ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਨੇ ਗ੍ਰਹਿ ਮੰਤਰਾਲਾ ਤੱਕ ਦਿੱਤੀ ਦਸਤਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਦੀਆਂ ਚੋਣਾਂ ਖ਼ਤਮ ਹੁੰਦਿਆਂ ਹੀ ਹੁਣ ਦਿੱਲੀ ਦੇ ਗ੍ਰਹਿ ਮੰਤਰਾਲਾ ’ਚ ਐੱਸ.ਜੀ.ਪੀ.ਸੀ. ਦੀਆਂ ਜਨਰਲ ਚੋਣਾਂ ਦੀ ਆਹਟ ਉੱਠਣ ਲੱਗੀ ਹੈ।

General elections of SGPC

 

ਚੰਡੀਗੜ੍ਹ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਬਹੁ-ਚਰਚਿਤ ਚੋਣ ’ਚ 42 ਵੋਟਾਂ ਅਕਾਲੀ ਦਲ ਦੇ ਵਿਰੋਧ ’ਚ ਜਾਣ ਤੋਂ ਬਾਅਦ, ਹੁਣ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਲਈ ਆਧਾਰ ਤਿਆਰ ਹੋਣ ਲੱਗ ਪਿਆ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਸਿਆਸੀ ਤੌਰ ’ਤੇ ਇਨ੍ਹਾਂ ਚੋਣਾਂ ਲਈ ਦਿੱਲੀ ’ਚ ਨੇਤਾ ਸਰਗਰਮ ਹੋ ਚੁੱਕੇ ਹਨ, ਜਦ ਕਿ ਚੰਡੀਗੜ੍ਹ ’ਚ ਸਥਿਤ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ’ਚ ਫ਼ਿਲਹਾਲ ਸ਼ਾਂਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਕੋਈ ਚਿੱਠੀ ਨਹੀਂ ਆਈ। ਸ਼੍ਰੋਮਣੀ ਕਮੇਟੀ ਪ੍ਰਧਾਨ ਦੀਆਂ ਚੋਣਾਂ ’ਚ ਇੱਕ ਲੰਮੇ ਅਰਸੇ ਬਾਅਦ, 42 ਵੋਟਾਂ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨੂੰ ਪੈਣ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਖ਼ਤ ਮੁਕਾਬਲਾ ਮਿਲਿਆ ਹੈ, ਭਾਵ ਅਕਾਲੀ ਦਲ ਨੂੰ ਚੁਣੌਤੀ ਮਿਲ ਚੁੱਕੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਦੀਆਂ ਚੋਣਾਂ ਖ਼ਤਮ ਹੁੰਦਿਆਂ ਹੀ ਹੁਣ ਦਿੱਲੀ ਦੇ ਗ੍ਰਹਿ ਮੰਤਰਾਲਾ ’ਚ ਐੱਸ.ਜੀ.ਪੀ.ਸੀ. ਦੀਆਂ ਜਨਰਲ ਚੋਣਾਂ ਦੀ ਆਹਟ ਉੱਠਣ ਲੱਗੀ ਹੈ। ਸੂਤਰਾਂ ਮੁਤਾਬਕ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਭਾਜਪਾ ਦੇ ਸਿੱਖ ਨੇਤਾਵਾਂ, ਖ਼ਾਸ ਤੌਰ ’ਤੇ ਅਕਾਲੀ ਦਲ ਦੇ ਪੁਰਾਣੇ ਸਾਥੀ ਰਹੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਦੀ ਨਜ਼ਰ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਦੀ ਤਿਆਰੀ ’ਤੇ ਹੀ ਰਹੇਗੀ। ਹਾਲਾਂਕਿ ਉਹ ਇਹ ਚੋਣ ਨਹੀਂ ਲੜਨਗੇ ਪਰ ਗ਼ੈਰ-ਅਕਾਲੀ ਸਿੱਖ ਨੇਤਾ ਇਨ੍ਹਾਂ ਚੋਣਾਂ ’ਚ ਦਿਲਚਸਪੀ ਜ਼ਰੂਰ ਵਿਖਾਉਣਗੇ। ਪਿਛਲੇ ਕੁਝ ਮਹੀਨਿਆਂ ਤੋਂ ਗੁਰਦੁਆਰਾ ਚੋਣ ਕਮਿਸ਼ਨ ਦੇ ਚੰਡੀਗੜ੍ਹ ਦਫ਼ਤਰ ਦੀ ਗ੍ਰਹਿ ਮੰਤਰਾਲਾ ਨਾਲ ਸਿਰਫ਼ ਐਨੀ ਗੱਲ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਕੋਈ ਮਾਮਲਾ ਹੁਣ ਕਿਸੇ ਅਦਾਲਤ ’ਚ ਨਹੀਂ ਹੈ। ਨਵੇਂ ਵੋਟਰ ਬਣਾਉਣ ਜਾਂ ਵੋਟਰ ਸੂਚੀਆਂ ਦੀ ਤਿਆਰੀ ਵਰਗਾ ਕੋਈ ਹੁਕਮ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਨਹੀਂ ਆਇਆ।

