ਹਰਿਆਣਾ ਸਿੱਖ ਗੁਰਦਵਾਰਾ ਕਮੇਟੀ ਲਈ ਵੋਟਰ ਦੀ ਉਮਰ 18 ਸਾਲ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅਜੇ ਵੀ ਉਮਰ 21 ਸਾਲ ਰੱਖੀ 

File Photo

ਚੰਡੀਗੜ੍ਹ (ਜੀ.ਸੀ.ਭਾਰਦਵਾਜ) : ਹਰਿਆਣਾ ਵਿਧਾਨ ਸਭਾ ਵਲੋਂ 2015 ਵਿਚ ਪਾਸ ਕੀਤੇ ਬਿਲ ਮੁਤਾਬਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਵੱਖ ਕੀਤੀ ਹਰਿਆਣਾ ਦੇ ਸਿੱਖਾਂ ਵਾਸਤੇ ਵਖਰੀ ਕਮੇਟੀ ਦੀਆਂ ਪਹਿਲੀ ਵਾਰੀ ਚੋਣਾਂ ਕਰਵਾਉਣ ਲਈ ਸਿੱਖ ਲੜਕੇ ਅਤੇ ਲੜਕੀਆਂ ਦੀਆਂ ਵੋਟਰ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਸ ਵਿਚ ਘੱਟ ਤੋਂ ਘੱਟ ਉਮਰ 1 ਜਨਵਰੀ 2023 ਨੂੰ 18 ਸਾਲ ਦੀ ਤੈਅ ਕੀਤੀ ਹੈ। ਸਿੱਖ ਗੁਰਦਵਾਰਾ ਐਕਟ 1925 ਮੁਤਾਬਕ ਸਿੱਖ ਵੋਟਰ ਦੀ ਘੱਟੋ ਘੱਟ ਉਮਰ 21 ਸਾਲ ਰੱਖੀ ਹੋਈ ਹੈ।

ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਚੋਣਾਂ ਪਿਛਲੇ 98 ਸਾਲ ਤੋਂ 21 ਸਾਲਾਂ ਤੋਂ ਵੱਧ ਉਮਰ ਦੇ ਸਿੱਖ ਵੋਟਰਾਂ ਵਲੋਂ ਹੀ ਪਾਈਆਂ ਗਈਆਂ ਹਨ। ਹਰਿਆਣਾ ਦੇ ਗੁਰਦਵਾਰਾ ਚੋਣਾਂ ਦੇ ਕਮਿਸ਼ਨਰ ਜਸਟਿਸ ਐਚ.ਐਸ. ਭੱਲਾ ਨੇ ਅਖ਼ਬਾਰਾਂ ਵਿਚ ਦਿਤੇ ਇਸ਼ਤਿਹਾਰਾਂ ਰਾਹੀਂ ਉਮਰ ਦੀ ਸ਼ਰਤ 18 ਸਾਲ ਰੱਖਣ ਤੋਂ ਇਲਾਵਾ ਸਿੱਖ ਵੋਟਰ ਲਈ ਪਤਿਤ ਨਾ ਹੋਣਾ, ਦਾੜ੍ਹੀ ਕੇਸ ਨਾ ਕੱਟਣ, ਤਮਾਕੂ, ਕੁੱਠਾ ਹਲਾਲ ਮੀਟ, ਸ਼ਰਾਬ ਦਾ ਸੇਵਨ ਆਦਿ ਨਾ ਕਰਨ ਦੀ ਕਰੜੀ ਸ਼ਰਤ ਵੀ ਗੁਰਦਵਾਰਾ ਐਕਟ ਅਨੁਸਾਰ ਰੱਖੀ ਹੈ। ਵੋਟਰ ਲਿਸਟਾਂ 30 ਸਤੰਬਰ ਤਕ ਬਣਨੀਆਂ ਹਨ।

