ਅੱਜ 'ਸਿੱਖ ਇਤਿਹਾਸ ਨਾਲ ਛੇੜਛਾੜ ਦਾ ਦੋਸ਼ੀ' ਕਿਵੇਂ ਹੋ ਗਿਆ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਲ ਤਕ ਖੋਜ ਕਾਰਜਾਂ ਲਈ ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਇਜ਼ਮ ਦਾ ਰੁਤਬਾ ਲੈਣ ਵਾਲਾ ਡਾ. ਕਿਰਪਾਲ ਸਿੰਘ ਅੱਜ 'ਸਿੱਖ ਇਤਿਹਾਸ ਨਾਲ ਛੇੜਛਾੜ ਦਾ ਦੋਸ਼ੀ' ਕਿਵੇਂ ਹੋ ਗਿਆ?

How did 'Sikh history become guilty of molestation' today?

ਤਰਨਤਾਰਨ : ਕਲ ਤਕ ਜਿਸ ਵਿਅਕਤੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਇਜ਼ਮ ਦਾ ਸਤਿਕਾਰ ਦਿਤਾ ਗਿਆ ਸੀ ਅੱਜ ਉਹੀ ਵਿਅਕਤੀ ਇਤਿਹਾਸ ਨਾਲ ਛੇੜਛਾੜ ਕਰਨ ਦਾ ਦੋਸ਼ੀ ਕਿਵੇਂ ਹੋ ਗਿਆ? ਸਵਾਲ ਤਾਂ ਇਹ ਵੀ ਮੂੰਹ ਚੁਕੀ ਖੜਾ ਹੈ ਕਿ ਮਹਿਜ ਸਾਢੇ ਚਾਰ ਸਾਲ ਪਹਿਲਾਂ  ਡਾ:ਕਿਰਪਾਲ ਸਿੰਘ ਦੀ ਸਿੱਖ ਇਤਿਹਾਸ ਖੋਜ ਨੂੰ ਦੇਣ ਦੇ ਨਾਮ ਹੇਠ ਕਸੀਦੇ ਪੜ੍ਹਦਿਆਂ 24 ਫ਼ਰਵਰੀ 2014 ਵਾਲੇ ਦਿਨ ਅਕਾਲ ਤਖ਼ਤ ਸਾਹਿਬ ਤੋਂ ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਇਜ਼ਮ ਦਾ ਮਾਣ ਮੱਤਾ ਖ਼ਿਤਾਬ ਦਿਤਾ ਗਿਆ।

ਇਸ ਸਚਾਈ ਤੋਂ ਤਤਕਾਲੀਨ ਸ਼੍ਰੋਮਣੀ ਕਮੇਟੀ ਪ੍ਰਧਾਨ , ਸਮੁੱਚੀ ਕਾਰਜਕਾਰਨੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਕਦਾਚਿਤ ਬਰੀ ਨਹੀਂ ਹੋ ਸਕਦੇ ਜਿਨ੍ਹਾਂ ਨੇ ਡਾ.ਕ੍ਰਿਪਾਲ ਸਿੰਘ ਦੇ 14 ਸਾਲਾ ਕਾਰਜਕਾਲ ਸਾਲ 2001 ਤੋਂ ਸਾਲ 2014  ਦੀਆਂ ਪ੍ਰਾਪਤੀਆਂ ਦਾ ਲੇਖਾ ਕਰਦਿਆਂ ਅਕਾਲ ਤਖ਼ਤ ਸਾਹਿਬ ਨੂੰ ਇਹ ਸਿਫ਼ਾਰਸ਼ ਕੀਤੀ ਕਿ ਡਾ. ਕਿਰਪਾਲ ਸਿੰਘ ਦੁਆਰਾ ਕੀਤੇ ਕਾਰਜਾਂ ਨੂੰ ਮਾਨਤਾ ਦਿਤੀ ਜਾਏ। 

