ਗੁਜਰਾਤ ਦੇ ਨਿਜੀ ਸਕੂਲ ’ਚ ਬੱਚਿਆਂ ਨੂੰ ਟੋਪੀਆਂ ਪਵਾ ਕੇ ਕੀਤਾ ਬਜਰ ਗੁਨਾਹ : ਭਾਈ ਮਾਝੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਕੂਲ ਦੀ ਮਾਨਤਾ ਰੱਦ ਕਰਾਉਣ ਲਈ ਸ਼੍ਰੋਮਣੀ ਕਮੇਟੀ ਤੇ ਤਖ਼ਤ ਦੇ ਜਥੇਦਾਰ ਚੁੱਪ ਕਿਉਂ?

Bhai Harjinder Singh Ji Majhi

ਕੋਟਕਪੂਰਾ  (ਗੁਰਿੰਦਰ ਸਿੰਘ) : ਅਹਿਮਦਾਬਾਦ ਦੇ ਇਕ ਸਕੂਲ, ਜੋ ਆਸਾ ਰਾਮ ਦਾ ਦਸਿਆ ਜਾ ਰਿਹਾ ਹੈ, ਵਿਖੇ ਖੇਡੇ ਗਏ ਨਾਟਕ ਦੌਰਾਨ ਛੋਟੇ ਸਾਹਿਬਜ਼ਾਦਿਆਂ ਦਾ ਕਿਰਦਾਰ ਸਕੂਲੀ ਬੱਚਿਆਂ ਵਲੋਂ ਟੋਪੀਆਂ ਪਾ ਕੇ ਨਿਭਾਉਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਉੱਘੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ-ਏ-ਖ਼ਾਲਸਾ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਵਲੋਂ ਇਕ ਨਾਟਕ ਖੇਡਿਆ ਗਿਆ ਜਿਸ ’ਚ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਦਾ ਕਿਰਦਾਰ ਸਕੂਲੀ ਬੱਚਿਆਂ ਵਲੋਂ ਕਰਵਾ ਕੇ ਬੱਜਰ ਗੁਨਾਹ ਕੀਤਾ ਗਿਆ, ਜੋ ਮਾਫ਼ੀਯੋਗ ਨਹੀਂ ਹੈ। 

ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੇ ਕਿਰਦਾਰ ਨਿਭਾਉਣ ਵਾਲੇ ਬੱਚਿਆਂ ਦੇ ਦਸਤਾਰਾਂ ਦੀ ਥਾਂ ਟੋਪੀਆਂ ਪਵਾਈਆਂ ਹੋਈਆਂ ਸਨ। ਇਹ ਸਕੂਲ ਵੀ ਉਸ ਸਾਧ ਆਸਾ ਰਾਮ ਦਾ ਹੈ, ਜੋ ਅਪਣੀਆਂ ਘਟੀਆ ਕਰਤੂਤਾਂ ਕਰ ਕੇ ਜੇਲ ’ਚ ਸਜ਼ਾ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਸਾਹਿਬਾਜ਼ਾਦਿਆਂ ’ਤੇ ਜੋ ਐਨੀਮੇਸ਼ਨ ਫ਼ਿਲਮ ਬਣੀ, ਉਸ ’ਤੇ ਵੀ ਸਾਨੂੰ ਇਤਰਾਜ਼ ਸੀ ਕਿ ਇਸ ਨਾਲ ਸਿਧਾਂਤਕ ਤੌਰ ’ਤੇ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਅਜਿਹੀਆਂ ਫ਼ਿਲਮਾਂ ਦੇ ਵਕਤੀ ਫ਼ਾਇਦੇ ਤਾਂ ਹੁੰਦੇ ਹਨ ਪਰ ਸਿਧਾਂਤਕ ਤੌਰ ’ਤੇ ਨੁਕਸਾਨ ਹੁੰਦਾ ਹੈ ਤੇ ਹੁਣ ਇਹ ਗੱਲ ਹੋਰ ਅੱਗੇ ਵੱਧ ਗਈ ਕਿ ਅਜਿਹੇ ਨਾਟਕ ਖੇਡੇ ਜਾਣ ਲੱਗ ਪਏ ਤੇ ਕਲ ਨੂੰ ਕੋਈ ਗੁਰੂ ਗੋਬਿੰਦ ਸਿੰਘ ਬਣਨ ਦਾ ਯਤਨ ਕਰੇਗਾ ਤੇ ਕੋਈ ਗੁਰੂ ਨਾਨਕ ਸਾਹਿਬ ਦਾ ਰੋਲ ਵੀ ਕਰੂਗਾ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤਖ਼ਤਾਂ ਦੇ ਜਥੇਦਾਰ ਜੋ ਗੱਲ-ਗੱਲ ’ਤੇ ਸਾਡੇ ਵਰਗਿਆਂ ’ਤੇ ਐਕਸ਼ਨ ਕਰਨ ਲਈ ਕੋਈ ਨਾ ਕੋਈ ਬਹਾਨਾ ਭਾਲਦੇ ਹੁੰਦੇ ਹਨ ਤੇ ਹੁਣ ਚੁੱਪ ਕਿਉਂ ਬੈਠੇ ਹਨ? ਕਿਉਂਕਿ ਉਸ ਸਕੂਲ ਦੀ ਮਾਨਤਾ ਰੱਦ ਕਰਵਾਉਣ ਲਈ ਇਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਸਾਹਿਬਾਜ਼ਾਦਿਆਂ ਦਾ ਸ਼ਹੀਦੀ ਦਿਨ ‘ਵੀਰ ਬਾਲ ਦਿਵਸ’ ਵਜੋਂ ਮਨਾਵਾਂਗੇ ਤੇ ਸਾਡੇ ਬਹੁਤ ਸਾਰੇ ਸਿੱਖਾਂ ਨੇ ਬਿਨਾਂ ਸੋਚੇ ਸਮਝੇ ਇਸ ਦਾ ਸਵਾਗਤ ਕੀਤਾ ਹੈ

ਜਦਕਿ ਸਾਨੂੰ ਸਿੱਖ ਸਭਿਆਚਾਰ ਤੇ ਸਿੱਖ ਇਤਿਹਾਸ ਮੁਤਾਬਕ ਦੇਖਣਾ ਚਾਹੀਦਾ ਹੈ ਕਿ ਇਹ ਸਹੀ ਹੈ ਜਾਂ ਗ਼ਲਤ? ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਅਦੁੱਤੀ ਮਹਾਨ ਸ਼ਹਾਦਤ ਨੂੰ ਦੇਸ਼ ਭਗਤੀ ਦੇ ਫਰੇਮ ’ਚ ਫਿੱਟ ਕਰਨ ਦੀ ਇਹ ਬਹੁਤ ਘਟੀਆ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਿੱਖ ਕੌਮ ਨੂੰ ਪੂਰਾ ਠੋਕ ਕੇ ਤੇ ਇਕ ਆਵਾਜ਼ ਹੋ ਕੇ ਕਹਿਣਾ ਚਾਹੀਦਾ ਹੈ ਕਿ ਸਾਡਾ ਗੁਰੂ ਦੇਸ਼ ਭਗਤ ਨਹੀਂ ਬਲਕਿ ਅਸੀਂ ਦੇਸ਼ ਦੇ ਹੁਕਮਰਾਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਦੇਸ਼ ਨੂੰ ਮੰਨੂ ਦੀ ਚੁੰਗਲ ’ਚੋਂ ਕੱਢ ਕੇ ਗੁਰੂ ਦੇ ਚਰਨਾ ’ਚ ਰੱਖ ਦੇਵੋ, ਦੇਸ਼ ਦਾ ਭਲਾ ਹੋ ਸਕਦਾ।