40 ਮੁਕਤਿਆਂ ਦੀ ਮੁਕਤੀ ਦਾ ਰਾਹ ਦੀ ਇਤਿਹਾਸਕ ਜੰਗ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਈ ਮਹਾਂ ਸਿੰਘ ਤੋਂ ਅੱਗੇ ਹੋ ਕੇ ਗੁਰੂ ਜੀ ਮਾਈ ਭਾਗੋ ਜੀ ਨੂੰ ਮਿਲੇ ਜੋ ਬੁਰੀ ਤਰ੍ਹਾਂ ਨਾਲ ਫੱਟੜ ਹੋ ਚੁੱਕੇ ਸਨ।  

Sri Muktsar Sahib

ਸ੍ਰੀ  ਚਮਕੌਰ ਸਾਹਿਬ ਤੋਂ ਤਾੜੀ ਮਾਰ ਕੇ ਨਿਕਲਣ ਤੋਂ ਬਾਅਦ ਗੁਰੂ ਜੀ ਰਾਤ ਨੂੰ ਹੀ ਸਫ਼ਰ ਕਰਦੇ ਹੋਏ ਸਰਘੀ ਵੇਲੇ ਪਿੰਡ ਖੇੜੀ ਪਹੁੰਚੇ। ਪਿੰਡ ਦੇ ਬਾਹਰ ਖੇਤਾਂ ਵਿਚ ਦੋ ਗੁੱਜਰਾਂ ਅਲਫ਼ੂ ਤੇ ਗਾਮੂ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਉਨ੍ਹਾਂ ਵਲੋਂ ਰੌਲਾ ਪਾਉਣ ਤੇ ਗੁਰੂ ਜੀ ਨੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਉੱਥੋਂ ਚੱਲ ਝਾੜ ਸਾਹਿਬ ਹੁੰਦੇ ਹੋਏ ਮਾਛੀਵਾੜੇ ਪਹੁੰਚ ਕੇ ਅਤੇ ਫਿਰ ਉੱਥੋਂ ਨਬੀ ਖ਼ਾਨ ਤੇ ਗ਼ਨੀ ਖ਼ਾਨ ਦੀ ਸਲਾਹ ਤੇ ‘ਉੱਚ ਦੇ ਪੀਰ’ ਬਣ ਕੇ ਪਿੰਡ ਘੁੰਗਰਾਲੀ, ਲੱਲਾਂ, ਕਟਾਣੀ, ਰਾਮਪੁਰ, ਕਨੇਚ, ਆਲਮਗੀਰ, ਯੋਧਾਂ, ਮੋਹੀ, ਹੇਹਰਾ, ਲੰਮੇ ਜੱਟਪੁਰੇ, ਤਖ਼ਤੂਪੁਰਾ ਤੇ ਜਮਸ਼ੇਰ ਦੇ ਪਿੰਡਾਂ ਵਿਚੋਂ ਹੁੰਦੇ ਹੋਏ ਰਾਇਬੋਧ ਦੇ ਪੋਤਰੇ ਸਮੀਰ ਪਾਸ ਦੀਨੇ ਪਿੰਡ ਪਹੁੰਚ ਗਏ।

ਦੀਨੇ ਪਿੰਡ ਵਿਖੇ ਇਸ ਪਿੰਡ ਦੇ ਤਿੰਨ ਭਰਾਵਾਂ ਸ਼ਮੀਰਾ, ਲਖ਼ਮੀਰਾ ਤੇ ਤਖ਼ਤ ਮੱਲ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਉਨ੍ਹਾਂ ਨੇ ਸਰਹਿੰਦ ਦੇ ਨਵਾਬ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਦੇ ਹਵਾਲੇ ਕਰਨ ਲਈ ਆਈ ਚਿੱਠੀ ਦੀ ਵੀ ਕੋਈ ਪ੍ਰਵਾਹ ਨਾ ਕੀਤੀ। ਪਿੰਡ ਦੀਨੇ ਹੀ ਗੁਰੂ ਜੀ ਦੇ ਪਹੁੰਚਣ ਦੀ ਖ਼ਬਰ ਸੁਣ ਬਹੁਤ ਸਾਰੇ ਸਿੰਘ ਆਪ ਜੀ ਦੇ ਦਰਸ਼ਨਾਂ ਲਈ ਆਉਣ ਲੱਗੇ। ਇਥੋਂ ਹੀ ਨੇੜੇ ਪਿੰਡ ਦਿਆਲਪੁਰੇ ਦੀ ਕਾਂਗੜ ਪੱਤੀ ਵਿਚ ਆਪ ਜੀ ਨੇ ਸੰਸਾਰ ਪ੍ਰਸਿੱਧ ‘ਜ਼ਫ਼ਰਨਾਮਾ’ ਔਰੰਗਜ਼ੇਬ ਨੂੰ ਭੇਜਿਆ।

