ਖ਼ਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਦੇ ਘਰੋਂ ਜਬਰੀ ਬੀੜ ਸਾਹਿਬ ਚੁੱਕਣ ਦਾ ਮਾਮਲਾ ਅਕਾਲ ਤਖ਼ਤ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਲੋਕਾਂ ਨੂੰ ਗੁਰਬਾਣੀ ਤੋਂ ਦੂਰ ਕਰਨ ਲਈ 'ਸਤਿਕਾਰ' ਸ਼ਬਦ ਦੀ ਦੁਰਵਰਤੋਂ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਦੇ ਘਰੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਬਰੀ ਚੁੱਕ ਕੇ ਲੈ ਗਏ...

File Photo

ਟਾਂਡਾ, 11 ਅਗੱਸਤ: ਕਲ ਖ਼ਾਲਸਾ ਕਾਲਜ ਦੇ ਇਕ ਸਾਬਕਾ ਗੁਰਸਿੱਖ ਪ੍ਰਿੰਸੀਪਲ ਉਤੇ ਇਹ ਦੋਸ਼ ਲਾ ਕੇ ਕਿ ਉਸ ਦੇ ਘਰ ਮੀਟ ਤੇ ਅੰਡੇ ਦਾ ਪ੍ਰਯੋਗ ਹੁੰਦਾ ਹੈ, ਸਤਿਕਾਰ ਕਮੇਟੀ ਵਲੋਂ ਜਬਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕਣ ਦਾ ਮਾਮਲਾ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਤੇ ਪ੍ਰਿੰਸੀਪਲ ਨੇ ਆਪ ਮਾਮਲਾ ਪੁਲਿਸ ਕੋਲ ਵੀ ਉਠਾਇਆ ਹੈ ਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਭੇਜਿਆ ਹੈ। ਸੂਝਵਾਨ ਸਿੱਖ ਇਕ ਪ੍ਰਾਈਵੇਟ ਜਥੇਬੰਦੀ ਵਲੋਂ ਇਸ ਤਰ੍ਹਾਂ ਲੋਕਾਂ ਨੂੰ ਪੁਰਾਤਨ ਬ੍ਰਾਹਮਣੀ ਢੰਗ ਨਾਲ, ਬਾਣੀ ਤੋਂ ਦੂਰ ਕਰਨ ਦੇ ਜਬਰੀ ਉਪਰਾਲੇ ਨੂੰ ਪਸੰਦ ਨਹੀਂ ਕਰ ਰਹੇ ਤੇ ਨਾ ਹੀ ਮੰਨ ਰਹੇ ਹਨ ਕਿ ਮੀਟ ਅੰਡਾ ਖਾਣ ਵਾਲਾ ਸਿੱਖ, ਘਰ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰ ਸਕਦਾ।

