ਦਿੱਲੀ ਵਿਖੇ ਦੋ ਦਿਨਾਂ 11ਵੇਂ ਦੇਸ਼ ਪਧਰੀ ਗਤਕਾ ਮੁਕਾਬਲੇ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

14 ਸੂਬਿਆਂ ਤੇ 900 ਖਿਡਾਰੀ ਹੋਏ ਸ਼ਾਮਲ

Two-day gatka competition started in Delhi



ਨਵੀਂ ਦਿੱਲੀ: ਦਿੱਲੀ ਦੇ ਤਾਲਕਟੋਰਾ ਇੰਡੋਰ ਸਟੇਡੀਅਮ ਵਿਖੇ ਅੱਜ 11ਵੇਂ ਦੋ ਦਿਨਾਂ ਕੌਮੀ ਗਤਕਾ ਮੁਕਾਬਲੇ ਸ਼ੁਰੂ ਹੋਏ ਜਿਸ ਵਿਚ ਸ਼ਾਮਲ ਹੋਣ ਵਾਲੇ ਖਿਡਾਰੀ ਉਤਸ਼ਾਹ ਨਾਲ ਭਰੇ ਨਜ਼ਰ ਆਏ। ਇਹ ਮੁਕਾਬਲੇ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਸਰਪ੍ਰਸਤੀ ਹੇਠ, ਗਤਕਾ ਐਸੋਸੀਏਸ਼ਨ ਆਫ਼ ਦਿੱਲੀ ਵਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਉਲੀਕੇ ਗਏ ਹਨ। ਮੁਕਾਬਲੇ ਵਿਚ  14, 17 19, 22 ਅਤੇ 25 ਸਾਲ ਉਮਰ ਵਰਗ ਦੇ ਖਿਡਾਰੀ ਹਿੱਸਾ ਲੈ ਰਹੇ ਹਨ।

ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਭਾਜਪਾ ਦੇ ਕੌਮੀ ਸਕੱਤਰ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਉਲੰਪਿਕ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਸੋਟੀ ਖੇਡ ਗਤਕੇ ਨੂੰ 36ਵੀਂ ਕੌਮੀ ਖ਼ੇਡਾਂ ਵਿਚ ਸ਼ਾਮਲ ਕਰਨਾ ਮਾਣ ਦੀ ਗੱਲ ਹੈ ਜਿਸ ਨਾਲ ਗਤਕੇ ਦੀ ਮਕਬੂਲੀਅਤ ਵਧਦੀ ਜਾ ਰਹੀ ਹੈ ਅਤੇ ਇਹ ਛੇਤੀ ਕੌਮਾਂਤਰੀ ਖ਼ੇਡਾਂ ਵਿਚ ਸ਼ਾਮਲ ਹੋਵੇਗਾ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ  ਭਰੋਸਾ ਦਿਤਾ ਕਿ ਦਿੱਲੀ ਕਮੇਟੀ ਪੁਰਾਤਨ ਖੇਡ ਗਤਕੇ ਨੂੰ ਪ੍ਰਫੁੁੱਲਤ ਕਰਨ ਲਈ ਸਿਰਤੋੜ ਯਤਨ ਕਰੇਗੀ।

ਉਨ੍ਹਾਂ ਗਤਕੇ ਨੂੰ ਅਪਣੀ ਸੁਰੱਖਿਆ ਲਈ ਵੀ ਅਪਨਾਉਣ ਦਾ ਸੱਦਾ ਦਿਤਾ। ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਗਤਕਾ ਐਸੋਸੀਏਸ਼ਨ ਦਿੱਲੀ ਦੇ ਪ੍ਰਧਾਨ ਸਰਵਜੀਤ ਸਿੰਘ ਵਿਰਕ, ਐਗ਼ਜ਼ੈਕਟਿਵ ਮੈਂਬਰ, ਦਿੱਲੀ ਗੁਰਦਵਾਰਾ ਕਮੇਟੀ ਨੇ ਸਾਂਝੇ ਤੌਰ ’ਤੇ ਕਿਹਾ ਦੇਸ਼ ਦੇ 14 ਸੂਬਿਆਂ ਦੇ 900 ਹੁਨਰਮੰਦ ਖਿਡਾਰੀਆਂ, (ਕੁੜੀਆਂ-ਮੁੰਡਿਆਂ) ਵਲੋਂ ਦੋ ਦਿਨਾਂ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਾ ਇਸ ਗੱਲ ਦਾ ਸਬੂਤ ਹੈ ਕਿ ਗਤਕਾ ਦਿਨੋ ਦਿਨ ਮਕਬੂਲ ਹੋ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦ ਇਹ ਕੌਮਾਂਤਰੀ ਖੇਡਾਂ ਵਿਚ ਸ਼ਾਮਲ ਹੋਵੇਗਾ।