ਪਿੰਡ ਦਿਆਲਪੁਰੇ ਦੀ ਕਾਂਗੜ ਪੱਤੀ ਵਿਚ ਅਜਕਲ ਗੁਰਦਵਾਰਾ ‘ਜ਼ਫ਼ਰਨਾਮਾ’ ਸਾਹਿਬ ਸੁਸ਼ੋਭਿਤ ਹੈ ਕਿਉਂਕਿ ਗੁਰੂ ਜੀ ਦੇ ਇਸ ਇਲਾਕੇ ਵਿਚ ਹੋਣ ਦੀ ਖ਼ਬਰ ਸੂਬਾ ਸਰਹਿੰਦ ਨੂੰ ਮਿਲ ਚੁੱਕੀ ਸੀ, ਇਸ ਲਈ ਗੁਰੂ ਜੀ ਕੋਟਕਪੂਰੇ ਵਲ ਚੱਲ ਪਏ ਤੇ ਉੱਥੇ ਜੈਤੋਂ ਦੀ ਜੂਹ ਵਿਚ ਪਹੁੰਚ ਗਏ। ਗੁਰੂ ਜੀ ਕੋਟਕਪੂਰੇ ਤੋਂ ਢਿੱਲਵਾਂ ਕਲਾਂ ਪਿੰਡ ਵੀ ਗਏ ਤੇ ਉੱਥੇ ਦੇ ਸੋਢੀ ਜੀ ਦੀ ਬੇਨਤੀ ਤੇ ਆਪ ਨੇ ਉੱਚ ਦੇ ਪੀਰ ਵਾਲਾ ਨੀਲਾ ਬਾਣਾ ਧਾਰਨ ਕਰ ਕੇ ਚਿੱਟੇ ਬਸਤਰ ਪਹਿਨ ਲਏ ਅਤੇ ਨੀਲੇ ਬਾਣੇ ਨੂੰ ਲੀਰ-ਲੀਰ ਕਰ ਅੱਗ ਵਿਚ ਸੁਟਦੇ ਰਹੇ ਪਰ ਭਾਈ ਮਾਨ ਸਿੰਘ ਨੇ ਆਖ਼ਰੀ ਲੀਰ ਲੈ ਕੇ ਅਪਣੇ ਦਮਾਲੇ ਉਤੇ ਸਜਾ ਲਈ। ਇਤਿਹਾਸ ਅਨੁਸਾਰ ਇਥੋਂ ਹੀ ਨਿਹੰਗ ਸਿੰਘਾਂ ਦੀ ਸੰਪ੍ਰਦਾਇ ਦਾ ਅਰੰਭ ਹੋਇਆ।