ਕਿਸੇ ਸਮੇਂ ਬ੍ਰਾਹਮਣਾਂ ਨੇ ਗ਼ੈਰ-ਬ੍ਰਾਹਮਣਾਂ (ਖ਼ਾਸ ਤੌਰ 'ਤੇ ਦਲਿਤਾਂ) ਉਪਰ ਵੇਦਾਂ/ਪੁਰਾਣਾਂ ਦੇ ਪੜ੍ਹਨ ਸੁਣਨ ਉਤੇ ਪਾਬੰਦੀ ਲਾ ਦਿਤੀ ਸੀ। ਉਹ ਅਪਣੀ ਕਿਸਮ ਦਾ ਜਾਤ ਆਧਾਰਤ ਕੱਟੜਵਾਦ ਸੀ ਜਿਸ ਨੂੰ ਅੰਤ ਵਾਪਸ ਲੈਣਾ ਪਿਆ। ਪਰ ਹੁਣ ਨਵੇਂ ਯੁਗ ਦੇ ਧਰਮ, ਸਿੱਖ ਧਰਮ ਦੇ ਕੱਟੜਵਾਦੀ ਵੀ ਇਹ ਕਹਿ ਕੇ ਸਿੱਖਾਂ ਦੇ ਘਰਾਂ ਵਿਚੋਂ ਗੁਰੂ ਗ੍ਰੰਥ ਸਾਹਿਬ, ਜਬਰੀ ਚੁੱਕ ਰਹੇ ਹਨ ਤੇ ਦੋਸ਼ ਲਾ ਰਹੇ ਹਨ ਕਿ ਇਸ ਘਰ ਵਿਚ ਮੀਟ ਅੰਡੇ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਉਹ ਇਹ ਨਹੀਂ ਦਸਦੇ ਕਿ ਸਿੱਖ ਰਹਿਤ ਮਰਿਆਦਾ ਜਾਂ ਸ਼੍ਰੋਮਣੀ ਕਮੇਟੀ ਦੇ ਕਿਸੇ ਮਤੇ ਵਿਚ ਕਿਥੇ ਲਿਖਿਆ ਹੈ ਕਿ ਕੇਵਲ ਦਾਲ-ਭਾਜੀ ਖਾਣ ਵਾਲੇ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਘਰ ਵਿਚ ਰੱਖ ਸਕਦੇ ਹਨ ਅਤੇ ਅਜਿਹੇ ਦੋਸ਼ ਭਲੇ ਸਿੱਖਾਂ ਤੇ ਸ਼ਰਧਾਲੂਆਂ ਉਤੇ ਲਾਉਣ ਦਾ ਅਧਿਕਾਰ ਇਕ ਪ੍ਰਾਈਵੇਟ ਜਥੇਬੰਦੀ ਨੂੰ ਕਿਥੋਂ ਮਿਲਿ ਗਿਆ ਹੈ? ਕੀ ਕਿਸੇ ਤਖ਼ਤ ਨੇ ਉਨ੍ਹਾਂ ਨੂੰ ਅਜਿਹਾ ਕਰਨ ਦਾ ਅਧਿਕਾਰ ਦਿਤਾ ਹੈ?

ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, 'ਸਤਿਕਾਰ' ਲਫ਼ਦ ਦੀ ਦੁਰਵਰਤੋਂ ਕਰਦੀ ਹੋਈ ਲੋਕਾਂ ਨੂੰ ਗੁਰਬਾਣੀ ਤੋਂ ਦੂਰ ਕਰ ਰਹੀ ਹੈ ਜਦਕਿ ਜ਼ਮਾਨਾ ਉਹ ਆ ਗਿਆ ਹੈ ਜਦੋਂ ਈਸਾਈ ਤੇ ਮੁਸਲਮਾਨ ਹੋਟਲਾਂ, ਹਵਾਈ ਜਹਾਜ਼ਾਂ ਵਿਚ ਕੁਰਾਨ ਤੇ ਬਾਈਬਲ ਵੰਡਦੇ ਹਨ ਤਾਕਿ ਲੋਕ ਵਿਹਲੇ ਸਮੇਂ ਵਿਚ ਇਨ੍ਹਾਂ ਗ੍ਰੰਥਾਂ ਵਿਚ ਬਿਆਨ ਕੀਤੇ ਸੱਚ ਤੋਂ ਵਾਕਫ਼ ਹੋ ਜਾਣ। ਪਰ ਸਿੱਖ ਕੱਟੜਵਾਦੀ ਤਾਂ ਹਜ਼ਾਰਾਂ ਸਾਲ ਪਹਿਲਾਂ ਰੱਦ ਕੀਤੀਆਂ ਬ੍ਰਾਹਮਣੀ ਰੀਤਾਂ ਨੂੰ ਜਬਰੀ ਲਾਗੂ ਕਰ ਕੇ ਗੁਰਬਾਣੀ ਦਾ ਸਗੋਂ ਨਿਰਾਦਰ ਕਰ ਰਹੇ ਹਨ। ਮਾਮਲਾ ਹੁਣ ਅਕਾਲ ਤਖ਼ਤ ਤੋਂ ਇਲਾਵਾ ਪੁਲਿਸ ਕੋਲ ਵੀ ਪੁੱਜ ਗਿਆ ਹੈ ਕਿਉਂਕਿ ਇਸ ਵਾਰ ਖ਼ਾਲਸਾ ਕਾਲਜ ਦੇ ਇਕ ਸਾਬਕਾ ਪ੍ਰਿੰਸੀਪਲ ਨਾਲ ਧੱਕਾ ਕੀਤਾ ਗਿਆ ਹੈ।

