...ਤੇ ਹੁਣ ਫ਼ਰੀਦਕੋਟ ਤੋਂ ਅਕਾਲੀ ਦਲ ਬਾਦਲ ਦੇ ਪ੍ਰਚਾਰ ਸਕੱਤਰ ਵਲੋਂ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਥੇਬੰਦੀ ਦੀ ਸਥਾਪਨਾ ਵੇਲੇ ਦਾ ਅਕਾਲੀ ਦਲ ਨਾਲ ਜੁੜਿਐ ਮੱਕੜ ਪਰਵਾਰ.......

Shiromani Akali Dal

ਕੋਟਕਪੂਰਾ : ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ 'ਚ ਬਾਦਲਾਂ ਦਾ ਨਾਮ ਆਉਣ 'ਤੇ ਅਕਾਲੀ ਦਲ ਬਾਦਲ ਦੀ ਹੋ ਰਹੀ ਕਿਰਕਰੀ ਕਾਰਨ ਫੈਲੇ ਰੋਸ ਵਜੋਂ ਦਿਤੇ ਜਾ ਰਹੇ ਅਕਾਲੀ ਆਗੂਆਂ ਦੇ ਅਸਤੀਫ਼ੇ ਰੁਕਣ ਦਾ ਨਾਂ ਨਹੀਂ ਲੈ ਰਹੇ। ਇਸੇ ਕੜੀ ਦੇ ਚਲਦਿਆਂ ਵੱਡੀ ਖ਼ਬਰ ਆਈ ਹੈ ਕਿ ਜ਼ਿਲ੍ਹਾ ਫ਼ਰੀਦਕੋਟ ਤੋਂ ਅਕਾਲੀ ਦਲ ਬਾਦਲ ਦੇ ਪ੍ਰਚਾਰ ਦੀ ਕਮਾਂਡ ਸੰਭਾਲ ਰਹੇ ਜ਼ਿਲ੍ਹਾ ਪ੍ਰਚਾਰ ਸਕੱਤਰ ਪਰਮਜੀਤ ਸਿੰਘ ਮੱਕੜ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਅਕਾਲੀ ਦਲ ਬਾਦਲ ਨੂੰ ਵੀ ਅਲਵਿਦਾ ਆਖ ਦਿਤਾ ਹੈ। 

ਇਥੇ ਜਾਰੀ ਪ੍ਰੈਸ ਨੋਟ 'ਚ ਸ. ਮੱਕੜ ਨੇ ਦਸਿਆ ਕਿ “14 ਅਕਤੂਬਰ 2015 ਨੂੰ ਬੱਤੀਆਂ ਵਾਲੇ ਚੌਕ ਕੋਟਕਪੂਰਾ ਅਤੇ ਬਹਿਬਲ ਕਲਾਂ 'ਚ ਬੇਅਦਬੀ ਦਾ ਇਨਸਾਫ਼ ਲੈਣ ਲਈ ਰੋਸ ਵਜੋਂ ਬੈਠੀ ਸਿੱਖ ਸੰਗਤ ਉਪਰ ਗੋਲੀਆਂ ਚਲਾਉਣ ਅਤੇ 2 ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦਾ ਪਾਪ ਜੋ ਉਸ ਸਮੇਂ ਦੇ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਦੇ ਸਿਰ ਹੀ ਜਾਂਦਾ ਹੈ।

ਜੇਕਰ ਉਹ ਇਸ ਗੱਲ ਤੋਂ ਮੁਨਕਰ ਹੁੰਦੇ ਹਨ ਤਾਂ ਡੀ.ਜੀ.ਪੀ. ਸੁਮੇਧ ਸੈਣੀ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਵਿਰੁਧ ਮੌਕੇ 'ਤੇ ਹੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ ਕਿਉਂ ਕੋਈ ਕਾਰਵਾਈ ਨਹੀਂ ਹੋਈ? ਇਨ੍ਹਾਂ ਸਵਾਲਾਂ ਦੇ ਜਵਾਬ ਮੰਗਦਾ ਹੋਇਆ ਮੈਂ ਅੰਤ 'ਚ ਇਹ ਕਹਿਣਾ ਚਾਹੁੰਦਾ ਹਾਂ ਕਿ ਮੇਰਾ ਪਰਵਾਰ ਜਥੇਬੰਦੀ ਦੀ ਸਥਾਪਨਾ ਅਰਥਾਤ ਸਾਲ 1920 ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਪਰ ਹੁਣ ਮੇਰਾ ਬਾਦਲ ਪਰਵਾਰ ਦੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨਾਲ ਕੋਈ ਸਬੰਧ ਨਹੀਂ ਰਿਹਾ।