ਜਦੋਂ ਗੁਰੂ ਜੀ ਢਿਲਵਾਂ ਹੀ ਸਨ ਤਾਂ ਇਕ ਸੂਹੀਏ ਨੇ ਖ਼ਬਰ ਦਿਤੀ ਕਿ ਸੂਬਾ ਸਰਹਿੰਦ ਸੱਤ-ਅੱਠ ਹਜ਼ਾਰ ਫ਼ੌਜ ਲੈ ਕੇ ਉੱਧਰ ਵਲ ਆ ਰਿਹਾ ਹੈ।  ਸਰਦਾਰ ਕਪੂਰਾ (ਬਰਾੜ ਜੱਟ) ਉਸ ਵੇਲੇ ਉਥੇ ਹੀ ਸੀ। ਗੁਰੂ ਜੀ ਦੇ ਪੁੱਛਣ ਤੇ ਉਸ ਨੇ ਖਿਦਰਾਣੇ ਦੀ ਢਾਬ ਨੂੰ ਜੰਗ ਲਈ ਸੱਭ ਤੋਂ ਸੁਰੱਖਿਅਤ ਥਾਂ ਦਾ ਟਿਕਾਣਾ ਦਸਿਆ। ਸਿਰਫ਼ ਉੱਥੇ ਹੀ ਪਾਣੀ ਸੀ। ਉਸ ਤੋਂ ਬਿਨਾਂ ਕੋਹਾਂ ਤਕ ਕਿਤੇ ਕੋਈ ਪਾਣੀ ਨਹੀਂ ਸੀ। ਚੌਧਰੀ ਕਪੂਰੇ ਨੇ ਇਕ ਆਦਮੀ ਗੁਰੂ ਜੀ ਨਾਲ ਭੇਜਿਆ ਤੇ ਸਾਰਾ ਵਹੀਰ ਉੱਧਰ ਨੂੰ ਚੱਲ ਪਿਆ।

ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਨੂੰ ਜਾਂਦੇ ਸਮੇਂ ਪਿੰਡ ਰਾਮੇਆਣੇ ਦੇ ਨੇੜੇ ਪਹੁੰਚੇ ਤਾਂ ਮਾਝੇ ਦੇ ਉਹ ਸਾਰੇ ਸਿੰਘ ਜਿਨ੍ਹਾਂ ਦੁਨੀ ਚੰਦ ਮਸੰਦ ਪਿੱਛੇ ਲੱਗ ਅਨੰਦਪੁਰ ਸਾਹਿਬ ਗੁਰੂ ਜੀ ਦਾ ਸਾਥ ਛੱਡ ਦਿਤਾ ਸੀ, ਉਹ ਗੁਰੂ ਜੀ ਨੂੰ ਫਿਰ ਮਿਲ ਪਏ ਪਰ ਪ੍ਰਿੰਸੀਪਲ ਸਤਬੀਰ ਸਿੰਘ ਅਨੁਸਾਰ ਇਥੇ ਉਨ੍ਹਾਂ ਨੇ ਫਿਰ ਬੇ-ਦਾਵਾ ਲਿਖ ਕੇ ਦਿਤਾ। ਕੁੱਝ ਸਿੰਘ ਵਾਪਸ ਚਲੇ ਗਏ ਅਤੇ ਬਹੁਤ ਸਾਰੇ ਭਾਈ ਰਾਏ ਸਿੰਘ ਜੋ ਭਾਈ ਮਨੀ ਸਿੰਘ ਦੇ ਭਰਾ ਤੇ ਭਾਈ ਮਹਾਂ ਸਿੰਘ ਜੀ ਦੇ ਪਿਤਾ ਸਨ, ਦੀ ਵੰਗਾਰ ਤੋਂ ਗੁਰੂ ਜੀ ਲਈ ਲੜਨ ਵਾਸਤੇ ਤਿਆਰ ਹੋ ਗਏ।

ਉਧਰ ਗੁਰੂ ਜੀ ਕਿਉਂਕਿ ਯੁਧ ਨੀਤੀ ਦੇ ਬਹੁਤ ਮਾਹਰ ਸਨ, ਉਨ੍ਹਾਂ ਇਕ ਉੱਚੀ ਟਿੱਬੀ ਤੇ ਪਾਣੀ ਉਤੇ ਕਬਜ਼ਾ ਕਰ ਕੇ ਅਪਣਾ ਮੋਰਚਾ ਪੱਕਾ ਕਰ ਲਿਆ। ਸਿੰਘ ਗੁਰੂ ਜੀ ਨਾਲ ਥੋੜੇ ਸਨ ਇਸ ਲਈ ਉਨ੍ਹਾਂ ਨੇ ਝਾੜਾਂ ਉਤੇ ਕਛਹਿਰੇ ਤੇ ਕੰਬਲ, ਚਾਦਰਾਂ ਤਾਣ ਇਕ ਵੱਡੀ ਛਾਉਣੀ ਦਾ ਰੂਪ ਦੇ ਦਿਤਾ। ਗੁਰੂ ਜੀ ਉੱਚੇ ਥਾਂ ਤੋਂ ਸੱਭ ਕੁੱਝ ਵੇਖ ਰਹੇ ਸਨ। ਦੁਸ਼ਮਣ ਫ਼ੌਜਾਂ ਦਾ ਪਹਿਲਾ ਟਾਕਰਾ ਭਾਈ ਰਾਏ ਸਿੰਘ ਦੇ ਚਾਲੀ ਸਿੰਘਾਂ ਨਾਲ ਹੀ ਹੋਇਆ, ਜੋ ਬਹੁਤ ਹੀ ਘਮਸਾਨ ਦਾ ਯੁਧ ਵੀਰਤਾ ਨਾਲ ਲੜ ਰਹੇ ਸਨ।  ਉਧਰੋਂ ਗੁਰੂ ਜੀ ਨੇ ਵੀ ਤੀਰਾਂ ਦੀ ਵਰਖਾ ਨਾਲ ਇਨ੍ਹਾਂ ਸੂਰਬੀਰਾਂ ਦੀ ਮਦਦ ਕੀਤੀ।

 

ਸਿੰਘ ਝਾੜੀਆਂ ਵਿਚੋਂ ਨਿਕਲ-ਨਿਕਲ ਵੈਰੀ ਦਲਾਂ ਦੇ ਅਨੇਕਾਂ ਸੈਨਿਕਾਂ ਨੂੰ ਮਾਰ ਰਹੇ ਸਨ। ਪਰ ਦੁਸ਼ਮਣ ਦੀ ਫ਼ੌਜ ਦੀ ਗਿਣਤੀ ਵੱਧ ਹੋਣ ਕਾਰਨ ਇਹ ਸਾਰੇ ਚਾਲੀ ਸਿੰਘ ਸ਼ਹੀਦ ਹੋ ਗਏ ਪਰ ਦੁਸ਼ਮਣ ਫ਼ੌਜਾਂ ਦਾ ਪਾਣੀ ਦੀ ਤ੍ਰੇਹ ਨੇ ਬੁਰਾ ਹਾਲ ਕਰ ਦਿਤਾ। ਪਿਆਸ ਦੇ ਮਾਰੇ ਉਹ ਪਿੱਛੇ ਨੂੰ ਭੱਜਣ ਲੱਗੇ ਜਦੋਂ ਭੱਜਦੀਆਂ ਫ਼ੌਜਾਂ ਨੇ ਕਪੂਰੇ ਚੌਧਰੀ ਤੋਂ ਪਾਣੀ ਬਾਰੇ ਪੁਛਿਆ ਤਾਂ ਉਸ ਨੇ ਕਿਹਾ ਕਿ ਪਾਣੀ ਤਾਂ ਬਹੁਤ ਪਿੱਛੇ ਹੈ। ਫ਼ੌਜਾਂ ਨੂੰ ਤੁਰਤ ਪਿਛੇ ਮੁੜਨਾ ਚਾਹੀਦਾ ਹੈ। ਉੱਧਰ ਲੜਾਈ ਵਿਚ ਭਾਈ ਰਾਏ ਸਿੰਘ ਦੇ ਜੱਥੇ ਵਾਲੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਪਰ ਉਸ ਜੰਗ ਵਿਚ ਉਨ੍ਹਾਂ ਨੇ ਢਾਈ ਸੌ ਤੁਰਕ ਤੇ ਤਿੰਨ ਸੌ ਦੁਸ਼ਮਣ ਦੇ ਘੋੜੇ ਮਾਰ ਦਿਤੇ ਸਨ। ਮੁਗ਼ਲ ਫ਼ੌਜਾਂ ਪਾਣੀ ਦੀ ਢਾਬ ਤਕ ਨਾ ਪਹੁੰਚ ਸਕੀਆਂ, ਸਗੋਂ ਅਪਣੀ ਫਤਿਹ ਸਮਝ ਪਾਣੀ ਦੀ ਭਾਲ ਵਿਚ ਪਿੱਛੇ ਨੂੰ ਮੁੜ ਭੱਜ ਗਈਆਂ ਅਤੇ ਕੋਟਕਪੂਰੇ ਜਾ ਕੇ ਸਾਹ ਲਿਆ। 

ਮੁਗ਼ਲ ਫ਼ੌਜਾਂ ਦੇ ਜਾਣ ਤੋਂ ਉਪਰੰਤ ਮੈਦਾਨ ਗੁਰੂ ਜੀ ਦੇ ਹੱਥ ਆ ਗਿਆ ਤੇ ਉਹ ਉੱਚੀ ਟਿੱਬੀ ਤੋਂ ਉਤਰ ਕੇ ਜੰਗ-ਏ-ਮੈਦਾਨ ਵਿਚ ਸ਼ਹੀਦ ਹੋਏ ਸਿੰਘਾਂ ਦੀਆਂ ਲਾਸ਼ਾਂ ਪਾਸ ਆ ਗਏ ਅਤੇ ਅਪਣੇ ਹੱਥਾਂ ਨਾਲ ਲਾਸ਼ਾਂ ਚੁੱਕਦੇ, ਅਪਣੇ ਰੁਮਾਲ ਨਾਲ ਮੁੱਖ ਸਾਫ਼ ਕਰਦੇ ਅਤੇ ਗੋਦ ਵਿਚ ਸਿਰ ਰੱਖ ਉਨ੍ਹਾਂ ਨੂੰ ਪੰਜ ਹਜ਼ਾਰੀ, ਦਸ ਹਜ਼ਾਰੀ ਆਦਿ ਬਖ਼ਸ਼ਿਸ਼ਾਂ ਪ੍ਰਦਾਨ ਕਰਦੇ। ਜਦੋਂ ਉਹ 39 ਸਿੰਘਾਂ ਤੋਂ ਬਾਅਦ ਬਖ਼ਸ਼ਿਸ਼ਾਂ ਵੰਡਦੇ ਭਾਈ ਰਾਏ ਸਿੰਘ ਦੇ ਸਪੁੱਤਰ ਮਹਾਂ ਸਿੰਘ ਕੋਲ ਪਹੁੰਚੇ ਤਾਂ ਗੁਰੂ ਜੀ ਨੇ ਵੇਖਿਆ ਕਿ ਅਜੇ ਉਸ ਦੇ ਸਵਾਸ ਚੱਲ ਰਹੇ ਸਨ।

ਗੁਰੂ ਜੀ ਨੇ ਬਹੁਤ ਪਿਆਰ ਨਾਲ ਕਿਹਾ, ‘ਮਹਾਂ ਸਿੰਘ ਅਸੀ ਤੇਰੇ ਤੋਂ ਬਹੁਤ ਖ਼ੁਸ਼ ਹਾਂ, ਜੋ ਮੰਗਣਾ ਏ ਮੰਗ ਲਉ’ ਤਾਂ ਭਾਈ ਮਹਾਂ ਸਿੰਘ ਨੇ ਉਹ ਬੇਦਾਵਾ ਪਾੜ ਕੇ ‘ਟੁੱਟੀ ਗੰਢਣ’ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਅਪਣੀ ਜੇਬ ਵਿਚ ਸੰਭਾਲ ਕੇ ਰੱਖੀ। ਉਹ ਚਿੱਠੀ ਕੱਢ ਕੇ ਉਸ ਦੀਆਂ ਅੱਖਾਂ ਸਾਹਮਣੇ ਪਾੜ ਕੇ ਕਿਹਾ, ‘‘ਧੰਨ ਏ ਮੇਰਾ ਖ਼ਾਲਸਾ, ਧੰਨ ਖ਼ਾਲਸਾ ਤੇ ਟੁੱਟੀ ਮੇਲੀ ਖ਼ਾਲਸੇ ਨੇ।’’  ਇਸ ਤੋਂ ਬਾਅਦ ਉਸੇ ਸਮੇਂ ਭਾਈ ਮਹਾਂ ਸਿੰਘ ਜੀ ਸਵਰਗਵਾਸ ਹੋ ਗਏ।

ਭਾਈ ਮਹਾਂ ਸਿੰਘ ਤੋਂ ਅੱਗੇ ਹੋ ਕੇ ਗੁਰੂ ਜੀ ਮਾਈ ਭਾਗੋ ਜੀ ਨੂੰ ਮਿਲੇ ਜੋ ਬੁਰੀ ਤਰ੍ਹਾਂ ਨਾਲ ਫੱਟੜ ਹੋ ਚੁੱਕੇ ਸਨ।  ਮਾਈ ਭਾਗੋ ਲੰਗਾਹ ਦੇ ਖ਼ਾਨਦਾਨ ਵਿਚੋਂ ਝਬਾਲ ਪਿੰਡ ਦੇ ਰਹਿਣ ਵਾਲੇ ਸਨ। ਜਦੋਂ ਮਾਝੇ ਦੇ ਸਿੰਘ ਗੁਰੂ ਜੀ ਪਾਸ ਚੱਲੇ ਸਨ ਤਾਂ ਇਹ ਵੀ ਮਰਦਾਨਾ ਬਸਤਰ ਪਹਿਨ ਉਨ੍ਹਾਂ ਨਾਲ ਗਏ ਸਨ। ਸਤਿਗੁਰੂ ਜੀ ਨੇ ਉਨ੍ਹਾਂ ਦੀ ਮਲ੍ਹਮ-ਪੱਟੀ ਕਰ ਕੇ ਰਾਜ਼ੀ ਕੀਤਾ ਤੇ ਅੰਮ੍ਰਿਤ ਛਕਾ ਕੇ ਨਾਮ ਵੀ ਮਾਈ ਭਾਗ ਕੌਰ ਰੱਖ ਦਿਤਾ। ਜੋ ਬਾਅਦ ਵਿਚ ਗੁਰੂ ਜੀ ਨਾਲ ਹਜ਼ੂਰ ਸਾਹਿਬ ਚਲੇ ਗਏ।

ਸਿੰਘਾਂ ਨੂੰ ਮੁਕਤੀ ਦਾਨ ਦੇ ਕੇ ਗੁਰੂ ਜੀ ਨੇ ਉਨ੍ਹਾਂ ਦੇ ਮ੍ਰਿਤਕ ਸ੍ਰੀਰਾਂ ਨੂੰ ਇੱਕਠੇ ਕਰ ਕੇ ਅੰਗੀਠੇ ਵਿਚ ਰੱਖ ਅਪਣੇ ਹੱਥੀ ਸੰਸਕਾਰ ਕੀਤਾ ਤੇ ਐਲਾਨ ਕੀਤਾ ਜਿਸ ਢਾਬ ਦੇ ਕਿਨਾਰੇ ਸਿੰਘਾਂ ਦਾ ਲਹੂ-ਡੁਲਿ੍ਹਆ ਹੈ ਤੇ ਉਨ੍ਹਾਂ ਨੇ ਮੁਕਤੀ ਪ੍ਰਾਪਤ ਕੀਤੀ ਹੈ, ਉਸ ਸਥਾਨ ਦਾ ਨਾਂ ਮੁਕਤਸਰ ਹੋਵੇਗਾ। ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਖਿਦਰਾਣੇ ਦੀ ਢਾਬ ਦੀ ਸੇਵਾ ਕਰ ਕੇ ਸਰੋਵਰ ਬਣਾਇਆ ਤੇ ਯਾਦਗਾਰੀ ਗੁਰਦਵਾਰਾ ਸਾਹਿਬ ਬਣਾਏ ਜਿਨ੍ਹਾਂ ਵਿਚ ਤੰਬੂ ਸਾਹਿਬ, ਸ਼ਹੀਦ ਗੰਜ, ਦਰਬਾਰ ਸਾਹਿਬ ਤੇ ਟਿੱਬੀ ਸਾਹਿਬ ਪ੍ਰਸਿੱਧ ਅਸਥਾਨ ਹਨ। ਪਹਿਲੇ ਤਿੰਨ ਸਥਾਨ ਮੁਕਤਸਰ ਸਾਹਿਬ ਦੇ ਸਰੋਵਰ ਪਾਸ ਹੀ ਹਨ ਪਰ ਟਿੱਬੀ ਸਾਹਿਬ ਕੋਈ ਅੱਧ ਮੀਲ ਦੀ ਦੂਰੀ ਤੇ ਸੁਸ਼ੋਭਿਤ ਹੈ। ਇਹ ਮਹਾਨ ਯੁਧ 26 ਵੈਸਾਖ ਸੰਮਤ 1762 ਨੂੰ ਹੋਇਆ ਸੀ ਪਰ ਗਰਮੀਆਂ ਵਿਚ ਪਾਣੀ ਦੀ ਥੁੜ ਨੂੰ ਵੇਖਦੇ ਹੋਏ ਇਥੇ ਮਾਘ ਦੀ ਪਹਿਲੀ ਤਰੀਖ ਨੂੰ ਭਾਰੀ ਜੋੜ-ਮੇਲਾ ਲਗਦਾ ਹੈ।