ਦੂਜੇ ਪਾਸੇ ਕੇਂਦਰ ਸਰਕਾਰ ਵਲੋਂ ਅਕਤੂਬਰ 2020 ਵਿਚ ਨਿਯੁਕਤ ਕੀਤੇ ਅਤੇ 1 ਜੁਲਾਈ 2021 ਨੂੰ ਚਾਰਜ ਸੰਭਾਲੇ, ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ, ਜਸਟਿਸ ਐਸ.ਐਸ. ਸਾਰੋਂ ਨੇ ਵੋਟਰ ਫ਼ਾਰਮ ਵਿਚ ਸਿੱਖ ਵੋਟਰ ਦੀ ਘੱਟੋ ਘੱਟ ਉਮਰ 21 ਸਾਲ ਹੀ ਰੱਖੀ ਹੈ ਅਤੇ ਬਾਕੀ ਸ਼ਰਤਾਂ ਪਤਿਤ ਨਾ ਹੋਣਾ, ਦਾੜ੍ਹੀ ਕੇਸ ਨਾ ਕੱਟਣਾ, ਤਮਾਕੂ, ਸ਼ਰਾਬ ਦਾ ਸੇਵਨ ਨਾ ਕਰਨ ਵਾਲੀਆਂ ਹੀ ਹਨ। 

ਗੁਰਦਵਾਰਾ ਚੋਣ ਕਮਿਸ਼ਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਦੀਆਂ 110 ਸੀਟਾਂ, 
ਹਿਮਾਚਲ ਤੇ ਚੰਡੀਗੜ੍ਹ ਯੂ.ਟੀ. ਤੋਂ ਇਕ ਇਕ ਸੀਟ ਲਈ, ਸਿੱਖ ਵੋਟਰਾਂ ਦੀਆਂ ਲਿਸਟਾਂ ਤਿਆਰ ਕਰਨ ਲਈ ਛਾਪਿਆ ਫ਼ਾਰਮ ਕੋਈ 60 ਲੱਖ ਦੀ ਗਿਣਤੀ ਵਾਸਤੇ ਜੱਜ ਸਾਹਿਬ ਨੇ ਹੁਕਮ ਨਾ ਚਾੜ੍ਹ ਦਿਤੇ ਹਨ ਪਰ ਜੁਲਾਈ ਅਗੱਸਤ ਨਿਕਲਣ ਦੇ ਬਾਵਜੂਦ ਢਾਈ ਮਹੀਨਿਆਂ ਬਾਅਦ ਵੀ ਫ਼ਾਰਮ ਪੰਜਾਬ ਸਰਕਾਰ ਨੇ ਛਾਪੇਖ਼ਾਨੇ ਤੋਂ ਨਹੀਂ ਛਪਵਾਏ। ਪਤਾ ਲੱਗਾ ਹੈ ਕਿ ਸੂੁਬਾ ਸਰਕਾਰ ਨੇ ਅਜੇ ਤਕ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਨੂੰ ਨਾ ਤਾਂ ਚੋਣਾਂ ਲਈ ਕੋਈ ਕਮਿਸ਼ਨਰ ਅਤੇ ਨਾ ਹੀ ਸਕੱਤਰ ਦਿਤਾ ਹੈ।