ਪੰਜਾਬ ਸਕੂਲ ਸਿਖਿਆ ਬੋਰਡ ਦੀ ਇਤਿਹਾਸ ਵਿਸ਼ੇ ਨਾਲ ਸਬੰਧਤ  ਪੁਸਤਕ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੇ ਖ਼ੁਦ ਹੀ ਸਥਾਪਤ ਕੀਤੇ ਸਿੱਖ ਇਤਿਹਾਸਕ ਸਰੋਤ ਸੰਪਾਦਨਾ ਪ੍ਰਾਜੈਕਟ ਦੇ ਡਾਇਰੈਕਟਰ ਡਾ:ਕ੍ਰਿਪਾਲ ਸਿੰਘ ਨੂੰ ਬਾਹਰ ਦਾ ਰਸਤਾ ਵਿਖਾਉਣ ਦਾ ਮਾਮਲਾ ਵੀ ਸ਼੍ਰੋਮਣੀ ਕਮੇਟੀ ਤੇ ਇਸ ਦੇ ਸਿਆਸੀ ਮਾਲਕਾਂ ਲਈ ਗਲੇ ਦੀ ਹੱਡੀ ਬਣ ਸਕਦਾ ਹੈ। ਇਹ ਚਰਚਾ ਪੰਥਕ ਤੇ ਇਤਿਹਾਸ ਦੀ ਖੋਜ ਨਾਲ ਜੁੜੇ ਹਲਕਿਆਂ ਵਿਚ ਸ਼ੁਰੂ ਹੋ ਚੁਕੀ ਹੈ। ਹਾਲਾਂਕਿ ਡਾ: ਕਿਰਪਾਲ ਸਿੰਘ ਨੂੰ ਅਹੁਦੇ ਤੋਂ ਘਰ ਤੋਰਨ ਦਾ ਠੀਕਰਾ ਉਨ੍ਹਾਂ ਵਿਦਵਾਨਾਂ, ਸਿੱਖ ਸੰਪਰਦਾਵਾਂ ਅਤੇ ਜਥੇਬੰਦੀਆਂ ਸਿਰ ਭੰਨਣ ਦੀ ਕੋਸ਼ਿਸ਼ ਕੀਤੀ ਹੈ

ਜੋ ਸ਼੍ਰੋਮਣੀ ਕਮੇਟੀ ਦੇ ਸੱਦੇ 'ਤੇ ਉਸ ਇੱਕਤਰਤਾ ਵਿਚ ਸ਼ਾਮਲ ਹੋਈਆਂ ਸਨ। ਪ੍ਰੰਤੂ ਕਮੇਟੀ ਪ੍ਰਧਾਨ ਇਹ ਦਸਣ ਵਿਚ ਅਸਮੱਰਥ ਰਹੇ ਹਨ ਕਿ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਤਿਆਰ ਕਰਵਾਈ ਜਾ ਰਹੀ ਇਤਿਹਾਸ ਦੀ ਕਿਤਾਬ ਲਈ ਡਾ:ਕਿਰਪਾਲ ਸਿੰਘ ਹੀ ਇੱਕਲੇ ਦੋਸ਼ੀ ਕਿਵੇਂ ਹਨ? ਇਸ ਸਵਾਲ ਦਾ ਜਵਾਬ ਇਸ ਲਈ ਜ਼ਰੂਰੀ ਹੈ ਕਿ ਜੇਕਰ ਡਾ:ਕਿਰਪਾਲ ਸਿੰਘ, ਸਿੱਖ ਇਤਿਹਾਸ ਦੀ ਪੇਸ਼ਕਾਰੀ ਪ੍ਰਤੀ ਐਨੇ ਹੀ ਗ਼ੈਰ ਜ਼ਿੰਮੇਵਾਰ ਹਨ ਤਾਂ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਸਿੱਖ ਇਤਿਹਾਸਕ ਸਰੋਤ ਸੰਪਾਦਨਾ ਪ੍ਰਾਜੈਕਟ ਵਰਗੇ ਵਕਾਰੀ ਪ੍ਰਾਜੈਕਟ ਤੇ ਨਿਯੁਕਤ ਕਿਉਂ ਕੀਤਾ?

ਖ਼ੁਦ ਡਾ:ਕਿਰਪਾਲ ਸਿੰਘ ਕਹਿ ਰਹੇ ਹਨ ਕਿ ਉਨ੍ਹਾਂ ਨੇ ਹੁਣ ਤੀਕ 60 ਦੇ ਕਰੀਬ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ ਦਾ ਸਬੰਧ ਸਿੱਖ ਇਤਿਹਾਸ ਨਾਲ ਹੈ। ਉਨ੍ਹਾਂ ਨੇ ਪ੍ਰਮੁੱਖ ਤੌਰ 'ਤੇ ਸਿੱਖ ਇਤਿਹਾਸਕ ਸਰੋਤ 'ਸੂਰਜ ਪ੍ਰਕਾਸ਼' ਉਪਰ ਕਾਰਜ ਕੀਤਾ ਹੈ ਜਿਸ ਦੀਆਂ 22 ਜਿਲਦਾਂ ਛਪ ਚੁਕੀਆਂ ਹਨ ਤੇ ਦੋ ਜਿਲਦਾਂ ਛਪਾਈ ਅਧੀਨ ਹਨ। 
ਸ਼੍ਰੋਮਣੀ ਕਮੇਟੀ ਪ੍ਰਧਾਨ ਇਸ ਸਵਾਲ 'ਤੇ ਵੀ ਚੁੱਪ ਧਾਰੀ ਬੈਠੇ ਹਨ ਕਿ ਜਿਸ ਸ਼ਖ਼ਸ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਮਾਨਤਾ ਪ੍ਰਾਪਤ ਵਿਦਵਾਨਾਂ ਤੇ ਸਿੱਖ ਸੰਸਥਾਵਾਂ, ਸੰਪਰਦਾਵਾਂ ਨੇ ਸਿੱਖ ਇਤਿਹਾਸ ਨਾਲ ਛੇੜਛਾੜ ਦਾ ਦੋਸ਼ੀ ਠਹਿਰਾ ਦਿਤਾ ਹੈ