ਅੰਮ੍ਰਿਤਸਰ ਤੋਂ ਪਰਮਿੰਦਰਜੀਤ ਦੀ ਰੀਪੋਰਟ: ਗੜ੍ਹਸ਼ੰਕਰ ਦੇ ਖ਼ਾਲਸਾ ਕਾਲਜ ਦੇ ਸੇਵਾ ਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਟਾਂਡਾ ਦੇ ਘਰੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਉਣ ਦੇ ਮਾਮਲੇ ਵਿਚ ਪ੍ਰਿੰਸੀਪਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਿਰੁਧ ਅਕਾਲ ਤਖ਼ਤ ਸਾਹਿਬ ਅਤੇ ਪੁਲਿਸ ਕੋਲ ਸ਼ਿਕਾਇਤ ਦਿਤੀ ਹੈ।
ਪ੍ਰਿੰਸੀਪਲ ਜਸਵੰਤ ਸਿੰਘ ਟਾਂਡਾ ਨੇ ਦਸਿਆ ਕਿ 9 ਅਗੱਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨਾਲ ਸਬੰਧਤ ਕੁੱਝ ਵਿਅਕਤੀ ਉਨ੍ਹਾਂ ਦੇ ਘਰ ਆਏ ਤੇ ਘਰ ਵਿਚ ਪ੍ਰਕਾਸ਼ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜਬਰੀ ਲੈ ਗਏ। ਉਧਰ ਇਸ ਮਾਮਲੇ 'ਤੇ ਗੱਲ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਮੁੱਛਲ ਨੇ ਦਸਿਆ ਕਿ  ਪ੍ਰਿੰਸੀਪਲ ਟਾਂਡਾ ਦੇ ਘਰ ਮੌਜੂਦ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬੇਹਦ ਬਿਰਧ ਹਾਲਤ ਵਿਚ ਸੀ। ਉਹ ਮਾਸ ਤੇ ਅੰਡੇ ਦਾ ਸੇਵਨ ਕਰਦੇ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਨਹੀਂ ਸੀ ਰਖਿਆ ਗਿਆ। ਉਨ੍ਹਾਂ ਦਸਿਆ ਕਿ ਪ੍ਰਿੰਸੀਪਲ ਟਾਂਡਾ ਦੇ ਘਰ ਵਿਚੋਂ ਕੁੱਝ ਗੁਟਕਾ ਸਾਹਿਬ ਬਰਾਮਦ ਹੋਏ ਹਨ ਜੋ ਕਿ ਕੈਂਚੀ ਨਾਲ ਕੱਟੇ ਹੋਏ ਸਨ।

ਪ੍ਰਿੰਸੀਪਲ ਟਾਂਡਾ ਨੇ ਦਸਿਆ ਕਿ ਉਹ ਕਿਰਤੀ ਸਿੱਖ ਹਨ ਤੇ ਪਿਛਲੇ ਕਰੀਬ 40 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਦਾ  ਪਾਠ ਕਰਦੇ ਆ ਰਹੇ ਹਨ। ਅਸੀ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਿਚ ਵੀ ਕਮੀ ਨਹੀਂ ਆਉਣ ਦਿਤੀ। ਉਨ੍ਹਾਂ ਦਸਿਆ ਕਿ ਉਨ੍ਹਾਂ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਇਕ ਅੰਮ੍ਰਿਤਧਾਰੀ ਸਿੱਖ ਹਨ ਤੇ ਕੁਝ ਲੋਕ ਜਬਰੀ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਗਏ ਤੇ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਬਰੀ ਲੈ ਗਏ ਹਨ।