ਤਖ਼ਤ ਸ਼੍ਰੀ ਹਜੂਰ ਸਾਹਿਬ ਪ੍ਰਬੰਧਕੀ ਬੋਰਡ ਦੀ ਬਹਾਲੀ ਨੂੰ ਜਥੇਦਾਰ ਗੜਗੱਜ ਨੇ ਦੱਸਿਆ ਸਿੱਖਾਂ ਦੀ ਵੱਡੀ ਜਿੱਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੁੱਝ ਸਮਾਂ ਪਹਿਲਾਂ ਸਰਕਾਰ ਨੇ ਪ੍ਰਬੰਧਕੀ ਬੋਰਡ ’ਚ ਦਖਲ ਦਿੰਦੇ ਹੋਏ ਪ੍ਰਸ਼ਾਸਕ ਕੀਤਾ ਸੀ ਨਿਯੁਕਤ

Jathedar Gargajj described the restoration of the Takht Shri Hazur Sahib Administrative Board as a big victory for the Sikhs.

ਅੰਮ੍ਰਿਤਸਰ  : ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨੰਦੇੜ ਸਥਿਤ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ ਬਹਾਲੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਨੰਦੇੜ ਦੇ ਸਿੱਖਾਂ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਇਹ ਮਾਮਲਾ ਪਿਛਲੇ ਕੁਝ ਸਮੇਂ ਤੋਂ ਅਦਾਲਤ ਦੇ ਵਿਚਾਰ ਅਧੀਨ ਸੀ।

ਜ਼ਿਕਰਯੋਗ ਹੈ ਕਿ ਜਥੇਦਾਰ ਗੁੜਗੱਜ ਸ਼ਹੀਦੀ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਲਈ ਮੁੰਬਈ ਪੁੱਜੇ ਸਨ। ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ ਪ੍ਰਬੰਧਕੀ ਬੋਰਡ ਦੇ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਦਿਆਂ ਇੱਥੇ ਪ੍ਰਸ਼ਾਸਕ ਨਿਯੁਕਤ ਕਰ ਦਿੱਤਾ ਸੀ। ਜਿਸ ਨੂੰ ਨੰਦੇੜ ਦੇ ਸਿੱਖਾਂ ਵੱਲੋਂ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ। ਮੁੰਬਈ ਪੁੱਜੇ ਜਥੇਦਾਰ ਗੜਗੱਜ ਨੇ ਇੱਕ ਧਾਰਮਿਕ ਸਮਾਗਮ ਵਿੱਚ ਸੰਬੋਧਨ ਕਰਦਿਆਂ ਇਸ ਮਾਮਲੇ ਵਿੱਚ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਮਹਾਰਾਸ਼ਟਰ ਵਿੱਚ ਲੰਮੀ ਜੱਦੋ ਜਹਿਦ ਤੋਂ ਬਾਅਦ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਦਾ ਪ੍ਰਬੰਧਕੀ ਬੋਰਡ ਬਹਾਲ ਹੋ ਗਿਆ ਹੈ ਇਹ ਮਹਾਰਾਸ਼ਟਰ ਅਤੇ ਨੰਦੇੜ ਦੇ ਹਜੂਰੀ ਸਿੰਘਾਂ ਦੀ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਤਖਤ ਸਾਹਿਬ ਦਾ ਕੇਸ ਜਿੱਤ ਲਿਆ ਹੈ ਅਤੇ ਇਸ ਨਾਲ ਪ੍ਰਬੰਧਕੀ ਬੋਰਡ ਮੁੜ ਤੋਂ ਬਹਾਲ ਹੋ ਗਿਆ ਹੈ। ਪੰਜ ਤਖ਼ਤ ਸਾਹਿਬਾਨ ਖਾਲਸਾ ਪੰਥ ਦੇ ਹਨ ਅਤੇ ਇਹ ਪੰਥ ਦੇ ਹੀ ਰਹਿਣਗੇ। ਇਸ ਮੌਕੇ ਉਨਾਂ ਸਮੁੱਚੇ ਖਾਲਸਾ ਪੰਥ ਨੂੰ ਸ਼ਹੀਦੀ ਸ਼ਤਾਬਦੀ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜਣ ਦਾ ਸੱਦਾ ਵੀ ਦਿੱਤਾ।