ਮੁਕਤਸਰ ਦੇ ਸ਼ਹੀਦਾਂ ਦਾ ਸਸਕਾਰ ਕਰਵਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਵੀ ਵਹੀਰ ਸਮੇਤ ‘ਨਾਂਗੇ ਦੀ ਸਰਾਏ’ ਚਲੇ ਗਏ ਜੋ ਖਿਦਰਾਣੇ ਦੀ ਢਾਬ ਤੋਂ ਸੱਤ ਕੋਹ ਤੇ ਸੀ। ਉੱਥੋਂ ਨੌਥੋਹੇ ਤੋਂ ਲੰਘ ਵਜ਼ੀਦਪੁਰ ਹੁੰਦੇ ਹੋਏ ਰੁਪੇਆਣੇ ਪਿੰਡ ਆ ਗਏ।  ਇਹ ਪਿੰਡ ਮੁਕਤਸਰ ਤੋਂ ਚਾਰ ਮੀਲ ਦੱਖਣ ਵਲ ਨੂੰ ਹੈ। ਫਿਰ ਬੇਹੜੀ, ਭੂੰਦੜ, ਹਰੀਪੁਰ, ਕਾਲ ਝਰਾਣੀ, ਬੰਬੀਹਾ, ਛੱਤੇਆਣਾਂ ਪਿੰਡ ਆ ਗਏ। ਹਰ ਥਾਂ ਤੇ ਅੰਮ੍ਰਿਤ ਛਕਾ ਕੇ ਬਹੁਤ ਗਿਣਤੀ ਵਿਚ ਸਿੰਘ ਸਜਾਏ ।

ਛੱਤੇਆਣੇ ਇਕ ਮੁਸਲਮਾਨ ਪੀਰ ਸਈਅਦ ਰਹਿੰਦਾ ਸੀ, ਜੋ ਲੋਕਾਂ ਨੂੰ ਵਹਿਮਾਂ ਭਰਮਾਂ ਨਾਲ ਜਕੜੀ ਰਖਦਾ ਸੀ।  ਉਹ ਵੀ ਗੁਰੂ ਜੀ ਦਾ ਸਿੱਖ ਬਣਿਆ।  ਛੱਤੇਆਣੇ ਤੋਂ ਗੁਰੂ ਜੀ ਪਿੰਡ ਬਾਜਕ, ਜੱਸੀ ਤੇ ਪੱਕੇ ਪਿੰਡ ਤੋਂ ਹੁੰਦੇ ਹੋਏ ਚੌਧਰੀ ਡੱਲੇ ਪਾਸ ਪਿੰਡ ਤਲਵੰਡੀ-ਸਾਬੋ ਦੀ ਪਹੁੰਚ ਗਏ। ਇਥੇ ਗੁਰੂ ਜੀ ਨੇ ਕਾਫ਼ੀ ਸਮਾਂ ਠਹਿਰਾਅ ਕੀਤਾ ਸੀ। ਮੁਕਤਸਰ ਸਾਹਿਬ ਦੀ ਜੰਗ ਸਿੱਖ ਇਤਹਾਸ ਵਿਚ ਇਕ ਬੜੀ ਵਚਿੱਤਰ ਤੇ ਅਨੋਖੀ ਜੰਗ ਮੰਨੀ ਜਾਂਦੀ ਹੈ।

ਬਹਾਦਰ ਸਿੰਘ ਗੋਸਲ
ਸੰਪਰਕ : 98764-52223