ਚੰਡੀਗੜ੍ਹ ਦੇ ਸੈਕਟਰ-17 ’ਚ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ’ਚ 10 ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਐੱਸ. ਐੱਸ. ਸਰੋਨ ਗੁਰਦੁਆਰਾ ਚੋਣ ਕਮਿਸ਼ਨ ਦੇ ਮੁੱਖ ਅਧਿਕਾਰੀ ਹਨ। ਐੱਸ.ਜੀ.ਪੀ.ਸੀ. ਦੇ ਕੁੱਲ 190 ਮੈਂਬਰਾਂ ਦੀ ਚੋਣ ਹੋਣੀ ਹੈ। ਇਕੱਲੇ ਪੰਜਾਬ ਤੋਂ 157 ਮੈਂਬਰ ਚੁਣੇ ਜਾਣੇ ਹਨ, ਬਾਕੀ ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੋਂ ਹਨ। ਪੰਜਾਬ ’ਚ ਕਾਂਗਰਸ ਸਮੇਤ ਹੋਰ ਪਾਰਟੀਆਂ ਕੇਂਦਰੀ ਗ੍ਰਹਿ ਵਿਭਾਗ ਨੂੰ ਐੱਸ.ਜੀ.ਪੀ.ਸੀ. ਚੋਣਾਂ ਕਰਵਾਉਣ ਦੀ ਲਗਾਤਾਰ ਮੰਗ ਕਰਦੀਆਂ ਆ ਰਹੀਆਂ ਹਨ। ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਐੱਸ.ਜੀ.ਪੀ.ਸੀ. ਚੋਣਾਂ ਨੂੰ ਲੈ ਕੇ ਸਰਗਰਮ ਹਨ।

ਪਿਛਲੀ ਬਾਦਲ ਸਰਕਾਰ ਦੌਰਾਨ ਵਾਪਰੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਅਤੇ ਉਸ ਤੋਂ ਪਹਿਲਾਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਤੋਂ ਬਾਅਦ ਅਕਾਲੀ ਦਲ ਦਾ ਵੋਟ ਟੁੱਟਿਆ ਹੈ, ਅਤੇ ‘ਆਪ’ ਤੇ ਕਾਂਗਰਸ ਵਿਚਕਾਰ ਵੰਡਿਆ ਗਿਆ ਹੈ। ਹਾਲਾਂਕਿ ਕਾਂਗਰਸ ਨੇ ਐੱਸ.ਜੀ.ਪੀ.ਸੀ. ਚੋਣਾਂ ’ਚ ਸਿੱਧੇ ਤੌਰ ’ਤੇ ਦਾਖਲ ਹੋਣ ਤੋਂ ਇਨਕਾਰ ਕੀਤਾ ਹੈ, ਪਰ ਅਸਿੱਧੇ ਤੌਰ ’ਤੇ ਕਾਂਗਰਸ ਵੀ ਇਨ੍ਹਾਂ ਚੋਣਾਂ ਲਈ ਤਿਆਰੀ ’ਚ ਹੈ। ਅਕਾਲੀ ਦਲ ਲਈ ਚੁਣੌਤੀ ਬਣੀ ਬੀਬੀ ਜਗੀਰ ਕੌਰ ਬੇਸ਼ੱਕ ਐੱਸ.ਜੀ.ਪੀ.ਸੀ. ਪ੍ਰਧਾਨ ਦੇ ਅਹੁਦੇ ਦੀ ਚੋਣ ਹਾਰ ਗਈ ਹੈ, ਪਰ ਉਨ੍ਹਾਂ ਪੰਥਕ ਸਿਆਸਤ 'ਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਬੀਬੀ ਨੇ ਬਿਆਨ ਦਿੱਤਾ ਸੀ ਕਿ ਉਹ ਪਹਿਲਾਂ ਵੀ ਐੱਸ.ਜੀ.ਪੀ.ਸੀ. ਦੀਆਂ ਜਨਰਲ ਚੋਣਾਂ ਦੀ ਮੰਗ ਕਰ ਚੁੱਕੇ ਹਨ, ਅਤੇ ਹੁਣ ਮੁੜ ਜਲਦੀ ਜਨਰਲ ਚੋਣਾਂ ਕਰਵਾਉਣ ਦੀ ਮੰਗ ਕਰਦੇ ਹਨ, ਕਿਉਂਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਸਮਾਂ ਨਿਕਲ ਚੁੱਕਾ ਹੈ। ਪ੍ਰਧਾਨਗੀ ਦੀ ਚੋਣ ਦੇ ਟਕਰਾਅ ਤੋਂ ਬਾਅਦ ਸਮੂਹ ਸਿੱਖ ਸੰਗਤ ਨੇ ਵੀ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ 'ਤੇ ਨਜ਼ਰਾਂ ਟਿਕਾਈਆਂ ਹੋਈਆਂ ਹਨ, ਅਤੇ ਇਨ੍ਹਾਂ ਜਨਰਲ ਚੋਣਾਂ ਦੇ ਦਿਲਚਸਪ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ।