ਅਮਰੀਕਾ ਦਾ ਗੁਰਦਵਾਰਾ 'ਸੇਨ ਹੌਜ਼ੇ' ਬਣਿਆ ਲੜਾਈ ਦਾ ਅਖਾੜਾ
ਉਥੇ ਵੀ ਗੋਲਕ ਦੀ ਦੁਰਵਰਤੋਂ ਦੇ ਦੋਸ਼ ਹੀ ਉਛਲੇ
ਸੇਨ ਹੌਜ਼ੇ (ਕੈਲੀਫ਼ੋਰਨੀਆ) (ਜੰਗ ਸਿੰਘ): ਪੰਜਾਬ ਦੇ ਵਾਸੀ ਵਿਸ਼ੇਸ਼ ਕਰ ਕੇ ਸਿੱਖ ਜਿਹੜੇ ਭਾਵੇਂ ਅਪਣਾ ਵਤਨ ਛੱਡ ਕੇ ਅਮਰੀਕਾ ਆਦਿ ਵਰਗੇ ਕਈ ਵਿਕਸਤ ਦੇਸ਼ਾਂ ਵਿਚ ਪੁੱਜ ਕੇ ਅਨੰਦਮਈ ਜੀਵਨ ਬਤੀਤ ਕਰ ਰਹੇ ਹਨ । ਪਰ ਲਗਦਾ ਹੈ ਇਨ੍ਹਾਂ ਵਿਚੋਂ ਕੁੱਝ ਨੇ ਅਪਣੀਆਂ ਮੂਲ ਆਦਤਾਂ ਨੂੰ ਨਾ ਤਾਂ ਛਡਿਆ ਹੈ ਨਾ ਹੀ ਸੁਧਾਰਿਆ ਹੈ। ਇਥੋਂ ਦੇ ਕੁੱਝ ਗੁਰਦਵਾਰਿਆਂ ਦੀਆਂ ਕਮੇਟੀਆਂ ਲੜਾਈ ਭਿੜਾਈ ਦਾ ਸ਼ਿਕਾਰ ਹੀ ਨਜ਼ਰ ਆ ਰਹੀਆਂ ਹਨ। ਇੰਝ ਲਗਦਾ ਹੈ ਕਿ ਜਿਵੇਂ ਗੁਰਦਵਾਰੇ ਸਾਧ ਸੰਗਤ ਦੇ ਨਾ ਹੋ ਕੇ ਨਿਜੀ ਜਾਇਦਾਦ ਬਣੇ ਹੋਏ ਹੋਣ।
ਬੀਤੇ ਦਿਨ ਗੁਰਦਵਾਰਾ ਫ਼ਰੀਮੌਂਟ ਜੋ ਕਿ ਕੈਲੀਫ਼ੋਰਨੀਆਂ ਦੇ ਮਸ਼ਹੂਰ ਗੁਰਦਵਾਰਿਆਂ ਵਿਚੋਂ ਇਕ ਹੈ, ਇਹ ਵੀ ਲੜਾਈ ਦਾ ਅਖਾੜਾ ਬਣਿਆ ਹੋਇਆ ਹੈ ਦੀ ਰੀਪੋਰਟ ਪ੍ਰਕਾਸ਼ਤ ਹੋਈ ਸੀ । ਇਨ੍ਹਾਂ ਦੋਹਾਂ ਧੜਿਆਂ ਦੀ ਆਪਸੀ ਰੰਜਸ਼ ਮੁਕਣ ਦਾ ਨਾਮ ਨਹੀਂ ਲੈ ਰਹੀ। ਹਾਲੇ ਇਸ ਖ਼ਬਰ ਦੀ ਸਿਆਹੀ ਸੁਕੀ ਨਹੀਂ ਸੀ ਕਿ ਹੁਣ ਸੂਚਨਾ ਮਿਲੀ ਹੈ ਕਿ ਗੁਰਦੁਆਰਾ 'ਸੇਨ ਹੌਜ਼ੇ' ਜੋ ਕਿ ਅਮਰੀਕਾ ਦਾ ਸੱਭ ਤੋਂ ਵੱਡਾ ਗੁਰਦਵਾਰਾ ਆਖਿਆ ਜਾਂਦਾ ਹੈ, ਇਥੇ ਵੀ ਬਾਬ ਢਿੱਲੋਂ ਦੇ ਸਾਥੀਆਂ ਤੇ ਸਾਧ ਸੰਗਤ ਸਲੇਟ ਵਿਚ ਭਾਰੀ ਖਿੱਚੋਤਾਣ ਚਲਦੀ ਆ ਰਹੀ ਹੈ।
ਵਿਰੋਧੀ ਧਿਰ ਦਾ ਕਹਿਣਾ ਹੈ ਕਿ ਬਾਬਾ ਢਿਲੋਂ ਗਰੁਪ ਨੇ ਸਾਧ ਸੰਗਤ ਸਲੇਟ ਦੇ ਤਿੰਨ ਉਮੀਦਵਾਰਾਂ ਸਤਪਾਲ ਸਿੰਘ ਸਿੱਧੂ, ਸਰਬਜੋਤ ਸਿੰਘ ਸਵੱਦੀ ਤੇ ਜਸਪਾਲ ਸਿੰਘ ਸੈਣੀ ਨੂੰ ਵਕਤੀ ਤੌਰ 'ਤੇ ਹੁਕਮ ਲੈ ਕੇ ਇਨ੍ਹਾਂ ਤਿੰਨਾਂ ਨੁੰ ਗੁਰਦਵਾਰੇ ਵਿਚ ਆਉਣ 'ਤੇ ਪਾਬੰਦੀ ਲਗਵਾ ਦਿਤੀ ਹੈ ਜਿਸ ਦੀ ਸਾਧ ਸੰਗਤ ਸਲੇਟ ਨੇ ਵਿਸ਼ਾਲ ਮੀਟਿੰਗ ਕਰ ਕੇ ਬਾਬਾ ਢਿੱਲੋਂ ਗਰੁਪ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਸਾਧ ਸੰਗਤ ਸਲੇਟ ਦਾ ਕਹਿਣਾ ਹੈ ਕਿ ਬਾਬਾ ਢਿੱਲੋਂ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰ ਕੇ ਪੈਸੇ ਦੇ ਜ਼ੋਰ ਨਾਲ ਵਿਰੋਧੀ ਧਿਰ ਨੂੰ ਦਬਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਬਾਬਾ ਢਿੱਲੋਂ ਦਾ ਗਰੁਪ ਅਪਣੇ ਵਿਰੋਧੀਆਂ ਨੂੰ ਅਦਾਲਤਾਂ ਦੇ ਕੇਸਾਂ ਵਿਚ ਉਲਝਾ ਕੇ ਗੁਰਦਆਰਾ ਸੇਨ ਹੌਜੇ 'ਤੇ ਅਪਣਾ ਕਬਜ਼ਾ ਕੀਤਾ ਹੋਇਆ ਹੈ ।
ਸਾਧ ਸੰਗਤ ਸਲੇਟ ਨੇ ਪਤਵੰਤੇ ਸੱਜਣਾਂ ਦੀ ਮੀਟਿੰਗ ਕਰ ਕੇ ਸਮੂਹ ਸਿੱਖ ਸੰਗਤਾਂ, ਧਾਰਮਕ, ਸਮਾਜਕ ਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਕੱਠੇ ਹੋ ਕੇ ਅਪਣੀ ਆਵਾਜ਼ ਬੁਲੰਦ ਕਰਨ ਤਾਕਿ ਅਜਿਹੇ ਘਿਣਾਉਣੇ ਕਾਰੇ ਨਾ ਹੋ ਸਕਣ। ਇਨ੍ਹਾਂ ਗੁਰਦਵਾਰਿਆਂ ਦਾ ਵਾਤਾਵਰਣ ਚੰਗਾ ਬਣਿਆ ਰਹੇ।