ਉਸ ਪਾਸੋਂ ਅਕਾਲ ਤਖ਼ਤ ਸਾਹਿਬ ਦੁਆਰਾ ਦਿਤਾ ਮਾਣ ਵਾਪਸ ਲੈਣ ਸਬੰਧੀ ਕੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਉਧਰ ਡਾ:ਕਿਰਪਾਲ ਸਿੰਘ ਇਹ ਕਹਿ ਰਹੇ ਹਨ ਕਿ ਕਿਤਾਬ ਦੇ ਵਿਵਾਦਤ ਚੈਪਟਰ ਡਾ: ਗਰੇਵਾਲ ਨੇ ਲਿਖੇ ਸਨ ਤੇ ਇਹ ਚੈਪਟਰ ਅਜੇ ਖਰੜਾ ਰੂਪ ਵਿਚ ਹੀ ਘੋਖ ਕਮੇਟੀ ਸਾਹਮਣੇ ਵਿਚਾਰਨ ਲਈ ਆਏ ਸਨ। ਜੇਕਰ ਡਾ:ਕਿਰਪਾਲ ਸਿੰਘ ਦਾ ਤਰਕ ਸਹੀ ਹੈ ਤਾਂ ਫਿਰ ਉਨ੍ਹਾਂ ਦਾ ਸਿੱਧਾ ਦੋਸ਼ ਜੋ ਨਜ਼ਰ ਆ ਰਿਹਾ ਹੈ ਉਹ ਇਹੀ ਹੈ ਕਿ ਉਨ੍ਹਾਂ ਨੇ ਕਿਤਾਬ ਪ੍ਰਤੀ ਸਰਕਾਰ ਦੁਆਰਾ ਗਠਤ ਕਮੇਟੀ ਦੇ ਚੇਅਰਮੈਨ ਹਣ ਨਾਤੇ ਸਰਕਾਰੀ ਪੱਖ ਸਪਸ਼ਟ ਕੀਤਾ ਹੈ। 

ਡਾ:ਕਿਰਪਾਲ ਸਿੰਘ ਦੁਆਰਾ ਚੰਡੀਗੜ੍ਹ ਵਿਖੇ ਇਸ ਵਿਸ਼ੇ 'ਤੇ ਕੀਤੀ ਪ੍ਰੈਸ ਕਾਨਫ਼ਰੰਸ ਨੂੰ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਨੇ ਇਕ ਚੁਨੌਤੀ ਵਜੋਂ ਲਿਆ ਹੈ ਕਿਉਂਕਿ ਦਲ ਕੋਲ ਸੂਬੇ ਸੱਤਾ ਖੁਸਣ ਬਾਅਦ ਕਿਤਾਬ ਦੇ ਰੂਪ ਵਿਚ ਸਰਕਾਰ ਵਿਰੁਧ ਪ੍ਰਚਾਰ ਲਈ ਇਕ ਅਹਿਮ ਮੁੱਦਾ ਆਇਆ ਸੀ ਜਿਸ ਨੂੰ ਝੂਠਲਾਉਣ ਦੇ ਦੋਸ਼ੀ ਡਾ: ਕਿਰਪਾਲ ਸਿੰਘ ਜ਼ਰੂਰ ਬਣੇ ਹਨ। ਅਜਿਹੇ ਵਿਚ ਜੇਕਰ ਕਿਸੇ ਸ਼ਖ਼ਸ ਨੂੰ ਸੱਚ ਸਾਹਮਣੇ ਰਖਣ ਲਈ ਇਤਿਹਾਸ ਦੇ ਖੋਜ ਕਾਰਜ ਤੋਂ ਲਾਂਭੇ ਕੀਤਾ ਜਾਂਦਾ ਹੈ ਤਾਂ ਇਸ ਦਾ ਖਮਿਆਜ਼ਾ ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਬਾਦਲ ਦਲ ਨੂੰ ਵੀ ਜ਼ਰੂਰ ਭੁਗਤਣਾ ਪਵੇਗਾ।