ਫ਼ਾਰਮ ਕਦੋਂ ਛਪਣਗੇ, ਵੋਟਰ ਲਿਸਟਾਂ ਤਿਆਰ ਕਰਨ ਲਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਸਿੱਖ ਮਰਦਾਂ ਤੇ ਬੀਬੀਆਂ ਤੋਂ ਫ਼ਾਰਮ ਕਿਵੇਂ ਭਰਾਉਣਗੇ ਕਦੋਂ ਚੋਣਾਂ ਦੀ ਤਰੀਕ ਤੈਅ ਹੋਵੇਗੀ, ਕਦੋਂ ਉਮੀਦਵਾਰ ਖੜੇ ਹੋਣਗੇ ਅਤੇ ਚੋਣਾਂ ਸਬੰਧੀ ਹੋਰ ਪ੍ਰਬੰਧ ਕਿਵੇਂ ਸਿਰੇ ਚੜ੍ਹੇਗਾ, ਕੁੱਝ ਪਤਾ ਨਹੀਂ। ਸਮੇਂ ਸਮੇਂ ਸਿਰ ਕੇਂਦਰ ਸਰਕਾਰ ਵਲੋਂ ਗੁਰਦਵਾਰਾ ਐਕਟ ਵਿਚ ਕੀਤੀਆਂ ਤਰਮੀਮਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ 112 ਸੀਟਾਂ ਤੋਂ 1953 ਦੀ ਚੋਣ ਵੇਲੇ ਕੁਲ 132 ਮੈਂਬਰ ਚੁਣ ਕੇ ਆਏ ਸਨ, ਜਦੋਂ ਕਿ 1959 ਦੀ ਚੋਣ ਵੇਲੇ ਕੁਲ ਸੀਟਾਂ 120 ਹੋਈਆਂ ਅਤੇ 20 ਸੀਟਾਂ ਦੋਹਰੀ ਮੈਂਬਰਸ਼ਿਪ ਵਾਲੀਆਂ ਹੋਣ ਕਰ ਕੇ ਕੁਲ 140 ਮੈਂਬਰ ਚੁਣ ਕੇ ਆਏ ਸਨ।

ਪੰਜ ਸਾਲ ਬਾਅਦ 1964 ਦੀਆਂ ਚੋਣਾਂ ਅਤੇ 1978 ਦੀਆਂ ਚੋਣਾਂ ਵੇਲੇ ਵੀ 140-140 ਮੈਂਬਰ ਹੀ ਆਏ, ਜਦੋਂ ਤਰਮੀਮ ਹੋਣ ਬਾਅਦ 1996 ਦੀਆਂ ਚੋਣਾਂ ਵਿਚ ਦੋਹਰੀ ਮੈਂਬਰਸ਼ਿਪ ਵਾਲੀਆਂ ਸੀਟਾਂ 50 ਕਰ ਦਿਤੀਆਂ ਜਿਨ੍ਹਾਂ ਵਿਚ 47 ਪੰਜਾਬ ਵਿਚ ਅਤੇ 3 ਹਰਿਆਣੇ ਵਿਚ ਸਨ ਅਤੇ ਕੁਲ ਮੈਂਬਰ 170 ਚੁਣ ਕੇ ਆਏ ਸਨ। ਪਿਛਲੀਆਂ ਚੋਣਾਂ 2004 ਤੇ ਫਿਰ 2011 ਵਿਚ ਹੋਈਆਂ ਅਤੇ ਹੁਣ 12 ਸਾਲ ਬਾਅਦ ਵੀ 2023 ਵਿਚ ਕੋਈ ਆਸ ਨਹੀਂ। ਹੋ ਸਕਦਾ ਹੈ ਕਿ ਇਹ ਮਹੱਤਵਪੂਰਨ ਸਿੱਖ ਗੁਰਦਵਾਰਾ ਸ਼੍ਰੋਮਣੀ ਕਮੇਟੀ ਚੋਣਾਂ ਅਗਲੇ ਸਾਲ ਲੋਕ ਸਭਾ ਚੋਣਾਂ ਉਪਰੰਤ ਹੀ ਹੋਣ। ਹਰਿਆਣਾ ਦੀ ਵਖਰੀ ਕਮੇਟੀ ਹੋਣ ਕਾਰਨ ਹੁਣ ਸ਼੍ਰੋਮਣੀ ਕਮੇਟੀ ਪਾਸ 112 ਸੀਟਾਂ ਰਹਿ ਗਈਆਂ ਜਿਥੋਂ 159 ਮੈਂਬਰ ਚੁਣੇ ਜਾਣਗੇ।