾਵੇਗਾ। ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਦੀ ਤਜਵੀਜ਼ ਲਈ ਹਾਮੀ ਭਰਦਿਆਂ ਕਿਹਾ ਕਿ ਨਵੀਂ ਸਰਕਾਰ ਹੋਂਦ ਵਿਚ ਆਉਣ ਉਪਰੰਤ ਉਹ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਇਸ ਤਜਵੀਜ਼ ਨੂੰ ਅਮਲੀਜਾਮਾ ਪਹਿਨਾਉਣ ਦਾ ਯਤਨ ਕਰਨਗੇ ।

ਪ੍ਰਕਾਸ਼ ਉਤਸਵ ਸਮਾਗਮ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਇੱਕ ਅੰਤਰਰਾਸ਼ਟਰੀ ਸਲਾਹਕਾਰ ਕਮੇਟੀ ਬਣਾਈ ਜਾਵੇਗੀ ਜਿਸ ਵਿਚ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸੇ ਤਰ੍ਹਾਂ ਹੋਰ ਵੀ ਕਮੇਟੀਆਂ ਜਿਨ੍ਹਾਂ ਵਿਚ ਸੁਆਗਤੀ ਕਮੇਟੀ, ਲੰਗਰ ਕਮੇਟੀ,ਧਾਰਮਕ ਕਮੇਟੀ, ਰਿਹਾਇਸ਼ ਕਮੇਟੀ ਆਦਿ ਵੀ ਬਨਣਗੀਆਂ ਤੇ ਇਹ ਕਾਰਜ ਪਾਕਿਸਤਾਨ ਕਮੇਟੀ ਤੇ ਉਕਾਬ ਬੋਰਡ ਵਲੋਂ ਕੀਤਾ ਜਾਵੇਗਾ।

ਉਹ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਸੱਦਾ ਦੇਣਗੇ ਕਿ ਉਹ ਵੀ ਮਤਭੇਦ ਭੁੱਲਾ ਕੇ ਪਾਕਿਸਤਾਨ ਜਾਣ ਵਾਲੇ ਨਗਰ ਕੀਤਰਨ ਦਾ ਹਿੱਸਾ ਬਣਨ ਤੇ ਇਹ ਨਗਰ ਕੀਤਰਨ ਜਥੇ ਦੇ ਜਾਣ ਤੋਂ ਤਿੰਨ ਦਿਨ ਪਹਿਲਾਂ ਨਨਕਾਣਾ ਸਾਹਿਬ ਪੁੱਜ ਜਾਵੇਗਾ ਤਾਕਿ ਅਧਿਕਾਰੀਆਂ ਨੂੰ ਕੋਈ ਦਿੱਕਤ ਨਾ ਆਵੇ।  ਨਗਰ ਕੀਰਤਨ ਨਨਕਾਣਾ ਸਾਹਿਬ ਵਿਖੇ ਲਿਜਾਣ ਦੀ ਆਗਿਆ ਲੈਣ ਲਈ ਉਹ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਮਿਲ ਕੇ ਇਕ ਪੱਤਰ ਦੇ ਚੁਕੇ ਹਨ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਰਾਹੀਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਮ ਇਕ ਪੱਤਰ ਦਿਤਾ ਹੈ। ਉਨਾਂ ਨੂੰ ਪੂਰੀ ਉਮੀਦ ਹੈ ਕਿ ਸਰਕਾਰ ਇਜਾਜ਼ਤ ਦੇ ਦੇਵੇਗੀ।

ਅਧਿਕਾਰੀਆ ਨੇ ਕਿਹਾ ਹੈ ਕਿ ਉਹ ਗੁਰੂ ਸਾਹਿਬ ਦੇ ਪ੍ਰੁਕਾਸ਼ ਦਿਹਾੜੇ ਤੇ ਇੱਕ ਡਾਕ ਟਿਕਟ ਵੀ ਜਾਰੀ ਕਰਨ ਦੇ ਨਾਲ ਨਾਲ ਇੱਕ ਸਿੱਕਾ ਵੀ ਜਾਰੀ ਕਰਨਗੇ ਜਿਸ ਦੇ ਇਕ ਪਾਸੇ ਨਨਕਾਣਾ ਸਾਹਿਬ ਦੀ ਤਸਵੀਰ ਹੋਵੇਗੀ ਤੇ ਦੂਜੇ ਪਾਸੇ 550 ਸਾਲਾ ਨੂੰ ਸਮਰਪਿਤ ਲਿਖਿਆ ਹੋਵੇਗਾ। ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਰੱਖੇ ਗਏ 550 ਸਾਲਾ ਸਮਾਗਮਾਂ ਲਈ ਬਜਟ ਦੇ ਲੇਖਾ ਜੋਖਾ ਕਰਨਗੇ ਤੇ ਲੋੜ ਪਈ ਤਾਂ ਇਕ ਟੈਂਟ ਵਿਲਜ਼ ਵੀ ਨਨਕਾਣਾ ਸਾਹਿਬ ਵਿਖੇ ਉਸਾਰਿਆ ਜਾਵੇਗਾ ਜਿਸ ਦੀ ਹਾਮੀ ਵੀ ਪਾਕਿਸਤਾਨ ਅਧਿਕਾਰੀਆ ਨੇ ਭਰ ਦਿਤੀ ਹੈ। 550 ਸਾਲਾ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੱਦਾ ਦੇਣਗੇ। ਇਸ ਸਮੇਂ ਮਨਿੰਦਰ ਸਿੰਘ ਧੁੰਨਾ ਵੀ ਨਾਲ ਸਨ।